Friday, 28 February 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ "ਰਾਸ਼ਟਰੀ ਸਾਇੰਸ ਦਿਵਸ" ਨੂੰ ਸਮਰਪਿਤ ਕਰਵਾਏ ਕੁਇਜ਼ ਮੁਕਾਬਲੇ |

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਸਾਇੰਸ ਵਿਭਾਗ  ਵੱਲੋਂ  ਰਾਸ਼ਟਰੀ ਸਾਇੰਸ ਦਿਵਸ  ਮੌਕੇ ਕੁਇਜ਼ ਮੁਕਾਬਲੇ ਕਰਵਾਏ ਗਏ  । ਜਿਸ ਵਿੱਚ  6 ਟੀਮਾਂ ਨੇ ਭਾਗ ਲਿਆ । ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ,  ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਿਵਸ ਭਾਰਤੀ ਵਿਗਿਆਨੀ  ਸਰ ਸੀ. ਵੀ. ਰਮਨ  ਦੀ ਉਪਲਬਧੀ ਨੂੰ ਯਾਦ ਕਰਦੇ ਹੋਏ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 1930 ਵਿੱਚ ਭੌਤਿਕ ਵਿਗਿਆਨ 'ਚ ਨੋਬਲ ਇਨਾਮ  ਜਿੱਤਿਆ ਸੀ। ਇਹ ਦਿਵਸ ਨਾ ਸਿਰਫ਼ ਉਨ੍ਹਾਂ ਦੀ ਉਪਲੱਬਧੀ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਬਲਕਿ ਹੋਰ ਵਿਗਿਆਨੀਆਂ ਦੇ ਯੋਗਦਾਨ ਨੂੰ ਵੀ ਸਲਾਮੀ ਦੇਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਵਿਗਿਆਨ ਦੀ ਮਹੱਤਤਾ ਨੂੰ ਉਜ਼ਾਗਰ ਕਰਦੇ ਹੋਏ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਵਿੱਚ ਨਵੀਂ ਖ਼ੋਜ ਤੇ ਵਿਕਾਸ  ਨੂੰ ਉਤਸ਼ਾਹਤ ਕਰਨ ਲਈ ਸਮੇਂ-ਸਮੇਂ 'ਤੇ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਣ। ਉਪਰੰਤ ਭੌਤਿਕ ਵਿਭਾਗ ਦੇ ਪ੍ਰੋ. ਵਿਸ਼ਾਲ ਸ਼ੁਕਲਾ ਅਤੇ  ਗਣਿਤ ਵਿਭਾਗ ਦੇ ਪ੍ਰੋ. ਇੰਦਰਪ੍ਰੀਤ ਸਿੰਘ  ਵੱਲੋਂ ਵਿਦਿਆਰਥੀਆਂ ਦੀ  ਵਿਗਿਆਨ ਤੇ ਤਕਨੀਕ ਦੀ ਆਮ ਜਾਣਕਾਰੀ  ਵਧਾਉਣ ਲਈ  ਕੁਇਜ਼ ਮੁਕਾਬਲੇ  ਦਾ ਆਯੋਜਨ ਕੀਤਾ ਗਿਆ । ਕੁਇਜ਼ ਮੁਕਾਬਲੇ ਦੌਰਾਨ ਪਹਿਲਾ ਸਥਾਨ ਅਨਵ, ਜਸਕਰਨ, ਸੰਦੀਪ  ਨੇ, 

ਦੂਜਾ ਸਥਾਨ ਹਰਸ਼ਦੀਪ ਸਿੰਘ, ਅਰਸ਼ਦੀਪ ਕੌਰ, ਮੀਨਾਕਸ਼ੀ ਨੇ ਅਤੇ ਤੀਜਾ ਸਥਾਨ ਅਨਮੋਲ, ਭੂਮਿਕਾ ਅਤੇ ਸੰਦੀਪ ਕੌਰ  ਨੇ ਪ੍ਰਾਪਤ ਕੀਤਾ। ਮੁਕਾਬਲੇ ਦੇ ਅੰਤ ਵਿੱਚ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਵੰਡੇ । ਇਹ ਮੁਕਾਬਲਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਰਿਹਾ, ਜਿੱਥੇ ਉਨ੍ਹਾਂ ਨੇ  ਵਧੀਆ ਤਿਆਰੀ, ਉਤਸ਼ਾਹ ਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਸੁਨੈਨਾ  ਅਤੇ ਪ੍ਰੋ. ਜਸਪ੍ਰੀਤ ਕੌਰ ਵੀ ਹਾਜ਼ਰ ਸਨ ।

Thursday, 27 February 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕਰਵਾਇਆ ਇੰਟਰ ਕਾਲਜ ਆਈ ਟੀ ਫੈਸਟ TechTitans-2025

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕੰਪਿਊਟਰ ਸਾਇੰਸ  ਵਿਭਾਗ ਨੇ ਸਫ਼ਲਤਾ ਪੂਰਵਕ ਇੰਟਰ ਕਾਲਜ ਆਈ ਟੀ ਫੈਸਟ TechTitans-2025 ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਵਿੱਚ ਵੱਖ ਵੱਖ ਕਾਲਜਾਂ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਸਵੇਰ ਦੇ ਸੈਸ਼ਨ ਦੌਰਾਨ ਅਸਿਸਟੈਂਟ ਕਮਿਸ਼ਨਰ, ਕਪੂਰਥਲਾ (ਜਨਰਲ) ਸ਼੍ਰੀ ਕਪਿਲ ਜਿੰਦਲ ਜੀ ਅਤੇ ਸ਼ਾਮ ਦੇ ਸੈਸ਼ਨ ਦੌਰਾਨ ਡਾ.  ਕੁਲਜੀਤ ਕੌਰ ਮੁਖੀ, ਕੰਪਿਊਟਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਤੇ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਣ ਲਈ , ਕਾਲਜ ਵਿੱਚ ਸਮੇਂ-ਸਮੇਂ ’ਤੇ  ਅਜਿਹੇ  ਮੁਕਾਬਲੇ, ਸੈਮੀਨਾਰ, ਵਰਕਸ਼ਾਪ ਆਦਿ  ਪ੍ਰੋਗਰਾਮ ਕਰਵਾਏ ਜਾਂਦੇ  ਹਨ।  ਇਸ ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਦੇ ਸੁਮੇਲ ਪ੍ਰੋਗਰਾਮ ਵਿੱਚ  ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਕੰਟੈਂਟ ਕ੍ਰੀਏਸ਼ਨ, ਨੈਟ ਸੇਵੀ, ਫ਼ੋਟੋਗ੍ਰਾਫ਼ੀ, ਪੇਂਟਿੰਗ, ਆਈ. ਟੀ. ਕੁਇਜ਼, ਸੌਫਟਵੇਅਰ  ਸ਼ੋਕੇਸ, ਬਿਜ਼ਨਸ ਕੁਇਜ਼, ਆਦਿ ਮੁਕਾਬਲੇ ਕਰਵਾਏ। ਮੁੱਖ ਮਹਿਮਾਨ ਸ਼੍ਰੀ ਕਪਿਲ ਜਿੰਦਲ ਨੇ ਬੋਲਦਿਆਂ ਕਿਹਾ ਕਿ  TechTitans-2025 ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਵਾਲਾ ਅਜਿਹਾ ਫੈਸਟ ਹੈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਟੈਕਨੋਲਜੀ ਖੇਤਰ ਵਿੱਚ ਆਪਣੇ ਯੋਗਦਾਨ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਸਿੱਖਿਆ ਦੇ ਨਾਲ ਸਿਰਜਨਾਤਮਕ ਕੁਸ਼ਲਤਾਵਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ ਅਤੇ  ਗਿਆਨ ਦੇ ਵਾਧੇ ਲਈ ਅਜਿਹੇ ਮੁਕਾਬਲਿਆ ਦੀ ਮਹੱਤਤਾ 'ਤੇ ਵੀ  ਜ਼ੋਰ ਦਿੱਤਾ।। ਸ਼ਾਮ ਦੇ ਸੈਸ਼ਨ ਦੇ ਮੁੱਖ ਮਹਿਮਾਨ ਡਾ. ਕੁਲਜੀਤ ਕੌਰ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ  ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ ’ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ’ਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ  TechTitans-2025 ਨੂੰ ਬਹੁਤ ਹੀ ਸਫ਼ਲਤਾ ਪੂਰਵਕ ਕਰਵਾਉਣ ’ਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ.  ਦਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੌਰਾਨ ਲਾਇਲਪੁਰ ਖ਼ਾਲਸਾ ਕਾਲਜ,  ਜਲੰਧਰ ਨੇ ਓਵਰਆਲ ਟਰਾਫ਼ੀ, ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੋਮੈਨ, ਨਕੋਦਰ ਨੇ ਫਸਟ ਰਨਰ ਅੱਪ ਅਤੇ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ, ਕਪੂਰਥਲਾ ਨੇ ਸੈਕਿੰਡ ਰਨਰ ਅੱਪ ਦੀ ਟਰਾਫੀ ਪ੍ਰਾਪਤ ਕੀਤੀ । ਇਸ ਸਮਾਗਮ ਵਿੱਚ ਡਾ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਜੀਵਨ ਜੋਤੀ, ਪ੍ਰੋ. ਸਿੰਮੀ ਬੱਗਾ, ਪ੍ਰੋ. ਦਲਜੀਤ ਸਿੰਘ, ਪ੍ਰੋ. ਕਰਮਜੀਤ ਸਿੰਘ ਅਤੇ ਪ੍ਰੋ. ਰਾਜਪ੍ਰੀਤ ਕੌਰ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ. ਸੋਨੂ ਗੁਪਤਾ, ਪ੍ਰੋ. ਪ੍ਰੀਤੀ, ਪ੍ਰੋ. ਸਪਨਾ ਸੈਣੀ, ਪ੍ਰੋ. ਦੀਕਸ਼ਾ ਅਤੇ ਜਸਪ੍ਰੀਤ ਕੌਰ,  ਪ੍ਰੋ. ਰੇਨੂ ਬਾਲਾ,  ਪ੍ਰੋ. ਲਵੀ ਮਹਿਤਾ  ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।  ਇਨ੍ਹਾਂ ਮੁਕਾਬਲਿਆ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਡਿੰਪਲ ਭੰਡਾਰੀ ਨੇ ਕੀਤਾ ।

