Monday 25 September 2023

ਸ਼ਬਦਾਂ ਦਾ ਮਹੱਤਵ -- Blog shared by Ms. Gagandeep Kaur(Asst. Prof. in Punjabi)

ਸ਼ਬਦਾਂ ਦੀ ਵਰਤੋਂ ਹਮੇਸ਼ਾ ਤੋਲ ਕੇ ਅਤੇ ਬੋਲ ਕੇ ਕੀਤੀ ਜਾਂਦੀ ਹੈ। ਮਿੱਠੇ ਸ਼ਬਦ ਅੰਮ੍ਰਿਤ ਨਾਲੋਂ ਘੱਟ ਨਹੀਂ ਹੁੰਦੇ ਜਦਕਿ ਤਿੱਖੇ ਸ਼ਬਦ ਤਲਵਾਰ ਸਮਾਨ ਹੁੰਦੇ ਹਨ। ਜੇਕਰ ਸ਼ਬਦਾਂ ਦੀ ਵਰਤੋਂ ਵਧੀਆ ਢੰਗ ਨਾਲ ਕੀਤੀ ਜਾਵੇ ਤਾਂ ਇਹ ਸ਼ਬਦ ਕੋਰੇ ਕਾਗਜ ਉੱਪਰ ਇੱਕ ਨਵੀਂ ਤਸਵੀਰ ਪੈਦਾ ਕਰ ਦਿੰਦੇ ਹਨ। ਸ਼ਬਦ ਹੀ ਅਜਿਹਾ ਕੀਮਤੀ ਖਜਾਨਾ ਹਨ ਜੋ ਕਿ ਅਜਨਬੀ ਵਿਅਕਤੀ ਨੂੰ ਵੀ ਕਰੀਬੀ ਮਿੱਤਰ ਬਣਾ ਦਿੰਦੇ ਹਨ। ਸ਼ਬਦ, ਗੁੱਸੇ ਦੇ ਪਲਾਂ ਨੂੰ ਪਿਆਰ ਵਿੱਚ ਬਦਲ ਸਕਦੇ ਹਨ ਅਤੇ ਹੌਸਲੇ ਨੂੰ ਵੀ ਬੁਲੰਦ ਕਰ ਸਕਦੇ ਹਨ। ਸ਼ਬਦ, ਸ਼ਖਸੀਅਤ ਨੂੰ ਨਿੱਖਾਰ ਵੀ ਸਕਦੇ ਹਨ ਅਤੇ ਨਿੱਖਰੀ ਹੋਈ ਸ਼ਖਸੀਅਤ ਨੂੰ ਵਿਗਾੜ ਵੀ ਸਕਦੇ ਹਨ। ਸ਼ਬਦ ਖਿੜੇ ਹੋਏ ਫੁੱਲ ਸਮਾਨ ਹੁੰਦੇ ਹਨ ਤੇ ਇਹਨਾਂ ਨੂੰ ਹਾਰ ਵਿੱਚ ਪਰੋਣਾਂ ਵਿਅਕਤੀ ਦੀ ਆਪਣੀ ਪਹਿਚਾਣ ਹੁੰਦੀ ਹੈ। ਸ਼ਬਦ ਉਹ ਪੂੰਜੀ ਹਨ, ਜਿਸਨੂੰ ਕੋਈ ਵੀ ਸਾਡੇ ਕੋਲੋ ਖੋਹ ਨਹੀਂ ਸਕਦਾ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀ ਸ਼ਬਦਾਂ ਨੂੰ ਮਿਠਾਸ ਤੇ ਨਿਮਰਤਾ ਨਾਲ ਵਰਤੀਏ ਤਾਂ ਜੋ ਦੂਜਿਆਂ ਦੇ ਮਨਾਂ ਅੰਦਰ ਸਾਡੇ ਲਈ ਸਤਿਕਾਰ ਦੀ ਭਾਵਨਾ ਆਪਣੇ ਆਪ ਆ ਜਾਵੇ।

Saturday 23 September 2023

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਦਾ ਆਯੋਜਨ ਅਤੇ 30 ਰੈੱਡ ਰਿਬਨ ਕਲੱਬਾਂ ਨੂੰ ਸਾਲਾਨਾ ਗ੍ਰਾਂਟ ਜਾਰੀ।

 


ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਰਵੀ ਦਾਰਾ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਦੇ  ਨੋਡਲ ਅਫਸਰਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਕਰਾਈ। ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ 30 ਰੈੱਡ ਰਿਬਨ ਕਲੱਬਾਂ ਨੂੰ ਸਾਲ 2023-24 ਦੀ ਸਾਲਾਨਾ ਗ੍ਰਾਂਟ  ਜਾਰੀ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ.  ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਅਤੇ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ, ਬੇਗੋਵਾਲ ਤੋਂ ਡਾ. ਅਮਰੀਕ ਸਿੰਘ ਤੇ ਸਰਕਾਰੀ ਕਾਲਜ ਭੁਲੱਥ ਤੋਂ  ਪ੍ਰੋ. ਸੁਖਵਿੰਦਰ ਸਾਗਰ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਇਸ ਮੌਕੇ  ਸ੍ਰੀ ਰਵੀ ਦਾਰਾ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਕਪੂਰਥਲਾ ਨੇ ਮੁੱਖ ਮਹਿਮਾਨ, ਮੁੱਖ ਰਿਸੋਰਸ ਪਰਸਨ ਅਤੇ ਸਾਰੇ ਕਾਲਜਾਂ ਦੇ ਨੋਡਲ ਅਫਸਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਾਲਜਾਂ ਵਿੱਚ ਕੰਮ ਕਰ ਰਹੀਆਂ ਰੈੱਡ ਰਿਬਨ ਕਲੱਬਾਂ ਵੱਲੋਂ ਨਸ਼ਿਆਂ, ਐੱਚ ਆਈ ਵੀ/ਏਡਜ਼, ਟੀਬੀ ਤੋਂ ਬਚਾਅ ਅਤੇ ਖੂਨਦਾਨ ਸਬੰਧੀ ਨੌਜ਼ਵਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਖ਼ੂਨਦਾਨ ਕਰਨ ਲਈ ਪੇ੍ਰਿਤ ਕੀਤਾ ਜਾਵੇਗਾ ਅਤੇ ਮੀਟਿੰਗ ਵਿੱਚ ਸਾਲ 2023-24 ਦੌਰਾਨ ਰੈੱਡ ਰਿਬਨ ਕਲੱਬਾਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਸਮੀਖਿਆ ਕੀਤੀ ਗਈ। ਉਨਾਂ  ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਪੰਜਾਬ ਵਿੱਚ ਨਸ਼ਿਆਂ ਦੀ ਵਧ ਰਹੀ ਹੋੜ ਨੂੰ ਰੋਕਿਆ ਜਾ ਸਕੇ। ਮੁੱਖ ਮਹਿਮਾਨ  ਪ੍ਰਿੰ.  ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ  ਸੰਬੋਧਨ ਕਰਦੇ ਕਿਹਾ ਕਿ ਏਡਜ਼ ਦੀ ਰੋਕਥਾਮ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਅਤਿ ਜਰੂਰੀ ਹੈ, ਜਿਸ ਵਿਚ ਯੁਵਾ ਵਰਗ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ  ਵਿਦਿਆਰਥੀਆਂ ਨੂੰ ਜੀਵਨ ਵਿੱਚ ਕਦਰਾਂ-ਕੀਮਤਾਂ ਨੂੰ ਮਹੱਤਵ ਦੇਣ ਸੰੰਬੰਧੀ ਵਿਚਾਰ ਵੀ ਪੇਸ਼ ਕੀਤੇ।ਇਸ ਦੌਰਾਨ  ਡਾ. ਅਮਰੀਕ ਸਿੰਘ  ਵੱਲੋਂ ਵੀ ਐੱਚ ਆਈ ਵੀ ਏਡਜ਼ ਦੇ ਕਾਰਨਾਂ ਅਤੇ ਉਪਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ  ਤੇ ਰੈੱਡ ਰਿਬਨ ਕਲੱਬਾਂ ਦੇ ਵਲੰਟੀਅਰਾਂ ਨਾਲ ਏਡਜ ਬਾਰੇ ਵਿਚਾਰ ਵਟਾਂਦਰਾ ਕੀਤਾ । ਪੋ੍. ਸੁਖਵਿੰਦਰ ਸਾਗਰ ਵੱਲੋਂ ਨਸ਼ਿਆਂ ਦੀ ਵੱਧ ਰਹੀ ਹੋੜ ਨੂੰ ਰੋਕਣ ਲਈ ਆਪਣੇ ਮਹੱਤਵਪੂਰਨ ਵਿਚਾਰ ਦਿੱਤੇ ਗਏ। ਅੰਤ ਵਿੱਚ ਪ੍ਰੋ ਮਨਜਿੰਦਰ ਸਿੰਘ ਜੌਹਲ   ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ    ਵਿਦਿਆਰਥੀਆਂ ਨੂੰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚਲਾਈ ਜਾ ਰਹੀ ਹੈਲਪ ਲਾਈਨ ਨੰਬਰਾਂ ਦੇ ਸਬੰਧ 'ਚ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਗਈ । ਇਸ ਮੌਕੇ ਪ੍ਰੋ. ਮਨੀਸ਼ਾ  ਅਤੇ ਪੋ੍. ਇੰਦਰਪ੍ਰੀਤ ਸਿੰਘ ਵੀ ਹਾਜ਼ਰ ਸਨ।

Tuesday 19 September 2023

ਯੁਵਕ ਸੇਵਾਵਾਂ ਵਿਭਾਗ, ਕਪੂਰਥਲਾ ਨੇ ਰੈੱਡ ਰਿਬਨ ਕਲੱਬਾਂ ਦੇ ਕਲੱਸਟਰ ਪੱਧਰ ਦੇ ਰੀਲ ਮੇਕਿੰਗ ਮੁਕਾਬਲੇ ਕਰਵਾਏ|




 ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ  ਸਹਾਇਕ ਡਾਇਰੈਕਟਰ ਮਿ. ਰਵੀ ਦਾਰਾ  ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ  40 ਕਾਲਜਾਂ/ਯੂਨੀਵਰਸਿਟੀਆਂ  ਦੇ ਰੈੱਡ ਰਿਬਨ ਕਲੱਬਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਕਲੱਸਟਰ ਪੱਧਰ (ਕਪੂਰਥਲਾ, ਰੋਪੜ, ਨਵਾਂ ਸ਼ਹਿਰ ਅਤੇ ਮੁਹਾਲੀ ) ਦੇ ਰੀਲ ਮੇਕਿੰਗ ਮੁਕਾਬਲੇ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ  ਵਿਖੇ ਕਰਵਾਏ ਗਏ।ਇਸ ਮੌਕੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ  ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਨੌਜਵਾਨਾਂ ਨੂੰ ਸਮਾਜਿਕ ਅਲਾਮਤਾਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ, ਏਡਜ਼, ਸਵੈਇੱਛਕ ਖੂਨਦਾਨ ਅਤੇ ਟੀ.ਬੀ. ਸਬੰਧੀ ਪਾੜਿਆਂ ਨੂੰ ਮੁੱਢਲੀ ਜਾਣਕਾਰੀ ਦੇਣ ਦੇ ਮਕਸਦ ਹਿੱਤ ਰੈੱਡ ਰਿਬਨ ਕਲੱਬ ਕੰਮ ਕਰਦੇ ਹਨ। ਇਸੇ ਸਿਲਸਿਲੇ ਤਹਿਤ ਹੀ ਅੱਜ ਇਹ ਮੁਕਾਬਲੇ ਕਰਵਾਏ ਗਏ। ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ  ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਵੇਂ ਹੀ ਆਪਣੀ ਕਲਾ ਅਤੇ ਨਿਸ਼ਠਾ ਨਾਲ਼, ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ  ਕਰਾਏ ਰੀਲ ਮੇਕਿੰਗ  ਮੁਕਾਬਲਿਆਂ ਵਿੱਚ ਪਹਿਲਾ ਸਥਾਨ ਐਮ.ਬੀ.ਬੀ.ਜੀ.ਜੀ.ਜੀ. ਗਰਲਜ਼ ਕਾਲਜ ਰੱਤੇਵਾਲ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਅਤੇ ਤੀਜਾ  ਸਥਾਨ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ  ਨੇ ਹਾਸਲ ਕੀਤਾ। ਇਨ੍ਹਾਂ ਨੂੰ ਕ੍ਰਮਵਾਰ 3000, 2000 ਅਤੇ 1000 ਰੁਪਏ ਦੇ ਕੇ ਸਨਮਾਨਤ ਵੀ ਕੀਤਾ।  ਇਸ ਮੌਕੇ ਜੱਜਮੈਂਟ   ਦੀ ਭੂਮਿਕਾ ਮਿ. ਹਨੀ ਜੱਖੂ, ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਮੁਸਕਾਨ ਅਗਰਵਾਲ ਨੇ ਬਾਖੂਬੀ ਨਿਭਾਈ ਅਤੇ ਅੰਤ ਵਿੱਚ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਸ੍ਰੀ ਰਵੀ ਦਾਰਾ ਨੇ ਇਨ੍ਹਾਂ ਨੂੰ  ਸਨਮਾਨਤ  ਕੀਤਾ ।  ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ  ਸਹਾਇਕ ਡਾਇਰੈਕਟਰ ਮਿ. ਰਵੀ ਦਾਰਾ ਨੂੰ ਕਾਲਜ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਮੁਕਾਬਲੇ ਦੌਰਾਨ ਲਗਭਗ 100 ਵਿਦਿਆਰਥੀਆਂ ਨੇ ਦਰਸ਼ਕਾਂ ਵਜੋਂ ਹਾਜ਼ਰੀ  ਭਰੀ। ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋ. ਮਨਜਿੰਦਰ ਸਿੰਘ ਜੌਹਲ ਵਲੋਂ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ

Monday 18 September 2023

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ ਕਰਾਇਆ ਗੈਸਟ ਲੈਕਚਰ।



                             

ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ  ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ  ਗੈਸਟ ਲੈਕਚਰ  ਕਰਾਇਆ । ਜਿਸ  ਵਿਚ ਐਡਵੋਕੇਟ  ਸ੍ਰੀ ਅਨੁਜ ਆਨੰਦ ਮੁੱਖ ਰਿਸੋਰਸ ਪਰਸਨ  ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਮੁੱਖ ਰਿਸੋਰਸ ਪਰਸਨ ਐਡਵੋਕੇਟ  ਸ੍ਰੀ ਅਨੁਜ ਆਨੰਦ  ਦੁਆਰਾ  ਲੋਕਤੰਤਰ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਲੋਕਤੰਤਰ ਨੂੰ ਵਿਸ਼ਵ ਵਿੱਚ ਸਰਕਾਰ ਦੇ ਸਭ ਤੋਂ ਵਧੀਆ ਰੂਪ ਵਜੋਂ ਜਾਣਿਆ ਜਾਂਦਾ ਹੈ। ਇਹ ਦੇਸ਼ ਦੇ ਹਰੇਕ ਨਾਗਰਿਕ ਨੂੰ ਜਾਤ, ਰੰਗ, ਨਸਲ, ਧਰਮ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ, ਵੋਟ ਪਾਉਣ ਅਤੇ ਆਪਣੀ ਮਰਜ਼ੀ ਨਾਲ ਆਪਣੇ ਨੇਤਾਵਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ। ਲੋਕਤੰਤਰ ਵਿੱਚ ਲੋਕ ਆਪਣੇ ਮੌਲਿਕ ਅਧਿਕਾਰਾਂ ਨੂੰ ਮਾਣ ਸਕਦੇ ਹਨ। ਉਨ੍ਹਾਂ ਕਿਹਾ ਕਿ  ਸਾਡੇ ਦੇਸ਼ ਦਾ ਲੋਕਤੰਤਰ ਪੰਜ ਲੋਕਤੰਤਰੀ ਸਿਧਾਂਤਾਂ 'ਤੇ ਕੰਮ ਕਰਦਾ ਹੈ, ਜਿਸ ਵਿੱਚ ਪ੍ਰਭੂਸੱਤਾ, ਸਮਾਜਵਾਦ, ਧਰਮ ਨਿਰਪੱਖਤਾ, ਲੋਕਤੰਤਰੀ ਗਣਰਾਜ ਸ਼ਾਮਲ ਹਨ ।ਭਾਰਤ ਵਿੱਚ ਲੋਕਤੰਤਰ ਦਾ ਮਤਲਬ ਸਿਰਫ਼ ਵੋਟ ਦਾ ਅਧਿਕਾਰ ਹੀ ਨਹੀਂ ਸਗੋਂ ਸਮਾਜਿਕ ਅਤੇ ਆਰਥਿਕ ਬਰਾਬਰੀ ਨੂੰ ਯਕੀਨੀ ਬਣਾਉਣਾ ਵੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ  ਲੋਕਤੰਤਰੀ ਰਾਸ਼ਟਰ ਇੱਕ ਅਜਿਹਾ ਰਾਸ਼ਟਰ ਹੁੰਦਾ ਹੈ ਜਿੱਥੇ ਨਾਗਰਿਕ ਆਪਣੀ ਚੋਣ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਸਰਕਾਰ ਦੀ ਚੋਣ ਕਰਦੇ ਹਨ। ਲੋਕਤੰਤਰ ਨੂੰ ਕਈ ਵਾਰ "ਬਹੁਗਿਣਤੀ ਦਾ ਰਾਜ" ਵੀ ਕਿਹਾ ਜਾਂਦਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰਾਂ ਹਨ, ਪਰ ਆਪਣੀਆਂ ਵਿਸ਼ੇਸ਼ਤਾਵਾਂ ਦੇ ਕਾਰਨ, ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪਹਿਲਾ ਸਥਾਨ ਨੇਹਾ ਨੇ, ਦੂਜਾ ਸਥਾਨ ਨਿਕਿਤਾ ਅਟਵਾਲ ਅਤੇ ਜਾਨਵੀ ਨੇ  ਤੇ ਤੀਜਾ ਸਥਾਨ ਪ੍ਰੀਆ ਨੇ ਪ੍ਰਾਪਤ ਕੀਤਾ। ਅੰਤ ਵਿੱਚ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ  ਸ੍ਰੀ ਅਨੁਜ ਆਨੰਦ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ  ਵੀ ਕੀਤਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ.  ਮਨੀਸ਼ਾ ਵੀ ਹਾਜ਼ਰ ਸਨ।





