ਅੱਖਰ ਮੰਚ ਕਪੂਰਥਲਾ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਸਹਿਯੋਗ ਨਾਲ ਕਾਲਜ ਵਿਖੇ ਪੁਸਤਕ ਰੀਲੀਜ਼ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਅੱਖਰ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ, ਨੈਸ਼ਨਲ ਅਵਾਰਡੀ ਤੇ ਪ੍ਰਧਾਨ ਅੱਖਰ ਮੰਚ ਸ. ਸਰਵਨ ਸਿੰਘ ਔਜਲਾ, ਸ. ਰਤਨ ਸਿੰਘ ਸੰਧੂ, ਉੱਘੇ ਕਵੀ ਸ. ਹਰਜੀਤ ਸਿੰਘ ਅਸ਼ਕ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਡਾ. ਸਰਦੂਲ ਸਿੰਘ ਔਜਲਾ ਦੀ ਗਿਆਰਵੀਂ ਵੱਡ ਆਕਾਰੀ ਪੁਸਤਕ ਰੀਵੀਊਕਾਰੀ ਰਿਲੀਜ਼ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੇ ਲਿਖੇ 1000 ( ਇੱਕ ਹਜ਼ਾਰ) ਦੇ ਲਗਭਗ ਰੀਵੀਊ ਸ਼ਾਮਿਲ ਹਨ, ਜੋ ਸਮੇਂ ਸਮੇਂ ਪੰਜਾਬੀ ਦੀਆਂ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਡਾ. ਸਰਦੂਲ ਸਿੰਘ ਔਜਲਾ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਪੜ੍ਹਨ ਲਿਖਣ ਵਾਲਾ ਚੰਗਾ ਅਧਿਆਪਕ ਕਿਹਾ। ਡਾ. ਬਲਦੇਵ ਸਿੰਘ ਢਿੱਲੋਂ ਨੇ ਪੁਸਤਕ ਸੱਭਿਆਚਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਡਾ. ਸਰਦੂਲ ਸਿੰਘ ਔਜਲਾ ਦੀ ਪ੍ਰਸ਼ੰਸਾ ਕੀਤੀ। ਡਾ. ਹਰਜੀਤ ਸਿੰਘ ਅਸ਼ਕ ਨੇ ਆਪਣੀਆਂ ਨਜ਼ਮਾਂ ਨਾਲ ਮਾਹੌਲ ਖ਼ੁਸ਼ਗਵਾਰ ਬਣਾ ਦਿੱਤਾ । ਅੱਖਰ ਮੰਚ ਦੇ ਪ੍ਰਧਾਨ ਨੈਸ਼ਨਲ ਅਵਾਰਡੀ ਸ. ਸਰਵਨ ਸਿੰਘ ਔਜਲਾ ਨੇ ਕਿਹਾ ਕਿ ਇਹ ਪੁਸਤਕ ਅੱਖਰ ਮੰਚ ਦੀ ਪ੍ਰਾਪਤੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬਾਖ਼ੂਬੀ ਨਿਭਾਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਵਿਨੋਦ ਠਾਕੁਰ, ਆਰਟਿਸਟ ਜਸਵੀਰ ਸਿੰਘ ਸੰਧੂ, ਹਰਜਿੰਦਰ ਸਿੰਘ ਔਜਲਾ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਭਜਨ ਸਿੰਘ ਲਾਸਾਨੀ ਵੀ ਹਾਜ਼ਰ ਸਨ, ਜਿਨਾਂ ਨੇ ਆਪਣੀ ਭਤੀਜੀ ਸ਼ਬਨਮਪ੍ਰੀਤ ਵੱਲੋਂ ਅੱਖਰ ਮੰਚ ਲਈ ਭੇਜੀ ਵਿੱਤੀ ਸਹਾਇਤਾ ਵੀ ਭੇਟ ਕੀਤੀ । ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।