Wednesday, 26 February 2025

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਰਵਾਇਆ ਪ੍ਰਭਾਵਸ਼ਾਲੀ ਸਮਾਗਮ

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਅਤੇ ਭਾਸ਼ਾ ਮੰਚ ਨੇ  ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਾਇਆ, ਜਿਸ ਵਿੱਚ ਉੱਘੇ ਸਮਾਜ ਸੇਵੀ,  ਵਾਤਾਵਰਨ ਪ੍ਰੇਮੀ ਅਤੇ ਪੰਜਾਬੀ ਭਾਸ਼ਾ ਦੇ ਸ਼ੁਭਚਿੰਤਕ, ਐਡੀਸ਼ਨਲ ਸੀਨੀਅਰ ਇੰਜੀਨੀਅਰ ਸ. ਦਰਸ਼ਨ ਸਿੰਘ  (ਰਿਟਾਇਰਡ) PSPCL ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।  ਸਮਾਗਮ ਦੇ ਆਰੰਭ ਵਿੱਚ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਅਹਿਦ ਲਈ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ,  ਸੁੰਦਰ ਲਿਖਾਈ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ 70 ਵਿਦਿਆਰਥੀਆਂ ਨੇ ਹਿੱਸਾ ਲਿਆ।  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ   ਬੋਲਦਿਆ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਇਸਦੀ ਮਹੱਤਤਾ ਨੂੰ ਉਜ਼ਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜ਼ਵਾਨ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਗੂੜੀ ਸਾਂਝ ਬਣਾ ਕਿ ਰੱਖਣ ਦੀ ਲੋੜ ਹੈੇ। ਮੁੱਖ ਮਹਿਮਾਨ ਸ. ਦਰਸ਼ਨ ਸਿੰਘ  ਨੇ ਬੋਲਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੰਦੀਆਂ ਹਨ, ਉਹ ਕਦੇ ਤਰੱਕੀ ਨਹੀਂ ਕਰ ਸਕਦੀਆਂ । ਲੋਕ ਕਹਾਵਤਾਂ 'ਚ ਆਮ ਸੁਣਨ 'ਚ ਆਉਦਾ ਹੈ ਕਿ ਜਿਸ ਨੂੰ ਬਦ ਅਸੀਸ ਦੇਣੀ ਹੋਵੇ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ। ਇਸ ਕਰਕੇ ਸਾਨੂੰ ਮਾਂ ਬੋਲੀ ਨਾਲ ਪਿਆਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਵਿੱਚ ਗੱਲਾਂ ਅਤੇ ਵਿਚਾਰਾਂ ਦੇ ਰਚਨਾਤਮਕ ਪ੍ਰਗਟਾਵੇ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ।  ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੇ ਕੋਆਰਡੀਨੇਟਰ  ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਇਸ ਪੋ੍ਗਰਾਮ ਦੀ ਸਫ਼ਲਤਾ ਲਈ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ  ਕਿਹਾ ਕਿ ਕੋਈ ਵੀ ਭਾਸ਼ਾ ਸਿੱਖਣਾ ਮਾੜੀ ਗੱਲ ਨਹੀਂ ਹੈ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਣਾ ਆਪਣੀ ਮਾਂ ਨੂੰ ਘਰੋਂ ਕੱਢਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਪੜ੍ਹਨ, ਬੋਲਣ ਅਤੇ ਲਿਖਣ ਸਮੇਂ ਅਪਣੱਤ ਅਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਮੌਕੇ ਕਵਿਤਾ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਰਲੀਨ ਕੌਰ ਨੇ, ਦੂਸਰਾ ਸਥਾਨ ਬਲਵਿੰਦਰ ਕੌਰ ਨੇ ਅਤੇ ਤੀਸਰਾ ਸਥਾਨ ਸੰਦੀਪ ਕੌਰ ਨੇ ਪ੍ਰਾਪਤ ਕੀਤਾ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ. ਦਰਸ਼ਨ ਸਿੰਘ, ਪ੍ਰਿੰ. ਡਾ. ਢਿੱਲੋਂ ਅਤੇ ਪ੍ਰੋ.  ਮਨਜਿੰਦਰ ਸਿੰਘ ਜੌਹਲ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਸੁਨੈਨਾ ਨੇ ਤੇ ਸਟੇਜ ਦੀ ਕਾਰਵਾਈ ਪ੍ਰੋ. ਜਸਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਡਾ. ਅਮਰੀਕ ਸਿੰਘ, ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਡਿੰਪਲ ਅਤੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Wednesday, 19 February 2025