Sunday 17 September 2023

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਰੀਲ ਮੇਕਿੰਗ ਮੁਕਾਬਲੇ।


          ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਐੱਚ.ਆਈ.ਵੀ./ਏਡਜ਼ ਰੋਕਥਾਮ ਵਿਸ਼ੇ 'ਤੇ  ਰੀਲ ਮੇਕਿੰਗ ਮੁਕਾਬਲੇ ਕਰਵਾਏ। ਜਿਸ ਵਿੱਚ 30 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਬੀ.ਸੀ.ਏ. ਤੀਜਾ ਸਮੈਸਟਰ ਦੀ ਵਿਦਿਆਰਥਣ ਹਰਸਿਮਰ ਕੌਰ, ਦੂਜਾ ਸਥਾਨ ਬੀ.ਸੀ.ਏ. ਪਹਿਲਾ ਸਮੈਸਟਰ ਦੀ ਅਮਨਦੀਪ ਕੌਰ ਅਤੇ ਇਸੇ ਕਲਾਸ ਦੀ ਮਨਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਅਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਦੀ ਵਿਹਾਰਕ ਪ੍ਰਤਿਭਾ ਵਿੱਚ ਜਿੱਥੇ ਹੋਰ ਨਿਖ਼ਾਰ ਆਉਂਦਾ ਹੈ, ਉੱਥੇ ਵਿਦਿਆਰਥੀਆਂ ਦੀ  ਸਮਾਜਿਕ ਮੁੱਦਿਆਂ ਪ੍ਰਤੀ ਰਚਨਾਤਮਕਤਾ, ਜਾਗਰੂਕਤਾ ਅਤੇ ਵਚਨਬੱਧਤਾ ਦਾ ਵੀ ਪਤਾ ਚੱਲਦਾ ਹੈ। ਪ੍ਰਿੰਸੀਪਲ ਡਾ. ਢਿੱਲੋਂ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ  ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਪੂਰੀ ਮਿਹਨਤ ਨਾਲ਼ ਭਾਗੀਦਾਰੀ ਕਰਕੇ, ਏਡਜ਼ ਵਰਗੀ ਲਾਇਲਾਜ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ। ਯੁਵਕ ਭਲਾਈ ਵਿਭਾਗ ਦੇ ਡੀਨ, ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਵਿਸ਼ਾ 'ਐੱਚ ਆਈ ਵੀ/ਏਡਜ਼ ਰੋਕਥਾਮ ਅਤੇ ਨਿਯੰਤਰਣ ਐਕਟ 2017 ਤੇ ਐੱਚ ਆਈ ਵੀ ਟੈਸਟਿੰਗ ਨੂੰ ਉਤਸ਼ਾਹਿਤ ਕਰਨਾ' ਸੀ। ਉਨ੍ਹਾਂ  ਕਿਹਾ ਕਿ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਰੀਲ ਨੂੰ ਬਹੁਤ ਘੱਟ ਸਮੇਂ ਅੰਦਰ ਪੂਰੀ ਮਿਹਨਤ ਕਰਕੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਅੰਤ ਵਿੱਚ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਮੁਸਕਾਨ ਅਗਰਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ।




ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵੱਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਸੰਚਾਲਨ ਰਾਜਨੀਤੀ ਵਿਗਿਆ...