Wednesday 31 January 2024

ਯੁਵਕ ਸੇਵਾਵਾਂ ਵਿਭਾਗ, ਕਪੂਰਥਲਾ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਾਏ ਜ਼ਿਲ੍ਹਾ ਪੱਧਰੀ ਯੁਵਕ ਮੇਲੇ ਦੇ ਪਹਿਲੇ ਦਿਨ ਪਹੁੰਚੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਲਾਕਾਰ |

                                    

 ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਵੱਲੋਂ ਵਿੱਦਿਆ ਦੇ ਖੇਤਰ ਦੀ ਨਾਮਵਰ  ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲੇ ਦੇ ਪਹਿਲੇ ਦਿਨ ਜ਼ਿਲ੍ਹੇ ਦੀਆਂ ਸਮੂਹ ਐੱਨ.ਐੱਸ.ਐੱਸ ਇਕਾਈਆਂ, ਰੈੱਡ ਰਿਬਨ ਕਲੱਬ ਅਤੇ ਯੂਥ ਕਲੱਬਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਯੁਵਕ ਮੇਲੇ ਵਿੱਚ ਸ. ਕਰਮਪਾਲ ਸਿੰਘ ਢਿੱਲੋ ਪ੍ਰਧਾਨ ਇੰਡੀਅਨ ਕਲਚਰ ਐਸੋਸੀਏਸ਼ਨ ਮੁੱਖ ਮਹਿਮਾਨ ਵਜੋਂ ਅਤੇ ਡਾ. ਵਰੁਣ ਜੋਸ਼ੀ ਡਿਸਟ੍ਰਿਕਟ ਪਲੇਸਮੈਂਟ ਅਫ਼ਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਯੁਵਕ ਸੇਵਾਵਾਂ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਸ੍ਰੀ ਰਵੀ ਦਾਰਾ ਨੇ ਮੁੱਖ ਮਹਿਮਾਨ ਸ. ਕਰਮਪਾਲ ਸਿੰਘ ਢਿੱਲੋ,ਵਿਸ਼ੇਸ਼ ਮਹਿਮਾਨ ਡਾ. ਵਰੁਣ ਜੋਸ਼ੀ ਡਿਸਟ੍ਰਿਕਟ ਪਲੇਸਮੈਂਟ ਅਫ਼ਸਰ, ਵੱਖ ਵੱਖ ਸਕੂਲਾਂ ਅਤੇ ਕਾਲਜਾਂ ਤੋਂ ਆਏ ਹੋਏ ਅਧਿਆਪਕ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ ਅਤੇ ਵਿਦਿਆਰਥੀ ਕਲਾਕਾਰਾਂ ਨੂੰ ਜੀ ਆਇਆ ਆਖਦਿਆਂ, ਮੇਲੇ ਦੀ ਰੂਪ ਰੇਖਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ 15 ਤੋਂ 35 ਸਾਲ ਉਮਰ ਗਰੁੱਪ ਦੇ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਗੈਰ ਵਿੱਦਿਅਕ ਸੰਸਥਾਵਾਂ ਅਤੇ ਯੁਵਕ ਕਲੱਬਾਂ ਦੇ ਭਾਗੀਦਾਰ ਹਿੱਸਾ ਲੈ ਰਹੇ ਹਨ।ਯੁਵਕ ਮੇਲੇ ਦੇ ਪਹਿਲੇ ਦਿਨ ਦੇ ਪੋ੍ਗਰਾਮਾਂ 'ਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਪੁਰਾਤਨ ਪਹਿਰਾਵਾ, ਲੋਕ ਗੀਤ ਸੋਲੋ, ਗਰੁੱਪ ਫੋਕ-ਸੌਂਗ, ਵਾਰ ਗਾਇਣ, ਕਵੀਸ਼ਰੀ, ਭੰਡ, ਮਮਿਕਰੀ, ਮੋਨੋਐਕਟਿੰਗ, ਲੋਕਸਾਜ਼ ਮੁਕਾਬਲੇ ਸੋਲੋ ਅਤੇ ਰਵਾਇਤੀ ਲੋਕ ਕਲਾ ਮੁਕਾਬਲਾ (ਟ੍ਰਡੀਸ਼ਨਲ ਆਰਟ ਕੰਪੀਟੀਸ਼ਨ) ਨਾਲੇ ਬੁਣਨਾ,ਪੀੜ੍ਹੀ ਬੁਣਨਾ, ਛਿੱਕੂ ਬਣਾਉਣਾ,ਪੱਖੀਂ ਬੁਣਨਾ,ਪੋਸਟਰ ਬਣਾਉਣਾ, ਕੋਲਾਜ ਬਣਾਉਣਾ, ਕਲੇਅ ਮਾਡਲਿੰਗ, ਕਾਰਟੂਨਿੰਗ, ਰੰਗੋਲੀ, ਬੇਕਾਰ ਵਸਤੂਆਂ ਦਾ ਸਦਉਪਯੋਗ

ਵਿੱਚ ਹਿੱਸਾ ਲਿਆ। ਯੁਵਕ ਮੇਲੇ ਦੇ ਪਹਿਲੇ ਦਿਨ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ,ਲੋਕ ਗਾਇਕ ਮੰਨਾ ਮੰਡ, ਲੋਕ ਗਾਇਕ ਗੁਰਜੀਤ ਸਿੰਘ ਅਤੇ ਕਮੇਡੀਅਨ ਮੁਕੇਸ਼ ਸ਼ਰਮਾ ਨੇ ਜਜਮੈਂਟ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਦੀ ਫ਼ਰਮਾਇਸ਼ ਤੇ ਆਪਣੀ ਕਲਾ ਦੇ ਜੌਹਰ ਵੀ ਦਿਖਾਏ। ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ  ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਦਾ  ਅਜਿਹੇ ਯੁਵਕ ਮੇਲਿਆਂ ਰਾਹੀਂ  ਰਵਾਇਤੀ ਲੋਕ ਕਲਾਵਾਂ ਨੂੰ ਪ੍ਰਫੁਲਤ ਕਰਨਾ ਇੱਕ ਸ਼ਲਾਘਾਯੋਗ ਉੱਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀ ਲੋਕ ਕਲਾਵਾਂ ਨਾਲ ਜੁੜੇ ਰਹਿੰਦੇ ਹਨ, ਉੱਥੇ ਨਵੀਂ ਪੀੜ੍ਹੀ ਨੂੰ ਪੁਰਾਤਨ ਲੋਕ ਕਲਾਵਾਂ ਬਾਰੇ ਗਿਆਨ ਵੀ ਮਿਲਦਾ ਹੈ। ਅੰਤ ਵਿੱਚ ਨੋਡਲ ਅਫ਼ਸਰ ਅਸਿਸਟੈਂਟ ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲੋਕ ਗਾਇਕ ਸੁਖਦੇਵ ਸਿੰਘ, ਵੱਖ ਵੱਖ ਸਕੂਲਾਂ/ਕਾਲਜਾਂ ਦੇ ਅਧਿਆਪਕ ਸਾਹਿਬਾਨ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

Thursday 18 January 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਨੂੰ ਸਮਰਪਿਤ ਕਰਵਾਏ ਆਨਲਾਈਨ ਅੰਤਰ-ਸਕੂਲ ਪ੍ਰਸ਼ਨੋਤਰੀ ਮੁਕਾਬਲੇ।


 ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਆਨਲਾਈਨ  ਅੰਤਰ-ਸਕੂਲ  ਪ੍ਰਸ਼ਨੋਤਰੀ ਮੁਕਾਬਲੇ ਕਰਾਏ ਗਏ, ਜਿਸ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਿਤ 100 ਸਕੂਲਾਂ ਦੇ 250 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਹਿੰਦੂ ਪੁੱਤਰੀ ਪਾਠਸ਼ਾਲਾ ਹਾਈ ਸਕੂਲ ਕੈਮਪੁਰਾ ਦੀ ਵਿਦਿਆਰਥਣ ਰਾਧਿਕਾ ਨੇ ਪਹਿਲਾ ਸਥਾਨ, ਸੰਤ ਹੀਰਾ ਦਾਸ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੀਆਂ  ਵਿਦਿਆਰਥਣਾਂ ਰਮਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਦੀ ਵਿਦਿਆਰਥਣ ਗੁਰਲੀਨ ਅਤੇ ਕਿਰਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸ਼ਮੇਸ਼ ਪਿਤਾ ਨੇ ਸੰਸਾਰ ਵਿੱਚ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਇਨਕਲਾਬ ਸਿਰਜਿਆ।ਉਨ੍ਹਾਂ ਆਪਣੇ ਕਥਨ, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਅਮਲੀ ਰੂਪ ਦਿੱਤਾ।  ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਬਰਾਬਰੀ ਦੇ ਨਾਲ ਨਾਲ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਅਤੇ ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਚ.ਪੀ.ਪੀ. ਹਾਈ ਸਕੂਲ ਕੈਮਪੁਰਾ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ, ਮੈਡਮ ਦਲਜੀਤ ਕੌਰ ਅਤੇ ਕਾਲਜ ਦਾ ਸਮੂਹ ਸਟਾਫ਼  ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