ਲਾਇਲਪੁਰ ਖ਼ਾਲਸ ਕਾਲਜ ਕਪੂਰਥਲਾ ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ



 ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਪੋਰਟਸ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ, ਜਿਸ ਵਿਚ ਕਾਲਜ  ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਪੋਰਟਸ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਅਰਜਨਾ ਅਵਾਰਡੀ ਸ. ਸੁੱਚਾ ਸਿੰਘ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਸ.ਰਿਪੁਦਮਨਜੀਤ ਸਿੰਘ ਅਤੇ ਸ.ਅਮਰਿੰਦਰਜੀਤ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ   ਨੇ ਸਾਂਝੇ ਤੌਰ 'ਤੇ ਕੀਤਾ। ਖੇਡਾਂ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ.ਅਮਰੀਕ ਸਿੰਘ ਨੇ ਖੇਡਾਂ ਦੇ ਨਿਯਮਾਂ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਸ਼ੁਰੂਆਤ ਵਿੱਚ ਸਹੁੰ  ਚੁੱਕੀ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਹਰ ਰੋਜ਼ ਤੀਹ ਮਿੰਟ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ।  ਮਾਰਚ ਪਾਸ ਤੋਂ ਬਾਅਦ ਕਾਲਜ ਦੇ ਲੜਕਿਆਂ ਨੇ 100 ਮੀਟਰ ਰੇਸ, 200 ਮੀਟਰ ਰੇਸ, 800 ਮੀਟਰ ਰੇਸ,  ਸੈਕ ਰੇਸ, ਰੱਸਾ ਕੱਸੀ, ਲੌਂਗ ਜੰਪ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟ ਪੁੱਟ, ਸਪੂਨ ਰੇਸ, ਵੂਸ਼ੋ ਆਦਿ ਖੇਡਾਂ ਵਿੱਚ ਭਾਗ ਲਿਆ ਅਤੇ ਲੜਕੀਆਂ ਨੇ  100 ਮੀਟਰ ਰੇਸ, 200 ਮੀਟਰ ਰੇਸ, ਸੈਕ ਰੇਸ, ਸਪੂਨ ਰੇਸ, ਥ੍ਰੀ ਲੈਗਜ਼, ਰੱਸਾ ਕੱਸੀ, ਲੌਂਗ ਜੰਪ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟ ਪੁੱਟ ਆਦਿ ਖੇਡਾਂ ਵਿੱਚ ਭਾਗ ਲਿਆ।  ਇਸ ਦੌਰਾਨ ਕਾਲਜ ਦੇ ਅਧਿਆਪਕਾਂ ਨੇ ਵੀ ਇਨ੍ਹਾਂ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਮੁੱਖ ਮਹਿਮਾਨ ਅਰਜਨਾ ਅਵਾਰਡੀ  ਸ. ਸੁੱਚਾ ਸਿੰਘ ਨੇ ਕਿਹਾ ਕਿ ਅਜਿਹੀਆਂ ਖੇਡਾਂ ਬੱਚਿਆਂ ਦੇ ਸਰੀਰਕ, ਬੌਧਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਨਾਲ  ਵਿਦਿਆਰਥੀਆਂ ਦੀ  ਖੇਡਾਂ ਵਿੱਚ ਹਿੱਸਾ ਲੈਣ ਦੀ ਦਿਲਚਸਪੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਕਾਲਜ  ਵਿਚ ਅਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਅੱਗੇ ਲਿਆਇਆ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ  ਪ੍ਰੇਰਨਾਦਾਇਕ ਭਾਸ਼ਣ ਵੀ ਦਿੱਤਾ | ਵਿਸ਼ੇਸ਼ ਮਹਿਮਾਨ ਸ.ਰਿਪੁਦਮਨਜੀਤ ਸਿੰਘ ਅਤੇ ਸ.ਅਮਰਿੰਦਰਜੀਤ ਸਿੰਘ ਸਿੱਧੂ ਨੇ ਹੋਣਹਾਰ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ  ਕਿਹਾ ਕਿ  ਖੇਡਾਂ ਸਾਡੇ ਸਰੀਰ ਅਤੇ ਮਨ ਨੂੰ ਤੰਦਰੁਸਤੀ ਅਤੇ ਤਾਜ਼ਗੀ ਦਿੰਦੀਆਂ ਹਨ।  ਸਾਨੂੰ ਹਾਰ, ਜਿੱਤ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਖੇਡਾਂ ਵਿਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਵਿਚ ਸੈਲਫ਼ ਕਾਨਫੀਡੈਂਸ ਵੀ ਪੈਦਾ ਹੁੰਦਾ ਹੈ।  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਅਤੀ ਜ਼ਰੂਰੀ ਹਨ। ਖੇਡਾਂ ਜਿੱਥੇ ਸਾਨੂੰ  ਅਨੁਸ਼ਾਸਨ ਸਿਖਾਉਂਦੀਆਂ ਹਨ, ਉੱਥੇ ਅੱਗੇ ਵਧਣ ਲਈ  ਖੇਡਾਂ ਤੋਂ ਪ੍ਰੇਰਨਾ ਵੀ ਮਿਲਦੀ ਹੈ। ਉਨ੍ਹਾਂ  ਕਿਹਾ ਕਿ ਖੇਡਾਂ ਇੱਕ ਪ੍ਰਮਾਣਿਕ ਮਾਧਿਅਮ ਹਨ, ਜੋ ਸਾਡੇ ਨੌਜ਼ਵਾਨਾਂ ਨੂੰ ਸਹੀ ਸੇਧ ਦੇ ਸਕਦੀਆਂ ਹਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਸਾਰਥਕ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਕਾਲਜ ਦੇ ਸਾਰੇ  ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ  ਭਾਗ ਲਿਆ ਅਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। । ਇਸ ਮੌਕੇ ਬੀ ਸੀ ਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਪਲਕ ਨੂੰ ਵੱਖ ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ 'ਤੇ ਬੈਸਟ ਐਥਲੀਟ ਲੜਕੀਆਂ ਵਿੱਚੋਂ ਅਤੇ ਦਵਿੰਦਰ ਸਿੱਧੂ ਨੂੰ  ਬੈਸਟ ਐਥਲੀਟ ਲੜਕਿਆਂ ਵਿੱਚੋਂ ਚੁਣਿਆ ਗਿਆ । ਅੰਤ ਵਿੱਚ ਡੀਨ ਸਪੋਰਟਸ ਪ੍ਰੋ. ਮਨਜਿੰਦਰ ਸਿੰਘ ਜੌਹਲ   ਵਲੋਂ ਸਲਾਨਾ ਸਪੋਰਟਸ ਮੀਟ ਦੀ ਸਫ਼ਲਤਾ ਲਈ ਸਮੂਹ ਖਿਡਾਰੀਆਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ।  ਖੇਡਾਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ  ਅਰਜਨਾ ਅਵਾਰਡੀ ਸ. ਸੁੱਚਾ ਸਿੰਘ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਸ.ਰਿਪੁਦਮਨਜੀਤ ਸਿੰਘ ਅਤੇ ਸ.ਅਮਰਿੰਦਰਜੀਤ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਤੇ ਡਾ.  ਅਮਰੀਕ ਸਿੰਘ   ਨੇ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ । ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਬਖ਼ੂਬੀ ਨਿਭਾਈ। ਇਸ ਸਪੋਰਟਸ ਮੀਟ ਦੌਰਾਨ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਅਨੁਜ ਆਨੰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਪਈ ਦੇ ਸਰੀਰਕ ਸਿੱਖਿਆ ਅਧਿਆਪਕ ਹਰਪ੍ਰੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਕਲਾਂ ਦੇ ਸਰੀਰਕ  ਸਿੱਖਿਆ ਅਧਿਆਪਕ  ਜਗਦੀਪ ਸਿੰਘ, ਰਾਸ਼ਟਰੀ ਪੱਧਰ ਦੀ ਬੈਡਮਿੰਟਨ ਖਿਡਾਰਨ ਮੈਡਮ ਜਗਦੀਪ ਕੌਰ ਤੇ ਪ੍ਰੋ. ਅਜੇ ਕੁਮਾਰ ਨੇ ਵੀ ਆਪਣੀਆਂ  ਸੇਵਾਵਾਂ ਦਿੱਤੀਆਂ।

Monday, 17 February 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਫ਼ੈਸਰ ਪੂਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਕਾਵਿ ਉਚਾਰਨ ਮੁਕਾਬਲੇ |

ਵਿੱਦਿਆਂ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਉੱਘੇ ਪੰਜਾਬੀ ਕਵੀ ਪ੍ਰੋਫ਼ੈਸਰ ਪੂਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀਆਂ ਦੇ ਕਾਵਿ ਉਚਾਰਨ ਮੁਕਾਬਲੇ ਕਰਵਾਏ। ਜਿਸ ਵਿੱਚ ਕਾਲਜ ਦੀਆਂ ਵੱਖ - ਵੱਖ ਕਲਾਸਾਂ ਦੇ 25 ਵਿਦਿਆਰਥੀਆਂ ਨੇ ਭਾਗ ਲਿਆ ।ਮੁਕਾਬਲੇ ਦੇ ਸ਼ੁਰੂ ਵਿੱਚ ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਪ੍ਰੋ. ਪੂਰਨ ਸਿੰਘ ਦੁਆਰਾ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ  ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੋ. ਪੂਰਨ ਸਿੰਘ ਮਹਾਨ ਕਵੀ ਤੇ ਰਹੱਸਵਾਦੀ ਚਿੰਤਕ ਸੀ । ਉਸ ਨੇ ਰਵਾਇਤੀ ਛੰਦਾਬੰਦੀ ਦੇ ਬੰਧਨਾਂ ਤੋਂ ਮੁਕਤ  ਕਵਿਤਾ ਲਿਖੀ। ਉਸ ਦੀ ਕਵਿਤਾ ਉਸ ਦੇ ਸੂਖ਼ਮ ਆਪੇ ਤੇ ਵਿਸ਼ਾਲ ਅਨੁਭਵ ਦਾ ਸੁਹਜਾਤਮਕ ਪ੍ਰਗਟਾਓ ਹੈ | ਉਹ ਰੁਮਾਂਟਿਕ, ਨਵੀਨ ਅਤੇ ਆਦਰਸ਼ਵਾਦੀ ਕਵੀ ਹੈ ।  ਉਹ ਕਵਿਤਾ ਦੀ ਰਚਨਾ ਦੈਵੀ-ਆਵੇਸ਼ ਵਿਚ ਕਰਦਾ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਪ੍ਰੋ. ਪੂਰਨ ਸਿੰਘ ਦਾ ਆਧੁਨਿਕ ਪੰਜਾਬੀ ਸਾਹਿਤ ਵਿਚ ਬਹੁਤ ਉੱਚਾ ਸਥਾਨ ਹੈ। ਉਨ੍ਹਾਂ ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਨ ਲੀਹਾਂ 'ਤੇ ਚਲਾਇਆ ਤੇ ਆਧੁਨਿਕ ਪੰਜਾਬੀ ਵਾਰਤਕ ਨੂੰ ਨਵੀਆਂ ਸੇਧਾ ਦਿੱਤੀਆਂ । ਉਹ ਅਲਬੇਲਾ ਕਵੀ, ਉੱਚ ਕੋਟੀ ਦਾ ਵਾਰਤਾਕਾਰ, ਸਫ਼ਲ ਵਿਗਿਆਨੀ, ਉਤਮ ਅਨੁਵਾਦਕ, ਚਿੰਤਕ ਅਤੇ ਸੁਹਜ ਕਲਾਵਾਂ ਦਾ ਪ੍ਰੇਮੀ ਸੀ ਤੇ ਉਸਦਾ ਕੋਮਲ ਹਿਰਦਾ ਧਰਮ, ਚਿੰਤਨ , ਵਿਸ਼ਵ ਫ਼ਲਸਫ਼ੇ ਪ੍ਰਤੀ ਬੜਾ ਸੁਹਜ ਸੀ।ਇਸ ਕਾਵਿ ਉਚਾਰਨ ਮੁਕਾਬਲੇ ਵਿਚ ਪਹਿਲਾਂ ਸਥਾਨ ਦਵਿੰਦਰ ਸਿੱਧੂ ਨੇ, ਦੂਜਾ  ਸਥਾਨ  ਅਨਮੋਲ ਤੇ ਖੁਸ਼ੀ ਨੇ ਅਤੇ ਤੀਜਾ ਸਥਾਨ  ਕਰੀਨਾ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ  ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਡਿਸਟ੍ਰਿਕ ਲੀਗਲ ਸਰਵਸਿਸ ਅਥਾਰਟੀ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸੈਕਸੁਅਲ ਹਰਾਸਮੈਂਟ ਵਿਸ਼ੇ ਤੇ ਕਰਵਾਇਆ ਸੈਮੀਨਾਰ |



ਵਿੱਦਿਆ ਦੇ ਖ਼ੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਮਾਨਯੋਗ ਸੁਪਰੀਮ ਕੋਰਟ ਅਤੇ ਸ. ਹਰਪਾਲ ਸਿੰਘ ਜ਼ਿਲ੍ਹਾ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਦੀ ਅਗਵਾਈ ਹੇਠ ਡਿਸਟ੍ਰਿਕ ਲੀਗਲ ਅਥਾਰਟੀ ,ਕਪੂਰਥਲਾ   ਨੇ ਕਾਲਜ ਦੇ ਲੀਗਲ  ਏਡ ਕਲੱਬ ਦੇ ਸਹਿਯੋਗ ਨਾਲ ਸੈਕਸੁਅਲ ਹਰਾਸਮੈਂਟ ਵਿਸ਼ੇ ਤੇ ਸੈਮੀਨਾਰ ਕਰਵਾਇਆ । ਜਿਸ  ਵਿਚ  ਚੀਫ਼ ਜੁਡੀਸ਼ਨਲ ਮੈਜਿਸਟ੍ਰੇਟ ਕਮ ਸੈਕਟਰੀ ਡਿਸਟ੍ਰਿਕ ਲੀਗਲ  ਸਰਵਸਿਸ ਅਥਾਰਟੀ,  ਮੈਡਮ  ਰਾਜਵੰਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ  ਹੋਏ । ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ  ਕਾਲਜ ਦੀਆਂ  ਪ੍ਰਾਪਤੀਆਂ ਅਤੇ ਕਾਲਜ ਦੇ ਲੀਗਲ ਏਡ ਕਲੱਬ ਵੱਲੋਂ ਸਮੇਂ-ਸਮੇਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।  ਮੈਡਮ ਰਾਜਵੰਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (DLSA) ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (NALSA) ਦਾ ਮਹੱਤਵਪੂਰਨ ਹਿੱਸਾ ਹੈ, ਜੋ ਭਾਰਤ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਦੇ ਤਹਿਤ ਸਥਾਪਿਤ ਕੀਤੀ ਗਈ ਸੀ। DLSA ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਸੇਵਾਵਾਂ ਸਾਰੇ ਯੋਗ ਵਿਅਕਤੀਆਂ ਨੂੰ ਉਪਲੱਬਧ ਹੋਣ, ਖ਼ਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਹਾਸ਼ੀਆ ਤੇ ਰਹਿੰਦੇ ਹਨ, ਤਾਂ ਕਿ ਹਰ ਇੱਕ ਵਿਅਕਤੀ ਲਈ ਇਨਸਾਫ਼ ਦੀ ਪਹੁੰਚ ਹੋ ਸਕੇ। ਇਸਦੇ ਨਾਲ ਨਾਲ, DLSA ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਅਤੇ ਕਾਨੂੰਨੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸ਼ਾਮਲ ਹੈ। ਜਦੋਂ ਔਰਤਾਂ ਨਾਲ ਕੰਮ ਦੇ ਸਥਾਨ 'ਤੇ ਹੋਣ ਵਾਲੇ ਸੈਕਸੁਅਲ ਹਰਾਸਮੈਂਟ  ਦੀ ਗੱਲ ਆਉਂਦੀ ਹੈ ਤਾਂ ਭਾਰਤ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ੇਸ਼ ਕਾਨੂੰਨ ਹਨ।  DLSA ਔਰਤਾਂ ਨੂੰ ਸਮਰਥਨ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ, ਜੋ ਇਸ ਤਰ੍ਹਾਂ ਦੇ ਸੈਕਸੁਅਲ ਹਰਾਸਮੈਂਟ ਦਾ ਸਾਹਮਣਾ ਕਰ ਰਹੀਆਂ ਹੁੰਦੀਆਂ ਹਨ। ਇਹ ਔਰਤਾਂ ਨੂੰ ਕਾਨੂੰਨੀ ਜਾਗਰੂਕਤਾ ਅਤੇ ਸਲਾਹ ਪ੍ਰਦਾਨ ਕਰਦਾ ਹੈ, ਉਹਨਾਂ ਦੀਆਂ ਸ਼ਿਕਾਇਤਾਂ ਦਰਜ਼ ਕਰਨ ਵਿੱਚ ਮਦਦ ਕਰਦਾ ਹੈ ਅਤੇ ਲੋੜ ਪੈਣ ਤੇ ਸਥਾਨਕ ਸ਼ਿਕਾਇਤ ਕਮੇਟੀਆਂ ਤੇ ਪੁਲਿਸ ਦੀ ਮਦਦ ਲਈ ਰਾਹਦਾਰੀ ਕਰਦਾ ਹੈ । ਆਪਣੀਆਂ ਪਹਿਲਕਦਮੀਆਂ ਰਾਹੀਂ, DLSA ਇਹ ਯਕੀਨੀ ਬਣਾਉਂਦਾ ਹੈ ਕਿ ਜੋ ਔਰਤਾਂ ਕੰਮ ਦੇ ਸਥਾਨ 'ਤੇ ਸੈਕਸੁਅਲ ਹਰਾਸਮੈਂਟ ਦਾ ਸਾਹਮਣਾ ਕਰ ਰਹੀਆਂ ਹਨ, ਉਹ ਮੁਫ਼ਤ ਕਾਨੂੰਨੀ ਸਹਾਇਤਾ ਤੱਕ ਪਹੁੰਚ ਰੱਖਦੀਆਂ ਹਨ ।  ਪ੍ਰਿੰ. ਡਾ. ਢਿੱਲੋਂ ਨੇ  ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਘਰੇਲੂ ਹਿੰਸਾ, ਸੈਕਸੁਅਲ ਹਰਾਸਮੈਂਟ ਅਤੇ POCSO ਐਕਟਾਂ ਦੀਆਂ ਧਾਰਾਵਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਸੈਕਸੁਅਲ ਹਰਾਸਮੈਂਟ ਬਹੁਤ ਹੀ ਗੰਭੀਰ ਮਾਮਲਾ ਹੈ, ਪਿਛਲੇ ਸਮੇਂ ਦੌਰਾਨ ਔਰਤਾਂ ਅਤੇ ਬੱਚਿਆਂ ਉਤੇ ਸ਼ੋਸ਼ਣ ਦੇ ਮਾਮਲੇ ਕਾਫ਼ੀ ਵਧੇ ਹਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ  ਸਮੇਂ ਦੀ ਲੋੜ ਹੈ ਕਿ ਅਸੀਂ ਇੱਕ ਸੁਰੱਖਿਅਤ ਸਮਾਜ ਦੀ ਸਿਰਜਣਾ  ਲਈ ਅਤੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਉਨ੍ਹਾਂ ਦੇ ਅਧਿਕਾਰਾਂ ਨੂੰ ਜ਼ਮੀਨੀ ਪੱਧਰ ਉਤੇ ਮੁਹੱਈਆ ਕਰਵਾਈਏ ਅਤੇ ਇੱਕ ਸਭਿਅਕ ਸਮਾਜ ਦੀ ਮਿਸਾਲ ਦਿੰਦੇ ਹੋਏ ਪੂਰੇ ਵਿਸ਼ਵ ਦਾ ਮਾਰਗ ਦਰਸ਼ਨ ਕਰੀਏ ਜੋ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ  ਹੈਲਪਲਾਈਨ ਨੰਬਰ 15100 ਬਾਰੇ ਵੀ ਜਾਣਕਾਰੀ ਦਿੱਤੀ। ਕਾਲਜ ਦੇ ਲੀਗਲ  ਏਡ ਕਲੱਬ ਦੇ ਕਨਵੀਨਰ ਪ੍ਰੋ. ਦਮਨਜੀਤ ਕੌਰ ਨੇ  ਮੁੱਖ ਰਿਸੋਰਸ ਪਰਸਨ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ.  ਢਿੱਲੋ ਨੇ ਮੁੱਖ ਰਿਸੋਰਸ ਪਰਸਨ ਮੈਡਮ ਰਾਜਵੰਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਸੈਮੀਨਾਰ ਵਿਚ ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸ਼੍ਰੀ ਅਨੁਜ ਆਨੰਦ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਡਾ. ਅਮਰੀਕ ਸਿੰਘ,  ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਰੇਨੂ ਬਾਲਾ ਅਤੇ ਕਾਲਜ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

Friday, 7 February 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕਰਵਾਇਆ ਆਈ ਟੀ ਫੈਸਟ |


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਸਫ਼ਲਤਾ ਪੂਰਵਕ  ਆਈ ਟੀ  ਫੈਸਟ  ਆਯੋਜਿਤ ਕੀਤਾ। ਜਿਸ ਵਿੱਚ ਕਾਲਜ ਦੀਆਂ ਵੱਖ ਵੱਖ ਕਲਾਸਾਂ ਦੇ  150 ਵਿਦਿਆਰਥੀਆਂ ਨੇ ਹਿਸਾ ਲਿਆ। ਇਸ ਪ੍ਰੋਗਰਾਮ ਵਿੱਚ  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।  ਇਹ ਪ੍ਰੋਗਰਾਮ  ਤਕਨੀਕੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਦੀ  ਪ੍ਰਤਿਭਾ ਨੂੰ ਹੋਰ ਨਿਖ਼ਾਰਨ ਵਾਲਾ ਇੱਕ ਸ਼ਾਨਦਾਰ ਮੰਚ ਸੀ।ਇਸ ਪ੍ਰੋਗਰਾਮ ਵਿੱਚ  ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਕੰਟੈਂਟ ਕ੍ਰੀਏਸ਼ਨ, ਨੈਟ ਸੇਵੀ, ਫ਼ੋਟੋਗ੍ਰਾਫ਼ੀ, ਪੇਂਟਿੰਗ ਆਦਿ ਮੁਕਾਬਲੇ ਕਰਵਾਏ ਸਨ । ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਆਈ ਟੀ  ਫੈਸਟ ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਵਾਲਾ ਅਜਿਹਾ ਫੈਸਟ ਹੈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਟੈਕਨੋਲਜੀ ਖੇਤਰ ਵਿੱਚ ਆਪਣੇ ਯੋਗਦਾਨ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਸਿੱਖਿਆ ਦੇ ਨਾਲ ਸਿਰਜਨਾਤਮਕ ਕੁਸ਼ਲਤਾਵਾਂ ਨੂੰ ਵੀ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ  ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ  ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ ’ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ’ਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ  ਆਈ ਟੀ ਫੈਸਟ ਨੂੰ ਬਹੁਤ ਹੀ ਸਫ਼ਲਤਾ ਪੂਰਵਕ ਕਰਵਾਉਣ ’ਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਵਿਸ਼ਾਲ ਸ਼ੁਕਲਾ, ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਰੇਨੂ ਬਾਲਾ, ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਮਨੀਸ਼ਾ, ਪ੍ਰੋ. ਗੁਰਕਮਲ ਕੌਰ  ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਲਵੀ ਮਹਿਤਾ ਨੇ ਬਖ਼ੂਬੀ ਨਿਭਾਇਆ । ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Wednesday, 5 February 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਜੱਟ ਸਿੱਖ ਕੌਂਸਲ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ ਸਕਾਲਰਸ਼ਿਪ


