Wednesday, 1 November 2023

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਪੰਜਾਬੀ ਮਾਹ-2023 ਨੂੰ ਸਮਰਪਿਤ ਕਰਵਾਈ ਸਾਹਿਤਕ ਮਿਲਣੀ।

 

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ  ਵਿਦਿਆਰਥੀਆਂ ਨੂੰ ਆਧੁਨਿਕ ਅਤੇ ਉੱਚ ਪੱਧਰ ਦੀ ਸਿੱਖਿਆ ਦੇਣ ਦੇ ਨਾਲ ਨਾਲ ਆਪਣੀ ਮਾਤ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਉਪਰਾਲਾ ਵੀ ਸਮੇਂ ਸਮੇਂ ਕਰਦਾ ਰਹਿੰਦਾ ਹੈ। ਇਸੇ ਮੰਤਵ ਅਧੀਨ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਮਾਹ-2023  ਨੂੰ ਸਮਰਪਿਤ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ। ਜਿਸ ਵਿੱਚ ਪੰਜਾਬੀ ਦੇ ਉੱਘੇ ਆਲੋਚਕ ਅਤੇ ਸਾਹਿਤਕਾਰ ਡਾ. ਹਰਜਿੰਦਰ ਸਿੰਘ ਅਟਵਾਲ ਦਾ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਵਾਇਆ। ਡਾ. ਹਰਜਿੰਦਰ ਸਿੰਘ ਅਟਵਾਲ ਨੇ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ, ਵਰਤਮਾਨ ਸਥਿਤੀ, ਭਵਿੱਖ ਅਤੇ ਵਿਸ਼ੇਸ਼ ਕਰਕੇ ਮਾਤ ਭਾਸ਼ਾ ਦੇ ਮਹੱਤਵ ਬਾਰੇ ਵਿਦਿਆਰਥੀਆਂ ਨੂੰ ਗਿਆਨ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਸਾਹਿਤਕ ਅਤੇ ਸੱਭਿਆਚਾਰਕ ਸਿਰਜਣਾਵਾਂ ਨਾਲ ਸਾਂਝ ਹੋਣੀ ਬੇਹੱਦ ਜ਼ਰੂਰੀ ਹੈ। ਇਹ ਸਾਂਝ ਬਣਾਉਣ ਦਾ ਸੁਹਿਰਦ ਢੰਗ ਅਤੇ ਮੂਲ ਸਰੋਤ ਭਾਸ਼ਾ ਹੀ ਬਣਦੀ ਹੈ। ਭਾਸ਼ਾ ਦਾ ਮੂਲ ਆਧਾਰ ਮਾਂ ਬੋਲੀ ਹੁੰਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਆਪਣੇ ਬੱਚੇ ਨੂੰ ਲੋਰੀਆਂ ਆਪਣੀ ਮਾਤ ਭਾਸ਼ਾ ਵਿੱਚ ਹੀ ਦਿੰਦੀ ਹੈ। ਜਿੱਥੋਂ ਬੱਚਾ ਸੁਚੇਤ ਜਾਂ ਅਚੇਤ ਪੱਧਰ ਉੱਤੇ ਆਪਣੀ ਮਾਤ ਭਾਸ਼ਾ ਪ੍ਰਤੀ ਚੇਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਉਂ-ਜਿਉਂ ਬੱਚਾ ਵਿਕਾਸ ਕਰਦਾ ਹੈ, ਤਿਉਂ-ਤਿਉਂ ਉਸ ਨੂੰ ਆਪਣੀ ਬੋਲੀ, ਸੱਭਿਆਚਾਰ ਅਤੇ ਭਾਸ਼ਾ ਪ੍ਰਤੀ ਡੂੰਘੇਰਾ ਗਿਆਨ ਹੋਣਾ ਆਰੰਭ ਹੋ ਜਾਂਦਾ ਹੈ। ਇਸ ਲਈ ਅਸੀ ਸਮਝਦੇ ਹਾਂ ਕਿ ਮਾਤ ਭਾਸ਼ਾ ਦੀ ਮੁਹਾਰਤ ਵਾਲਾ ਵਿਅਕਤੀ ਹੀ ਹੋਰ ਸੰਸਾਰਕ ਭਾਸ਼ਾਵਾਂ ਦਾ ਗਿਆਨ ਪੂਰੀ ਸਮਰੱਥਾ ਨਾਲ ਹਾਸਲ ਕਰ ਸਕਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ, ਭਾਸ਼ਾ, ਸੱਭਿਆਚਾਰ ਅਤੇ ਕਲਾ ਦੇ ਖੇਤਰ ਦੀ ਸਿੱਖਿਆ ਗ੍ਰਹਿਣ ਕਰਨ ਵਾਲੇ ਵਿਦਿਆਰਥੀ ਜਿੱਥੇ ਅਧਿਆਪਨ, ਮੀਡੀਆ, ਖੋਜ ਆਦਿ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ, ਉੱਥੇ ਸਾਹਿਤ ਰਾਹੀਂ ਗ੍ਰਹਿਣ ਕੀਤੀਆਂ ਜੀਵਨ ਦੀਆਂ ਉਚੇਰੀਆਂ ਅਤੇ ਸੁਹਜਾਤਮਕ ਕਦਰਾਂ-ਕੀਮਤਾਂ ਉਹਨਾਂ ਨੂੰ ਇਕ ਸੁਹਿਰਦ ਅਤੇ ਸੰਵੇਦਨਸ਼ੀਲ ਮਨੁੱਖ ਅਤੇ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ, ਵਿਦਿਆਰਥੀਆਂ ਵਿੱਚ ਅਜਿਹੀਆਂ ਉਚੇਰੀਆਂ ਕਾਬਲੀਅਤਾਂ ਅਤੇ ਕਦਰਾਂ ਪੈਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ, ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਤ ਵਿਭਿੰਨ ਮਸਲਿਆਂ ਤੇ ਵਿਚਾਰ ਚਰਚਾ ਕਰਨ ਅਤੇ ਉਸ ਵਿਚਾਰ ਚਰਚਾ ਤੋਂ ਨਿਕਲਦੇ ਸਾਰਥਕ ਸਿੱਟਿਆਂ ਅਤੇ ਅੰਤਰ ਦ੍ਰਿਸ਼ਟੀਆਂ ਦਾ ਪਸਾਰ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦਾ ਹੈ। ਇਸੇ ਲੜੀ ਤਹਿਤ ਪੰਜਾਬੀ  ਵਿਭਾਗ ਨੇ ਇਹ ਪ੍ਰੋਗਰਾਮ ਕਰਨ ਦਾ ਉਪਰਾਲਾ ਕੀਤਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਸਵਾਲ ਜਵਾਬ ਵੀ ਕੀਤੇ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਦੁਆਰਾ ਉਨਾਂ ਦੇ ਤਸੱਲੀ ਬਖ਼ਸ਼ ਜਵਾਬ ਦਿੱਤੇ । ਇਸ ਮੌਕੇ ਵਿਦਿਆਰਥਣ ਰੀਤਿਕਾ ਅਤੇ ਨੀਤਿਕਾ ਨੇ ਪੰਜਾਬ ਦਿਵਸ ਨੂੰ ਸਮਰਪਿਤ ਕਵਿਤਾਵਾਂ ਵੀ ਪੜੀਆਂ।  ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿਲੋ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਅਮਨਦੀਪ ਕੌਰ ਚੀਮਾ ਅਤੇ ਪ੍ਰੋ. ਗਗਨਦੀਪ ਕੌਰ ਸਾਹੀ  ਵੱਲੋਂ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਕਾਮਰੇਡ ਮਲੂਕ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ  ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀ  ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਅਤੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਮੀਟਿੰਗ ਸਫਲਤਾ ਪੂਰਵਕ ਸੰਪੰਨ

  ਡੀ ਈ ੳ ਸੈਕੰਡਰੀ ਦਲਜਿੰਦਰ ਕੌਰ  ਨੇ ਸਕੂਲਾਂ ‘ਚ ਕਿਸ਼ੌਰਾਂ ਦੇ ਮਨੋਭਾਵ ਨੂੰ ਸਮਝਣ ਲਈ ਪ੍ਰੇਰਿਆ| ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ...