Wednesday, 26 February 2025

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਰਵਾਇਆ ਪ੍ਰਭਾਵਸ਼ਾਲੀ ਸਮਾਗਮ

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਅਤੇ ਭਾਸ਼ਾ ਮੰਚ ਨੇ  ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਾਇਆ, ਜਿਸ ਵਿੱਚ ਉੱਘੇ ਸਮਾਜ ਸੇਵੀ,  ਵਾਤਾਵਰਨ ਪ੍ਰੇਮੀ ਅਤੇ ਪੰਜਾਬੀ ਭਾਸ਼ਾ ਦੇ ਸ਼ੁਭਚਿੰਤਕ, ਐਡੀਸ਼ਨਲ ਸੀਨੀਅਰ ਇੰਜੀਨੀਅਰ ਸ. ਦਰਸ਼ਨ ਸਿੰਘ  (ਰਿਟਾਇਰਡ) PSPCL ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।  ਸਮਾਗਮ ਦੇ ਆਰੰਭ ਵਿੱਚ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ ਦੀ ਅਹਿਦ ਲਈ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ,  ਸੁੰਦਰ ਲਿਖਾਈ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ 70 ਵਿਦਿਆਰਥੀਆਂ ਨੇ ਹਿੱਸਾ ਲਿਆ।  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ   ਬੋਲਦਿਆ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਮਾਂ ਬੋਲੀ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਇਸਦੀ ਮਹੱਤਤਾ ਨੂੰ ਉਜ਼ਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜ਼ਵਾਨ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਨਾਲ ਗੂੜੀ ਸਾਂਝ ਬਣਾ ਕਿ ਰੱਖਣ ਦੀ ਲੋੜ ਹੈੇ। ਮੁੱਖ ਮਹਿਮਾਨ ਸ. ਦਰਸ਼ਨ ਸਿੰਘ  ਨੇ ਬੋਲਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੰਦੀਆਂ ਹਨ, ਉਹ ਕਦੇ ਤਰੱਕੀ ਨਹੀਂ ਕਰ ਸਕਦੀਆਂ । ਲੋਕ ਕਹਾਵਤਾਂ 'ਚ ਆਮ ਸੁਣਨ 'ਚ ਆਉਦਾ ਹੈ ਕਿ ਜਿਸ ਨੂੰ ਬਦ ਅਸੀਸ ਦੇਣੀ ਹੋਵੇ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਤੈਨੂੰ ਆਪਣੀ ਮਾਂ ਬੋਲੀ ਭੁੱਲ ਜਾਵੇ। ਇਸ ਕਰਕੇ ਸਾਨੂੰ ਮਾਂ ਬੋਲੀ ਨਾਲ ਪਿਆਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਵਿੱਚ ਗੱਲਾਂ ਅਤੇ ਵਿਚਾਰਾਂ ਦੇ ਰਚਨਾਤਮਕ ਪ੍ਰਗਟਾਵੇ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ।  ਅੰਤ ਵਿੱਚ ਪੰਜਾਬੀ ਸਾਹਿਤ ਸਭਾ ਦੇ ਕੋਆਰਡੀਨੇਟਰ  ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਇਸ ਪੋ੍ਗਰਾਮ ਦੀ ਸਫ਼ਲਤਾ ਲਈ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ  ਕਿਹਾ ਕਿ ਕੋਈ ਵੀ ਭਾਸ਼ਾ ਸਿੱਖਣਾ ਮਾੜੀ ਗੱਲ ਨਹੀਂ ਹੈ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਣਾ ਆਪਣੀ ਮਾਂ ਨੂੰ ਘਰੋਂ ਕੱਢਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬੀ ਪੜ੍ਹਨ, ਬੋਲਣ ਅਤੇ ਲਿਖਣ ਸਮੇਂ ਅਪਣੱਤ ਅਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਇਸ ਮੌਕੇ ਕਵਿਤਾ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਰਲੀਨ ਕੌਰ ਨੇ, ਦੂਸਰਾ ਸਥਾਨ ਬਲਵਿੰਦਰ ਕੌਰ ਨੇ ਅਤੇ ਤੀਸਰਾ ਸਥਾਨ ਸੰਦੀਪ ਕੌਰ ਨੇ ਪ੍ਰਾਪਤ ਕੀਤਾ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਸ. ਦਰਸ਼ਨ ਸਿੰਘ, ਪ੍ਰਿੰ. ਡਾ. ਢਿੱਲੋਂ ਅਤੇ ਪ੍ਰੋ.  ਮਨਜਿੰਦਰ ਸਿੰਘ ਜੌਹਲ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਸੁਨੈਨਾ ਨੇ ਤੇ ਸਟੇਜ ਦੀ ਕਾਰਵਾਈ ਪ੍ਰੋ. ਜਸਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਡਾ. ਅਮਰੀਕ ਸਿੰਘ, ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਡਿੰਪਲ ਅਤੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਇੰਟਰਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ  ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ  ਵੱਲੋਂ...