ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਰੈੱਡ ਰਿਬਨ ਕਲੱਬ ਨੇ ਸੰਵਿਧਾਨ ਦਿਵਸ ਉਤਸ਼ਾਹਪੂਰਵਕ ਢੰਗ ਨਾਲ ਮਨਾਇਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋ. ਗਗਨ ਡੋਗਰਾਂ ਨੇ ਵਿਦਿਆਰਥੀਆਂ ਨੂੰ ਭਾਰਤ ਦੇ ਸੰਵਿਧਾਨ ਦੀ ਮਹੱਤਤਾ, ਇਸ ਦੀ ਰਚਨਾ ਅਤੇ ਮੁੱਢਲੇ ਅਧਿਕਾਰਾਂ ਤੇ ਫ਼ਰਜ਼ਾਂ ਬਾਰੇ ਜਾਣੂ ਕਰਾਇਆ । ਇਸ ਸਮਾਗਮ ਵਿੱਚ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਮੈਡਮ ਅਨਮੋਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਮੈਡਮ ਅਨਮੋਲਜੀਤ ਕੌਰ ਨੂੰ 'ਜੀ ਆਇਆਂ' ਆਖਦਿਆਂ, ਕਿਹਾ ਕਿ ਸੰਵਿਧਾਨ ਸਾਨੂੰ ਲੋਕਤੰਤਰ ਦੇ ਮੂਲ ਸੰਕਲਪਾਂ—ਸਮਾਨਤਾ, ਅਜ਼ਾਦੀ, ਨਿਆਂ ਅਤੇ ਭਾਈਚਾਰੇ ਦੀ ਪੂਰੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਿਰਫ਼ ਇੱਕ ਕਾਨੂੰਨੀ ਪਾਠ ਨਹੀਂ ਹੈ - ਇਹ ਸਾਡੇ ਲੋਕਤੰਤਰ ਦੀ ਆਤਮਾ ਹੈ। ਇਸਨੂੰ ਬਣਾਉਣ ਲਈ ਡਾ. ਭੀਮਰਾਓ ਅੰਬੇਡਕਰ ਜੀ ਦੀ ਅਗਵਾਈ ਵਿੱਚ ਸੰਵਿਧਾਨ ਸਭਾ ਨੇ ਲੰਮਾ ਸਮਾਂ ਮਿਹਨਤ ਕੀਤੀ। ਇਸ ਵਿੱਚ ਸਾਰੇ ਨਾਗਰਿਕਾਂ ਲਈ ਸਮਾਨਤਾ, ਆਜ਼ਾਦੀ, ਨਿਆਂ ਅਤੇ ਬਰਾਬਰੀ ਨੂੰ ਵੱਖ-ਵੱਖ ਧਾਰਾਂ ਰਾਹੀਂ ਯਕੀਨੀ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਸਾਨੂੰ ਅਧਿਕਾਰ ਤਾਂ ਦਿੰਦਾ ਹੀ ਹੈ, ਨਾਲ ਹੀ ਫਰਜ਼ ਵੀ ਦਿੰਦਾ ਹੈ। ਨਾਗਰਿਕ ਹੋਣ ਦੇ ਨਾਤੇ ਸਾਡੇ ਉੱਪਰ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰੀਏ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਤਿਕਾਰ ਕਰੀਏ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਈਏ। ਮੁੱਖ ਮਹਿਮਾਨ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਮੈਡਮ ਅਨਮੋਲਜੀਤ ਕੌਰ ਨੇ ਸੰਵਿਧਾਨ ਨੂੰ ਸਿਰਫ਼ ਇੱਕ ਦਸਤਾਵੇਜ਼ ਨਾ ਸਮਝ ਕੇ, ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਜੀਵੰਤ ਮਾਰਗਦਰਸ਼ਕ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਮੁੱਲ – ਸਮਾਨਤਾ, ਅਜ਼ਾਦੀ, ਨਿਆਇ ਤੇ ਭਾਈਚਾਰਾ – ਇੱਕ ਸਸ਼ਕਤ ਅਤੇ ਵਿਕਸਿਤ ਰਾਸ਼ਟਰ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੇ ਦਿਨ-ਚੜ੍ਹਦੇ ਜੀਵਨ ਵਿੱਚ ਸੰਵਿਧਾਨ ਦੀਆਂ ਰਾਹਨੁਮਾਈਆਂ ਨੂੰ ਕਿਵੇਂ ਅਪਣਾਈਏ। ਜੇ ਅਸੀਂ ਹਰ ਰੋਜ਼ ਸੱਚਾਈ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰੀਏ ਤਾਂ ਆਉਂਦੀ ਪੀੜ੍ਹੀ ਲਈ ਇੱਕ ਚੰਗਾ ਭਵਿੱਖ ਤਿਆਰ ਕੀਤਾ ਜਾ ਸਕਦਾ । ਸੰਵਿਧਾਨ ਦਿਵਸ ਸਾਨੂੰ ਯਾਦ ਦਵਾਉਂਦਾ ਹੈ ਕਿ ਅਸੀਂ ਇਕ ਲੋਕਤੰਤਰਿਕ ਦੇਸ਼ ਦੇ ਗੌਰਵਮਈ ਨਾਗਰਿਕ ਹਾਂ। ਆਓ ਅਸੀਂ ਸਭ ਮਿਲ ਕੇ ਸੰਵਿਧਾਨ ਦੇ ਮੁੱਲਾਂ ਦੀ ਰੱਖਿਆ ਕਰੀਏ ਅਤੇ ਰਾਸ਼ਟਰ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਈਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ, ਲੋਕਤੰਤਰਕ ਮੁੱਲਾਂ ਅਤੇ ਕਾਨੂੰਨੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ।
ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚੋਂ ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਜੀਵਨਜੋਤ ਕੌਰ ਤੇ ਹਰਜਾਬ ਸਿੰਘ ਨੇ ਦੂਜਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ.ਢਿੱਲੋ, ਮੁੱਖ ਮਹਿਮਾਨ ਮੈਡਮ ਅਨਮੋਲਜੀਤ ਕੌਰ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਗਗਨ ਡੋਗਰਾ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ।
ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਸੰਦੀਪ ਸਿੰਘ, ਪ੍ਰੋ. ਵਿਸ਼ਾਲ ਸ਼ੁਕਲਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ

No comments:
Post a Comment