ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਬਿਜ਼ਨਸ ਸਟੱਡੀਜ਼ ਕਲੱਬ ਵੱਲੋਂ ਵਿਦਿਆਰਥੀਆਂ ਨੂੰ ਸਟਾਰਟਅੱਪ ਕਲਚਰ ਅਤੇ ਖ਼ੁਦ ਰੋਜ਼ਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ, ਇੰਟਰਪ੍ਰਨਿਊਰਸ਼ਿਪ (Entrepreneurship) ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਉੱਘੇ ਅਰਥਸ਼ਾਸਤਰੀ ਡਾ. ਬਿਕਰਮ ਸਿੰਘ ਵਿਰਕ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ।
ਸੈਮੀਨਾਰ ਦੌਰਾਨ ਡਾ. ਬਿਕਰਮ ਸਿੰਘ ਵਿਰਕ ਨੇ ਇੰਟਰਪ੍ਰਨਿਊਰਸ਼ਿਪ ਦੀ ਮਹੱਤਤਾ ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਦਰਸਾਇਆ ਕਿ ਅੱਜ ਦੇ ਯੁੱਗ ਵਿੱਚ ਨੌਕਰੀ ਖੋਜਣ ਦੀ ਬਜਾਏ, ਨੌਕਰੀ ਬਣਾਉਣ ਦੀ ਸੋਚ ਵਿਦਿਆਰਥੀਆਂ ਨੂੰ ਤਰੱਕੀ ਦੇ ਨਵੇਂ ਰਾਹ ਦਿਖਾਉਂਦੀ ਹੈ। ਇੰਟਰਪ੍ਰਨਿਊਰਸ਼ਿਪ ਸਿਰਫ਼ ਇੱਕ ਕਾਰੋਬਾਰ ਸ਼ੁਰੂ ਕਰਨ ਦਾ ਨਾਮ ਨਹੀਂ, ਸਗੋਂ ਇਹ ਇੱਕ ਸੋਚ ਹੈ—ਇੱਕ ਹਿੰਮਤ ਹੈ—ਇੱਕ ਦ੍ਰਿਸ਼ਟੀਕੋਣ ਹੈ ਜੋ ਕਿਸੇ ਵੀ ਆਮ ਵਿਅਕਤੀ ਨੂੰ ਅਸਾਧਾਰਣ ਬਣਾ ਸਕਦਾ ਹੈ। ਇੱਕ ਇੰਟਰਪ੍ਰਨਿਊਰ ਉਹ ਹੈ ਜੋ ਮੁਸ਼ਕਲਾਂ ਵਿੱਚ ਮੌਕੇ ਲੱਭਦਾ ਹੈ, ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਹੈ ਤੇ ਉਨ੍ਹਾਂ ਨੂੰ ਹਕੀਕਤ ਦਾ ਰੂਪ ਦੇਣ ਦੀ ਹਿੰਮਤ ਰੱਖਦਾ ਹੈ। ਉਨ੍ਹਾਂ ਕਿਹਾ ਕਿ
ਅੱਜ ਦੇ ਸਮੇਂ ਵਿੱਚ, ਜਦੋਂ ਤਕਨੀਕੀ ਯੁੱਗ ਆਪਣੀ ਚਰਮ ਸੀਮਾ ‘ਤੇ ਹੈ, ਇੰਟਰਪ੍ਰਨਿਊਰਸ਼ਿਪ ਦੇਸ਼ ਦੀ ਆਰਥਿਕ ਰੀੜ ਦੀ ਹੱਡੀ ਬਣ ਚੁੱਕੀ ਹੈ। ਸਟਾਰਟਅਪ ਕਲਚਰ ਨੇ ਸਾਨੂੰ ਦੱਸ ਦਿੱਤਾ ਹੈ ਕਿ ਸਫ਼ਲਤਾ ਕਿਸੇ ਵੱਡੀ ਕੰਪਨੀ ਦੀ ਗਿਫ਼ਟ ਨਹੀਂ, ਸਗੋਂ ਇੱਕ ਛੋਟੇ ਜਿਹੇ ਵਿਚਾਰ ਨਾਲ ਵੀ ਵੱਡੇ ਬਦਲਾਅ ਲਿਆਏ ਜਾ ਸਕਦੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਸਟਾਰਟਅੱਪ ਦੀ ਯੋਜਨਾ ਤਿਆਰ ਕਰਨ, ਫੰਡਿੰਗ ਪ੍ਰਕਿਰਿਆ, ਮਾਰਕੀਟਿੰਗ ਅਤੇ ਡਿਜਿਟਲ ਇਨੋਵੇਸ਼ਨ ਬਾਰੇ ਭਲੀਭਾਂਤੀ ਚਰਚਾ ਕੀਤੀ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇੰਟਰਪ੍ਰਨਿਊਰਸ਼ਿਪ ਰਾਹੀਂ ਨਵੀਂ ਰਾਹਦਾਰੀ ਖੁੱਲ੍ਹਦੀ ਹੈ, ਜੋ ਸਿਰਫ਼ ਵਿਅਕਤੀਗਤ ਨਹੀਂ ਸਗੋਂ ਸਮਾਜਕ ਵਿਕਾਸ ਲਈ ਵੀ ਅਤੀ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਕਿ ਇੱਕ ਇੰਟਰਪ੍ਰਨਿਊਰ ਬਣਨ ਲਈ ਸਭ ਤੋਂ ਪਹਿਲਾਂ ਜ਼ਰੂਰਤ ਹੁੰਦੀ ਹੈ ਆਪਣੇ ‘ਤੇ ਭਰੋਸੇ ਦੀ, ਸਰਜਨਾਤਮਕ ਸੋਚ ਦੀ, ਲਗਨ ਦੀ ਅਤੇ ਨਿਰੰਤਰ ਸਿੱਖਣ ਦੀ।
ਡਰ ਨੂੰ ਪਿੱਛੇ ਛੱਡ ਕੇ ਨਵੇਂ ਰਸਤੇ ਲੱਭਣੇ ਹੀ ਉਦਮਿਤਾ ਦੀ ਅਸਲ ਪਹਿਚਾਨ ਹੈ।
ਅੱਜ ਦੇ ਨੌਜ਼ਵਾਨ ਜੇ ਇੰਟਰਪ੍ਰਨਿਊਰਸ਼ਿਪ ਵੱਲ ਕਦਮ ਵਧਾਉਣ, ਤਾਂ ਨਾ ਕੇਵਲ ਉਹ ਆਪਣਾ ਭਵਿੱਖ ਤਿਆਰ ਕਰਦੇ ਹਨ, ਸਗੋਂ ਨਵੀਆਂ ਨੌਕਰੀਆਂ, ਨਵੀਆਂ ਤਕਨੀਕਾਂ ਅਤੇ ਨਵੀਂ ਸੋਚਾਂ ਦਾ ਜਨਮ ਵੀ ਦਿੰਦੇ ਹਨ।
ਅਖ਼ੀਰ ਵਿੱਚ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਡਿੰਪਲ ਭੰਡਾਰੀ ਨੇ ਸਭ ਦਾ ਧੰਨਵਾਦ ਕੀਤਾ। ਸੈਮੀਨਾਰ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਸੁਮੀਤ ਸਰਾਓ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਅਮਨਦੀਪ ਕੌਰ ਚੀਮਾ, ਡਾ. ਅਮਰੀਕ ਸਿੰਘ, ਪ੍ਰੋ. ਗਗਨ,ਪ੍ਰੋ. ਇੰਦਰਪ੍ਰੀਤ ਸਿੰਘ ਅਤੇ ਪ੍ਰੋ. ਸੰਦੀਪ ਸਿੰਘ ਵੀ ਹਾਜ਼ਰ ਸਨ।

No comments:
Post a Comment