ਸਮਾਜਿਕ ਕਾਰਜਾਂ ਨੂੰ ਸਮਰਪਿਤ, ਉੱਘੀ ਸਮਾਜ ਸੇਵੀ ਸੰਸਥਾ 'ਜੱਟ ਸਿੱਖ ਕੌਂਸਲ' ਨੇ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ  ਦੇ ਛੇ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ  ਵਜ਼ੀਫ਼ਾ ਪ੍ਰਦਾਨ ਕੀਤਾ। ਇਹ  ਸਕਾਲਰਸ਼ਿਪ ਦੇਣ ਲਈ 'ਜੱਟ ਸਿੱਖ ਕੌਂਸਲ' ਦੇ ਐਗਜੈਕਟਿਵ ਮੈਂਬਰ ਸ. ਜਸਪਾਲ ਸਿੰਘ ਵੜੈਚ, ਸੰਸਥਾਪਕ ਮੈਂਬਰ  ਸ. ਸੁਖਵਿੰਦਰ ਸਿੰਘ ਲਾਲੀ, ਗਵਰਨਿੰਗ ਕੌਂਸਲ ਮੈਂਬਰ ਸ. ਧਰਮਿੰਦਰ ਸਿੰਘ ਚਾਹਲ ਤੇ ਸ. ਗੁਰਪ੍ਰੀਤ ਸਿੰਘ ਸੰਧੂ, ਫਾਇਨਾਸ ਸੈਕਟਰੀ  ਸੁਖਬਹਾਰ ਸਿੰਘ ਵੜੈਚ ਵਿਸ਼ੇਸ਼ ਤੌਰ 'ਤੇ ਕਾਲਜ ਵਿਖੇ ਆਏ । ਲਾਇਲਪੁਰ ਖ਼ਾਲਸਾ ਕਾਲਜ ਗਵਰਨਰ ਕੌਂਸਲ ਦੇ ਸੰਯੁਕਤ ਸਕੱਤਰ ਅਤੇ ਜੱਟ ਸਿੱਖ ਕੌਂਸਲ ਦੇ ਐਗਜੈਕਟਿਵ ਮੈਂਬਰ ਸ. ਜਸਪਾਲ ਸਿੰਘ ਵੜੈਚ ਨੇ ਜੱਟ ਸਿੱਖ ਕੌਂਸਲ  ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿੱਤੀ ਸਹਾਇਤਾ ਦੇਣ ਵਾਲੀ ਇਹ ਗੈਰ ਸਰਕਾਰੀ ਸੰਸਥਾ 2010-11 ਤੋਂ ਲਗਾਤਾਰ, ਇਸ ਖੇਤਰ ਵਿੱਚ ਕਾਰਜ ਕਰ ਰਹੀ ਹੈ ਅਤੇ ਭਵਿੱਖ 'ਚ ਵੀ ਕੌਂਸਲ ਦੇ ਮੈਂਬਰ ਇਨ੍ਹਾਂ ਪਰਉਪਕਾਰੀ ਕਾਰਜਾਂ ਲਈ ਸਮਰਪਿਤ ਰਹਿਣਗੇ। ਡਾ. ਐੱਚ. ਐੱਸ. ਮਾਨ ਪ੍ਰਧਾਨ -ਕਮ-ਗਵਰਨਿੰਗ ਸੈਕਟਰੀ ਅਤੇ ਸਮੂਹ ਮੈਂਬਰਾਂ ਦੇ ਵਿਸ਼ੇਸ਼ ਉੱਦਮ ਸਦਕਾ, ਇਹ ਸੰਸਥਾ ਸਕੂਲਾਂ ਤੇ ਕਾਲਜਾਂ ਵਿੱਚ ਸਿੱਧੇ ਤੌਰ 'ਤੇ ਪ੍ਰਿੰਸੀਪਲ ਤੇ ਸਟਾਫ਼ ਦੀ ਮਦਦ ਨਾਲ ਹੋਣਹਾਰ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਇਹ ਸਕਾਲਰਸ਼ਿਪ ਦਿੰਦੀ ਆ ਰਹੀ ਹੈ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਜੱਟ ਸਿੱਖ ਕੌਂਸਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਵੀ ਸੰਸਥਾ ਨੂੰ ਆਪਣੇ ਵਿਦਿਆਰਥੀਆਂ ਲਈ ਅਜਿਹੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਜੱਟ ਸਿੱਖ ਕੌਂਸਲ ਹਮੇਸ਼ਾ  ਇਸ ਨੇਕ ਕਾਰਜਾਂ ਤੇ ਮਦਦ ਲਈ ਤਿਆਰ ਰਹਿੰਦੀ ਹੈ।  ਜੱਟ ਸਿੱਖ ਕੌਂਸਲ ਦੇ ਸਮੂਹ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਅੰਤ ਵਿੱਚ ਜੱਟ ਸਿੱਖ ਕੌਂਸਲ ਦੇ ਸਮੂਹ ਅਹੁਦੇਦਾਰਾਂ ਅਤੇ ਸਤਿਕਾਰਯੋਗ ਮੈਂਬਰਾਂ ਸ. ਜਸਪਾਲ ਸਿੰਘ ਵੜੈਚ, ਸ. ਸੁਖਵਿੰਦਰ ਸਿੰਘ ਲਾਲੀ, ਸ. ਧਰਮਿੰਦਰ ਸਿੰਘ ਚਾਹਲ, ਸ. ਗੁਰਪ੍ਰੀਤ ਸਿੰਘ ਸੰਧੂ, ਸ. ਸੁਖਬਹਾਰ ਸਿੰਘ ਵੜੈਚ ਤੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ  ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਭੇਂਟ ਕੀਤੇ ।

