Wednesday, 19 February 2025

ਲਾਇਲਪੁਰ ਖ਼ਾਲਸ ਕਾਲਜ ਕਪੂਰਥਲਾ ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ



 ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਕਰਵਾਈ ਸਲਾਨਾ ਸਪੋਰਟਸ ਮੀਟ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਪੋਰਟਸ ਮੀਟ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ, ਜਿਸ ਵਿਚ ਕਾਲਜ  ਦੇ 300 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਪੋਰਟਸ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਅਰਜਨਾ ਅਵਾਰਡੀ ਸ. ਸੁੱਚਾ ਸਿੰਘ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਸ.ਰਿਪੁਦਮਨਜੀਤ ਸਿੰਘ ਅਤੇ ਸ.ਅਮਰਿੰਦਰਜੀਤ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ   ਨੇ ਸਾਂਝੇ ਤੌਰ 'ਤੇ ਕੀਤਾ। ਖੇਡਾਂ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ.ਅਮਰੀਕ ਸਿੰਘ ਨੇ ਖੇਡਾਂ ਦੇ ਨਿਯਮਾਂ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੇ ਸ਼ੁਰੂਆਤ ਵਿੱਚ ਸਹੁੰ  ਚੁੱਕੀ ਕਿ ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਹਰ ਰੋਜ਼ ਤੀਹ ਮਿੰਟ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ।  ਮਾਰਚ ਪਾਸ ਤੋਂ ਬਾਅਦ ਕਾਲਜ ਦੇ ਲੜਕਿਆਂ ਨੇ 100 ਮੀਟਰ ਰੇਸ, 200 ਮੀਟਰ ਰੇਸ, 800 ਮੀਟਰ ਰੇਸ,  ਸੈਕ ਰੇਸ, ਰੱਸਾ ਕੱਸੀ, ਲੌਂਗ ਜੰਪ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟ ਪੁੱਟ, ਸਪੂਨ ਰੇਸ, ਵੂਸ਼ੋ ਆਦਿ ਖੇਡਾਂ ਵਿੱਚ ਭਾਗ ਲਿਆ ਅਤੇ ਲੜਕੀਆਂ ਨੇ  100 ਮੀਟਰ ਰੇਸ, 200 ਮੀਟਰ ਰੇਸ, ਸੈਕ ਰੇਸ, ਸਪੂਨ ਰੇਸ, ਥ੍ਰੀ ਲੈਗਜ਼, ਰੱਸਾ ਕੱਸੀ, ਲੌਂਗ ਜੰਪ, ਜੈਵਲਿਨ ਥ੍ਰੋ, ਡਿਸਕਸ ਥ੍ਰੋ, ਸ਼ਾਟ ਪੁੱਟ ਆਦਿ ਖੇਡਾਂ ਵਿੱਚ ਭਾਗ ਲਿਆ।  ਇਸ ਦੌਰਾਨ ਕਾਲਜ ਦੇ ਅਧਿਆਪਕਾਂ ਨੇ ਵੀ ਇਨ੍ਹਾਂ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ । ਇਸ ਮੌਕੇ ਮੁੱਖ ਮਹਿਮਾਨ ਅਰਜਨਾ ਅਵਾਰਡੀ  ਸ. ਸੁੱਚਾ ਸਿੰਘ ਨੇ ਕਿਹਾ ਕਿ ਅਜਿਹੀਆਂ ਖੇਡਾਂ ਬੱਚਿਆਂ ਦੇ ਸਰੀਰਕ, ਬੌਧਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਨਾਲ  ਵਿਦਿਆਰਥੀਆਂ ਦੀ  ਖੇਡਾਂ ਵਿੱਚ ਹਿੱਸਾ ਲੈਣ ਦੀ ਦਿਲਚਸਪੀ ਵੱਧਦੀ ਹੈ। ਉਨ੍ਹਾਂ ਕਿਹਾ ਕਿ ਕਾਲਜ  ਵਿਚ ਅਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਅੱਗੇ ਲਿਆਇਆ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ  ਪ੍ਰੇਰਨਾਦਾਇਕ ਭਾਸ਼ਣ ਵੀ ਦਿੱਤਾ | ਵਿਸ਼ੇਸ਼ ਮਹਿਮਾਨ ਸ.ਰਿਪੁਦਮਨਜੀਤ ਸਿੰਘ ਅਤੇ ਸ.ਅਮਰਿੰਦਰਜੀਤ ਸਿੰਘ ਸਿੱਧੂ ਨੇ ਹੋਣਹਾਰ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ  ਕਿਹਾ ਕਿ  ਖੇਡਾਂ ਸਾਡੇ ਸਰੀਰ ਅਤੇ ਮਨ ਨੂੰ ਤੰਦਰੁਸਤੀ ਅਤੇ ਤਾਜ਼ਗੀ ਦਿੰਦੀਆਂ ਹਨ।  