Friday, 21 June 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ|



ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਨਹਿਰੂ ਯੁਵਾ  ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਆਨਲਾਈਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੇ ਪ੍ਰਾਣਾਯਾਮ, ਧਿਆਨ, ਸਮਾਧੀ, ਯੁਗਤਾਹਾਰ, ਮੰਤਰ ਜਪ, ਸ਼ਵ, ਸਿੱਧ, ਭੁੰਜਗ ਆਦਿ ਆਸਣਾਂ ਰਾਹੀਂ ਯੋਗ ਨੂੰ ਆਪਣੇ ਜੀਵਨ ਦਾ ਪ੍ਰਮੁੱਖ ਹਿੱਸਾ ਬਣਾਉਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਜਿੱਥੇ ਜੀਵਨ ਵਿੱਚ ਕੁਸ਼ਲਤਾ ਲਿਆਉਂਦਾ ਹੈ, ਉੱਥੇ ਯੋਗ ਨੇ ਉਨ੍ਹਾਂ ਵਿਅਕਤੀਆਂ ਨੂੰ ਅਨੇਕਾਂ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਅਧਿਆਤਮਿਕ ਲਾਭ ਪਹੁੰਚਾਏ ਹਨ, ਜੋ ਰੋਜ਼ਾਨਾ ਇਸ ਦਾ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਹਰੇਕ ਵਿਅਕਤੀ ਤੰਦਰੁਸਤ ਹੋਵੇ, ਇਹ ਸੁਪਨਾ ਤਦ ਹੀ ਪੂਰਾ ਹੋ ਸਕਦਾ ਹੈ, ਜੇ ਹਰੇਕ ਵਿਅਕਤੀ ਸਵੇਰੇ ਉੱਠ ਕੇ ਯੋਗ ਕਰੇ। ਨਹਿਰੂ ਯੁਵਾ ਕੇਂਦਰ ਦੇ ਯੁਵਾ ਅਫ਼ਸਰ ਮੈਡਮ ਗਗਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਯੋਗ ਸਰੀਰਿਕ ਅਤੇ ਮਾਨਸਿਕ ਤੌਰ ਉੱਤੇ ਹੀ ਇਨਸਾਨ ਨੂੰ ਮਜ਼ਬੂਤ ਨਹੀਂ ਬਣਾਉਂਦਾ ਸਗੋਂ ਉਸ ਅੰਦਰ ਆਤਮ ਵਿਸ਼ਵਾਸ ਵੀ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਮਾਸਪੇਸ਼ੀਆਂ ਬਣਦੀਆਂ ਹਨ ਅਤੇ ਪਾਚਨ ਸ਼ਕਤੀ ਵਿੱਚ  ਸੁਧਾਰ ਹੁੰਦਾ ਹੈ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਵਿਦਿਆਰਥੀਆਂ ਨੂੰ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਜਿੱਥੇ ਸੈਰ ਤੇ ਕਸਰਤ ਕਰਦੇ ਰਹਿਣਾ ਚਾਹੀਦਾ ਹੈ, ਉੱਥੇ ਯੋਗ ਨੂੰ  ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।  ਯੋਗ ਅੰਦਰੂਨੀ ਅੰਗਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸ਼ੂਗਰ ਸਮੇਤ ਹੋਰ ਬਿਮਾਰੀਆਂ ਦੇ ਪ੍ਰਭਾਵ ਨੂੰ ਵੀ ਘੱਟ ਕਰਨ ਵਿੱਚ ਯੋਗ ਦਾ ਅਹਿਮ ਸਥਾਨ ਹੈ।

Friday, 14 June 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਨੂੰ ਬੀ.ਸੀ.ਏ. ਅਤੇ ਬੀ.ਬੀ.ਏ. ਕੋਰਸਾਂ ਲਈ AICTE ਵੱਲੋਂ ਮਿਲੀ ਮਾਨਤਾ|