Tuesday, 4 February 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਕਾਮਰਸ ਵਿਭਾਗ ਵੱਲੋਂ ਬਜਟ ਸੈਸ਼ਨ 2025 ਦੀ ਲਾਈਵ ਸਟ੍ਰੀਮਿੰਗ ਸੈਸ਼ਨ' ਦਾ ਆਯੋਜਨ|



 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਨੇ ਵਿੱਤੀ ਸਾਲ 2025 ਦੇ ਬਜਟ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ  1 ਫਰਵਰੀ  2025 ਨੂੰ  "ਬਜਟ 2025"  'ਤੇ ਲਾਈਵ ਸਟ੍ਰੀਮਿੰਗ ਸੈਸ਼ਨ' ਦਾ ਆਯੋਜਨ ਕੀਤਾ। ਕਾਲਜ ਦੇ ਬੀ. ਕਾਮ ਅਤੇ ਬੀ.ਬੀ. ਏ. ਦੇ  ਸਮੂਹ ਵਿਦਿਆਰਥੀਆ ਅਤੇ ਸਟਾਫ਼ ਵੱਲੋਂ ਪੂਰਾ ਬਜਟ ਸੈਸ਼ਨ ਲਾਈਵ ਦੇਖਣ ਉਪਰੰਤ ਕੇਂਦਰੀ ਬਜਟ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਕਾਮਰਸ ਵਿਭਾਗ ਦੇ ਮੁਖੀ ਨੇ ਬਜਟ ਦੇ ਸਬੰਧ ਵਿੱਚ ਵੱਖ-ਵੱਖ ਖੇਤਰਾਂ  ਸਿਹਤ ਸੰਭਾਲ, ਰੱਖਿਆ, ਬੁਨਿਆਦੀ ਢਾਂਚਾ, ਟੈਕਸ, ਸਿੱਖਿਆ, ਬੈਂਕਿੰਗ ਸੇਵਾਵਾਂ ਖੇਤਰ, ਨਿਰਮਾਣ ਖੇਤਰ, ਸਾਫਟਵੇਅਰ ਖੇਤਰਾਂ ਤੇ ਖੇਤੀਬਾੜੀ ਆਦਿ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।  ਸਮਾਪਤੀ ਉਪਰੰਤ ਵਿਦਿਆਰਥੀਆਂ ਨੇ ਬਜਟ ਨਾਲ ਸਬੰਧਤ ਵੱਖ-ਵੱਖ ਸਵਾਲ ਉਠਾਏ। ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ ਨੇ ਕਾਮਰਸ ਵਿਭਾਗ ਦੀ ਇਸ  ਪਹਿਲਕਦਮੀ ਲਈ ਵਧਾਈ ਦਿੱਤੀ ਤੇ ਨਾਲ ਹੀ ਉਮੀਦ ਕੀਤੀ ਕਿ ਇਹ ਸਮਾਗਮ ਵਿਦਿਆਰਥੀਆਂ ਨੂੰ ਬਜਟ ਦੀ ਮਹੱਤਤਾ ਬਾਰੇ  ਜਾਗਰੂਕ ਕਰੇਗਾ।

ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰੀ ਬਜਟ ’ਤੇ ਚਰਚਾ ਵਿਦਿਆਰਥੀਆਂ ਲਈ ਜ਼ਰੂਰੀ ਹੈ, ਕਿਉਂਕਿ ਇਹ ਉਨ੍ਹਾਂ ਨੂੰ ਸਟਾਰਟਅੱਪ, ਉੱਦਮੀ ਮੌਕੇ ਤੇ ਉਪਲੱਬਧ ਨੌਕਰੀਆਂ ਲਈ ਮਜ਼ਬੂਤ ਖੇਤਰਾਂ ਦੀ ਪਛਾਣ ਕਰਨ ’ਚ ਮਦਦ ਕਰੇਗਾ। ਉਨ੍ਹਾਂ  ਨੇ ਕੇਂਦਰੀ ਬਜਟ 2025 ਦੌਰਾਨ ਐਲਾਨੇ ਸੈਕਟਰ-ਵਾਰ ਅਲਾਟਮੈਂਟ ਦੇ ਤਰਕ ਨੂੰ ਸਮਝਣ ਲਈ ਭਾਰਤੀ ਆਰਥਿਕਤਾ ਦੀ ਸਥਿਤੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਦਾ ਉਦੇਸ਼ ਮੱਧ-ਵਰਗ ਦੀ ਖਰਚ ਸ਼ਕਤੀ ਨੂੰ ਵਧਾਉਣਾ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ। ਡਾ. ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਇਹ ਬਜਟ ਮਹੱਤਵਪੂਰਨ ਟੈਕਸ ਸੁਧਾਰਾਂ ਦੇ ਨਾਲ-ਨਾਲ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਦੀ ਸਹਾਇਤਾ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪਹਿਲਕਦਮੀਆਂ ਦੀ ਯੋਜਨਾ ਵਾਲਾ ਬਜਟ ਹੈ। ਉਨ੍ਹਾਂ ਕਿਹਾ ਕਿ ਇਹ ਬੈਂਕਿੰਗ ਅਤੇ ਵਿੱਤੀ ਸੈਕਟਰਾਂ ਨੂੰ ਵੀ ਲਾਭ ਦੇਵੇਗਾ। ਅੰਤ ਵਿੱਚ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਅਜਿਹੇ ਸਮਾਗਮ ਕਰਵਾਉਣ ਲਈ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪੀ ਐੱਮ ਇੰਟਰਨਸ਼ਿਪ ਸਕੀਮ ਨੂੰ ਸਮਰਪਿਤ ਕਰਵਾਇਆ ਲੈਕਚਰ

    ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ  ਪੀ ਐੱਮ  ਇੰਟਰਨਸ਼...