ਸਾਨੂੰ ਹਾਰ, ਜਿੱਤ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਖੇਡਾਂ ਵਿਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਵਿਚ ਸੈਲਫ਼ ਕਾਨਫੀਡੈਂਸ ਵੀ ਪੈਦਾ ਹੁੰਦਾ ਹੈ।  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਅਤੀ ਜ਼ਰੂਰੀ ਹਨ। ਖੇਡਾਂ ਜਿੱਥੇ ਸਾਨੂੰ  ਅਨੁਸ਼ਾਸਨ ਸਿਖਾਉਂਦੀਆਂ ਹਨ, ਉੱਥੇ ਅੱਗੇ ਵਧਣ ਲਈ  ਖੇਡਾਂ ਤੋਂ ਪ੍ਰੇਰਨਾ ਵੀ ਮਿਲਦੀ ਹੈ। ਉਨ੍ਹਾਂ  ਕਿਹਾ ਕਿ ਖੇਡਾਂ ਇੱਕ ਪ੍ਰਮਾਣਿਕ ਮਾਧਿਅਮ ਹਨ, ਜੋ ਸਾਡੇ ਨੌਜ਼ਵਾਨਾਂ ਨੂੰ ਸਹੀ ਸੇਧ ਦੇ ਸਕਦੀਆਂ ਹਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਤੇ ਸਾਰਥਕ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਕਾਲਜ ਦੇ ਸਾਰੇ  ਵਿਦਿਆਰਥੀਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ  ਭਾਗ ਲਿਆ ਅਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। । ਇਸ ਮੌਕੇ ਬੀ ਸੀ ਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਪਲਕ ਨੂੰ ਵੱਖ ਵੱਖ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ 'ਤੇ ਬੈਸਟ ਐਥਲੀਟ ਲੜਕੀਆਂ ਵਿੱਚੋਂ ਅਤੇ ਦਵਿੰਦਰ ਸਿੱਧੂ ਨੂੰ  ਬੈਸਟ ਐਥਲੀਟ ਲੜਕਿਆਂ ਵਿੱਚੋਂ ਚੁਣਿਆ ਗਿਆ । ਅੰਤ ਵਿੱਚ ਡੀਨ ਸਪੋਰਟਸ ਪ੍ਰੋ. ਮਨਜਿੰਦਰ ਸਿੰਘ ਜੌਹਲ   ਵਲੋਂ ਸਲਾਨਾ ਸਪੋਰਟਸ ਮੀਟ ਦੀ ਸਫ਼ਲਤਾ ਲਈ ਸਮੂਹ ਖਿਡਾਰੀਆਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ।  ਖੇਡਾਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ  ਅਰਜਨਾ ਅਵਾਰਡੀ ਸ. ਸੁੱਚਾ ਸਿੰਘ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਸ.ਰਿਪੁਦਮਨਜੀਤ ਸਿੰਘ ਅਤੇ ਸ.ਅਮਰਿੰਦਰਜੀਤ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਤੇ ਡਾ.  ਅਮਰੀਕ ਸਿੰਘ   ਨੇ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ । ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਬਖ਼ੂਬੀ ਨਿਭਾਈ। ਇਸ ਸਪੋਰਟਸ ਮੀਟ ਦੌਰਾਨ ਅਰਬਨ ਅਸਟੇਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਅਨੁਜ ਆਨੰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਪਈ ਦੇ ਸਰੀਰਕ ਸਿੱਖਿਆ ਅਧਿਆਪਕ ਹਰਪ੍ਰੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਕਲਾਂ ਦੇ ਸਰੀਰਕ  ਸਿੱਖਿਆ ਅਧਿਆਪਕ  ਜਗਦੀਪ ਸਿੰਘ, ਰਾਸ਼ਟਰੀ ਪੱਧਰ ਦੀ ਬੈਡਮਿੰਟਨ ਖਿਡਾਰਨ ਮੈਡਮ ਜਗਦੀਪ ਕੌਰ ਤੇ ਪ੍ਰੋ. ਅਜੇ ਕੁਮਾਰ ਨੇ ਵੀ ਆਪਣੀਆਂ  ਸੇਵਾਵਾਂ ਦਿੱਤੀਆਂ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪੀ ਐੱਮ ਇੰਟਰਨਸ਼ਿਪ ਸਕੀਮ ਨੂੰ ਸਮਰਪਿਤ ਕਰਵਾਇਆ ਲੈਕਚਰ

    ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ  ਪੀ ਐੱਮ  ਇੰਟਰਨਸ਼...