Friday 12 January 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਧੂਮਧਾਮ ਨਾਲ ਮਨਾਇਆ ਲੋਹੜੀ ਅਤੇ ਮਾਘੀ ਦਾ ਤਿਉਹਾਰ

 


ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਗਗਨਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ਲੋਕਗੀਤ , ਬੋਲੀਆਂ ਅਤੇ ਗਿੱਧਾ ਪਾ ਕੇ ਤਿਉਹਾਰ ਦੀ ਰੌਣਕ ਵਧਾ ਦਿੱਤੀ। ਮੁੱਖ ਮਹਿਮਾਨ ਮੈਡਮ ਗਗਨਦੀਪ ਕੌਰ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ,  ਇਸ ਤਿਉਹਾਰ ਨੂੰ ਭਾਈਚਾਰੇ ਤੇ ਏਕਤਾ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ  ਰਲ-ਮਿਲ ਕੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਵੀ ਵਿਦਿਆਰਥੀਆਂ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਦਾ ਮਹੱਤਵ ਦੱਸਦਿਆਂ, ਇਸ ਤਿਉਹਾਰ ਨੂੰ ਮਨਾਉਣ ਦੇ ਕਾਰਨਾਂ ਬਾਰੇ  ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਵੀ ਹਰ ਖੇਤਰ ਵਿੱਚ ਨਾਮਨਾ ਖੱਟ ਰਹੀਆਂ ਹਨ ਅਤੇ ਵਰਤਮਾਨ ਸਮੇਂ ਲੋਕਾਂ ਦੀ ਸੋਚ ਵਿੱਚ ਜਾਗਰੂਕਤਾ ਕਾਰਨ ਲੜਕਿਆਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਵੱਡੇ ਪੱਧਰ ਤੇ ਮਨਾਈ ਜਾਣ ਲੱਗੀ ਹੈ, ਜੋ ਸਾਡੇ ਸਮਾਜ ਲਈ ਚੰਗੀ ਗੱਲ ਹੈ। ਉਨ੍ਹਾਂ ਲੋਹੜੀ ਦੀ ਧੂਣੀ ਵਿੱਚ ਮੂੰਗਫਲੀ, ਰੇੜੀਆਂ ਤੇ ਤਿਲ ਪਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Thursday 11 January 2024

ਨਹਿਰੂ ਯੁਵਾ ਕੇਂਦਰ ਨੇ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਯੁਵਾ ਦਿਵਸ ਨੂੰ ਸਮਰਮਿਤ ਕਰਾਇਆ ਪ੍ਰਭਾਵਸ਼ਾਲੀ ਪ੍ਰੋਗਰਾਮ

 

