ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਅੱਖਰ ਮੰਚ ਕਪੂਰਥਲਾ ਵੱਲੋਂ ਕਾਲਜ ਦੇ ਸਹਿਯੋਗ ਨਾਲ ਪੰਜਾਬੀ ਦੇ ਉੱਘੇ ਲੇਖਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਅਨੁਵਾਦਿਤ ਪੁਸਤਕ 'The Emotions' ਦਾ ਰਿਲੀਜ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅੱਖਰ ਮੰਚ ਦੇ ਸਰਪ੍ਰਸਤ ਅਤੇ ਉੱਘੇ ਪੰਜਾਬੀ ਸ਼ਾਇਰ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ ਨੇ ਕਿਤਾਬ ਦੇ ਮੁੱਖ ਵਿਸ਼ਿਆਂ, ਇਸ ਦੀ ਮਹੱਤਤਾ ਅਤੇ ਇਸ ਦੇ ਲਿਖੇ ਜਾਣ ਦੇ ਉਦੇਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਮੈਡਮ ਰਣਜੀਤ ਕੌਰ ਦੁਆਰਾ ਅਨੁਵਾਦਿਤ ਕੀਤੀ ਤੇ ਚੇਤਨਾ ਪ੍ਰਕਾਸ਼ਨ, ਲੁਧਿਆਣਾ ਵੱਲੋਂ ਛਾਪੀ ਗਈ ਹੈ , ਜਿਸ ਵਿੱਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੇ “ਜ਼ਿੰਦਗੀ ਨੂੰ ਹਾਂ-ਪੱਖੀ ਹੁੰਗਾਰਾ” ਦੇਣ ਵਾਲੇ 32 ਲੇਖ ਸ਼ਾਮਲ ਹਨ। ਅੱਖਰ ਮੰਚ ਦੇ ਪ੍ਰਧਾਨ ਸ. ਸਰਵਣ ਸਿੰਘ ਔਜਲਾ ਨੇ ਇਸ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਦੱਸਿਆ ਕਿ ਇਹ ਕਿਤਾਬ ਪਾਠਕਾਂ ਲਈ ਗਿਆਨ-ਵਰਧਕ ਅਤੇ ਪ੍ਰੇਰਣਾਦਾਇਕ ਹੈ। ਇਹ ਕਿਤਾਬ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੀ ਹੈ। ਅੱਜ ਢਹਿੰਦੀਆਂ ਕਲਾ ਵਿੱਚ ਜਾ ਰਹੇ ਇਨਸਾਨ ਨੂੰ ਸਦਾ ਚੜ੍ਹਦੀ ਕਲਾ, ਅੱਗੇ ਵਧਣ ਦੀ ਪ੍ਰੇਰਨਾ ਅਤੇ ਹਾਂ-ਪੱਖੀ ਸੋਚ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਤਾਬ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਡਾ. ਭੰਡਾਲ ਸਾਹਿਬ ਦੀ ਇਹ ਕਿਤਾਬ ਨੌਜ਼ਵਾਨ ਪੀੜ੍ਹੀ ਨੂੰ ਜੀਵਨ ਪ੍ਰਤੀ ਸਕਾਰਾਤਮਕ ਰੁਖ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਇਹ ਕਿਤਾਬ ਮਨੁੱਖੀ ਮਨ, ਆਤਮ-ਵਿਸ਼ਵਾਸ ਅਤੇ ਜੀਵਨ ਵਿੱਚ ਹੌਸਲਾ ਬਰਕਰਾਰ ਰੱਖਣ ’ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਵਡਮੁੱਲੇ ਲੇਖ ਲਿਖ ਕੇ ਸਮਾਜ ਨੂੰ ਨਵੀਂ ਸੇਧ ਦਿੱਤੀ ਹੈ । ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਮਹਿਮਾਨਾਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਇਸਨੂੰ ਸਮੇਂ ਦੀ ਲੋੜ ਅਨੁਸਾਰ ਲਾਭਦਾਇਕ ਰਚਨਾ ਕਰਾਰ ਦਿਤਾ।
ਇਸ ਮੌਕੇ ਹਾਜ਼ਰ ਮਹਿਮਾਨਾਂ ਪ੍ਰੋ. ਹਰਜੀਤ ਸਿੰਘ ਅਸ਼ਕ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਭਜਨ ਸਿੰਘ ਲਾਸਾਨੀ ਅਤੇ ਡਾ. ਸਰਦੂਲ ਸਿੰਘ ਔਜਲਾ ਨੇ ਜਿੱਥੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਉੱਥੇ ਆਪਣੀਆਂ ਨਵੀਆਂ ਕਵਿਤਾਵਾਂ ਵੀ ਸੁਣਾਈਆਂ।
ਅੰਤ ਵਿੱਚ ਸਾਰੇ ਮਹਿਮਾਨਾਂ ਅਤੇ ਕਾਲਜ ਦੇ ਸਮੂਹ ਸਟਾਫ਼ ਦਾ ਧੰਨਵਾਦ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਭਜਨ ਸਿੰਘ ਲਾਸਾਨੀ ਦੁਆਰਾ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਦੁਆਰਾ ਬਾਖ਼ੂਬੀ ਨਿਭਾਈ ਗਈ । ਸਮਾਗਮ ਵਿੱਚ ਨੈਸ਼ਨਲ ਅਵਾਰਡੀ ਸ. ਮੰਗਲ ਸਿੰਘ ਭੰਡਾਲ, ਸ੍ਰੀ ਵਿਨੋਦ ਠਾਕੁਰ, ਬਾਬਾ ਨਿਰਮਲ ਸਿੰਘ ਸਪੇਨ , ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।

No comments:
Post a Comment