ਵਿਦਿਆ ਤੇ ਖੇਤਰ ਦੀ ਨਾਮਵਰ  ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਵੱਲੋਂ ਰਾਸ਼ਟਰ ਯੁਵਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਡਾ. ਮਨਪ੍ਰੀਤ ਕੌਰ ਹੌਰਟੀਕਲਚਰ ਡਿਵੈਲਪਮੈਂਟ ਅਫ਼ਸਰ ਕਪੂਰਥਲਾ ਮੁੱਖ ਮਹਿਮਾਨ ਵਜੋਂ, ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਡਾ. ਰਾਜਨ ਸ਼ਰਮਾ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਵਿਸ਼ੇਸ਼ ਮਹਿਮਾਨ ਅਤੇ ਅਸਿਸਟੈਂਟ ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਆਖਦਿਆਂ, ਪ੍ਰੋਗਰਾਮ ਦੀ ਰੂਪਰੇਖਾ, ਵਿਭਾਗ ਦੀਆਂ ਗਤੀਵਿਧੀਆਂ ਅਤੇ ਰਾਸ਼ਟਰੀ ਯੁਵਾ ਦਿਵਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤਿੰਨ ਵਿਦਿਆਰਥਣਾ ਆਂਚਲਪ੍ਰੀਤ ਕੌਰ, ਅਮਨ ਗਾਂਧੀ ਅਤੇ ਸੁਕਰਿਤੀ ਚੋਪੜਾ ਨੇ ਮੇਰਾ ਭਾਰਤ, ਵਿਕਸਿਤ ਭਾਰਤ ਅਤੇ   ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਭਾਸ਼ਣ ਵੀ ਦਿੱਤਾ। ਮੁੱਖ ਮਹਿਮਾਨ  ਡਾ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਹਰ ਸਾਲ 12 ਜਨਵਰੀ ਨੂੰ ਮਨਾਇਆ ਜਾਂਦਾ ਹੈ।ਸਵਾਮੀ ਵਿਵੇਕਾਨੰਦ ਜੋ ਅੱਜ ਵੀ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਅਤੇ ਭਾਰਤੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਚੋਂ ਇੱਕ ਹਨ। ਸਵਾਮੀ ਵਿਵੇਕਾਨੰਦ ਦੇ ਭਾਸ਼ਣ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਹਵਾਲੇ ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਅੱਜ ਦਾ ਦਿਨ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਅਤੇ ਫ਼ਲਸਫ਼ੇ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ। ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ  ਨੇ ਬੋਲਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ  ਨੇ ਇਕ ਰਾਸ਼ਟਰ ਦੇ ਨਿਰਮਾਣ ਵਿਚ ਸਿੱਖਿਆ ਦੀ ਮਹੱਤਤਾ ਦਾ ਪ੍ਰਚਾਰ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਲੋਕਾਂ ਨੂੰ ਮਜ਼ਬੂਤ ਬਣਾਉਣ ਦਾ ਮੁੱਢਲਾ ਸਾਧਨ ਹੈ। ਉਹਨਾਂ ਨੇ ਸਿੱਖਿਆ ਨੂੰ ਆਮ ਜਨਤਾ ਲਈ ਢੁੱਕਵੀਂ ਹੋਣ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਦਿਨ ਦਾ ਮੁੱਖ ਉਦੇਸ਼ ਭਾਰਤ ਦੇ ਨੌਜ਼ਵਾਨਾਂ ਨੂੰ ਰਾਸ਼ਟਰ ਨਿਰਮਾਣ ਲਈ ਇਕ ਸੰਯੁਕਤ ਸ਼ਕਤੀ 'ਚ ਬਦਲਣਾ ਹੈ। ਮੁੱਖ ਰਿਸੋਰਸ ਪਰਸਨ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬੋਲਦਿਆਂ ਕਿਹਾ ਕਿ ਸਵਾਮੀ ਵਿਵੇਕਾਨੰਦ ਅਨੁਸਾਰ ਨੌਜ਼ਵਾਨ ਵਰਗ ਆਪਣੀ ਸਮਰੱਥਾ ਨੂੰ ਪਹਿਚਾਣ ਸਕਦੇ ਹਨ। ਆਪਣੇ ਵਿਚਾਰਾਂ ਦੀ ਆਵਾਜ਼ ਉਠਾ ਸਕਦੇ ਹਨ। ਉਹਨਾਂ ਦੇ ਪੇ੍ਰਣਾਦਾਇਕ ਭਾਸ਼ਣਾਂ ਨੇ ਨੌਜ਼ਵਾਨਾਂ ਨੂੰ ਅੰਗਰੇਜ਼ਾਂ ਵਿਰੁੱਧ ਲੜਣ ਅਤੇ ਆਜ਼ਾਦੀ ਦੀ ਲੜਾਈ ਲੜਣ 'ਚ ਮੱਦਦ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਕਾਮਰਸ ਵਿਭਾਗ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਸੈਲ ਵੱਲੋਂ ਕਰੀਅਰ ਕੌਂਸਲਿੰਗ ਲਈ ਇੱਕ ਵਿਸ਼ੇਸ਼ ਲੈਕਚਰ ਆਯੋਜਿਤ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਅਤੇ ਟ੍ਰੇਨਿੰਗ ਤੇ ਪਲੇਸਮੈਂਟ ਸੈਲ ਨੇ ਕਰੀਅਰ ਕੌਂਸਲਿੰਗ ਲਈ ਇੱਕ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ। ਇਸ ਲੈ...