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਸੈਸ਼ਨ 2024-25 ਤੋਂ ਟੈਕਨੀਕਲ ਕੋਰਸ ਬੀ.ਸੀ.ਏ. ਅਤੇ ਬੀ.ਬੀ.ਏ. ਲਈ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨਵੀਂ ਦਿੱਲੀ (AICTE) ਵੱਲੋਂ  ਮਾਨਤਾ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਿਸ਼ਨ, ਹਰ ਖੇਤਰ ਵਿੱਚ ਯੋਗਤਾ ਦੇ ਅਨਰੂਪ ਸਕਿਲ ਡਿਵੈਲਪਮੈਂਟ ਕਰਕੇ ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਫੀਲਡ ਵਿੱਚ ਮਾਹਿਰ ਬਣਾਉਣਾ ਹੈ, ਤਾਂ ਜੋ ਉਹ ਆਈ.ਟੀ., ਬਿਜ਼ਨਸ ਅਤੇ ਇਸ ਨਾਲ ਜੁੜੇ ਸੈਕਟਰ ਵਿੱਚ ਆਸਾਨੀ ਨਾਲ ਨੌਕਰੀ  ਪ੍ਰਾਪਤ ਕਰ ਸਕਣ।  ਪ੍ਰਿੰਸੀਪਲ ਡਾ.ਢਿੱਲੋ ਨੇ ਦੱਸਿਆ ਕਿ ਕਾਲਜ ਵਿੱਚ ਬਹੁਤ ਹੀ ਮਾਹਿਰ ਅਤੇ ਅਨੁਭਵੀ ਟੀਚਰ ਕੰਮ ਕਰ ਰਹੇ ਹਨ।ਏ.ਆਈ.ਸੀ.ਟੀ.ਈ. ਵੱਲੋਂ ਮਾਨਤਾ ਪ੍ਰਾਪਤ ਇਨ੍ਹਾਂ ਕੋਰਸਾਂ ਵਿੱਚ ਐਡਮਿਸ਼ਨ ਲੈ ਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਇੰਡਸਟਰੀ ਖ਼ੇਤਰ ਵਿੱਚ ਵਿਦਿਆਰਥੀਆਂ ਨੂੰ ਕੰਮ ਕਰਨ ਦੇ ਕਈ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਇਨ੍ਹਾਂ ਕੋਰਸਾਂ ਨੂੰ ਕਰਕੇ ਵਿਦਿਆਰਥੀਆ ਨੂੰ ਪਲੇਸਮੈਂਟ ਅਤੇ ਸਕਿਲ ਅਨਰੂਪ  ਇੰਡਸਟਰੀ ਵਿੱਚ ਸਿੱਧੀ ਨੌਕਰੀ ਦੇ ਮੌਕੇ ਮਿਲਣਗੇ। ਇਸ ਦੇ  ਨਾਲ ਨਾਲ ਹੀ ਵਿਦਿਆਰਥੀ AICTE ਵੱਲੋਂ ਵੱਖ-ਵੱਖ ਤਰ੍ਹਾਂ ਦੇ ਲਾਭ ਲੈਣ ਦੇ ਯੋਗ ਵੀ ਹੋਣਗੇ ਜਿਵੇਂ  ਜੌਬ ਐਂਡ ਇੰਟਰਨਸ਼ਿਪ ਦੇ ਮੌਕੇ ਮਿਲਣਗੇ । ਕੈਰੀਅਰ ਡਿਵੈਲਪਮੈਂਟ ਨਾਲ ਸੰਬੰਧਿਤ ਜਾਣਕਾਰੀ ਮਿਲੇਗੀ। ਕਮਿਊਨਿਟੀ ਬੇਸਡ ਲਰਨਿੰਗ ਦੀ ਸਹੂਲਤ ਪ੍ਰਾਪਤ ਹੋਵੇਗੀ। ਵਿਦਿਆਰਥੀਆਂ ਨੂੰ ਵੱਖ ਵੱਖ ਕਿਤਾਬਾਂ ਸਬੰਧੀ ਆਨਲਾਈਨ ਡਿਸਕਸ਼ਨ  ਦੇ ਮੌਕੇ ਮਿਲਣਗੇ। ਇਸ ਤੋਂ ਇਲਾਵਾ ਸਟੂਡੈਂਟ ਡਿਵੈਲਪਮੈਂਟ ਸਕੀਮ ਅਧੀਨ ਸਵਨਾਥ ਸਕਾਲਰਸ਼ਿਪ ਸਕੀਮ, ਜੀ.ਆਰ.ਆਈ. ਸਕੀਮ ਅਤੇ ਲੀਲਾਵਤੀ ਅਵਾਰਡ ਆਦਿ ਵਰਗੀਆਂ ਲਾਭਦਾਇਕ ਸਕੀਮ ਦਾ ਲਾਭ ਵੀ ਪ੍ਰਾਪਤ ਹੋਵੇਗਾ।

Wednesday, 29 May 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਦਾਖ਼ਲਾ ਹੈਲਪ ਡੈਸਕ ਅਤੇ ਕੈਰੀਅਰ ਕੌਂਸਲਿੰਗ ਸੈੱਲ ਸਥਾਪਿਤ|

ਪੰਜਾਬ ਅਤੇ ਚੰਡੀਗੜ੍ਹ ਵਿੱਚ ਚੱਲ ਰਹੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਵਿੱਚ ਦਾਖ਼ਲੇ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ਚੱਲ ਰਿਹਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ  ਇਨ੍ਹਾਂ ਯੂਨੀਵਰਸਿਟੀਆਂ ਦੇ ਐਫੀਲੇਟਡ ਕਾਲਜਾਂ ਵਿੱਚ ਦਾਖ਼ਲਾ ਲੈਣਾ ਹੈ, ਉਨ੍ਹਾਂ ਲਈ ਇਸ ਪੋਰਟਲ ਉੱਤੇ ਅਪਲਾਈ ਕਰਨਾ ਜ਼ਰੂਰੀ ਹੈ। ਇਸ ਸਬੰਧੀ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ  ਕਪੂਰਥਲਾ ਵਿੱਚ ਦਾਖ਼ਲਾ ਹੈਲਪ ਡੈਸਕ ਅਤੇ ਕੈਰੀਅਰ ਕੌਂਸਲਿੰਗ ਸੈੱਲ ਸਥਾਪਿਤ ਕੀਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਨ੍ਹਾਂ ਕਾਲਜਾਂ ਵਿੱਚ ਦਾਖ਼ਲਾ ਲੈਣਾ ਹੋਵੇ ਜਾਂ  ਦਾਖ਼ਲੇ ਸਬੰਧੀ ਕੋਈ ਸਮੱਸਿਆ ਹੋਵੇ, ਉਹ ਇਸ ਸੈੱਲ ਨਾਲ ਸੰਪਰਕ ਕਰ ਸਕਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਪੂਰਥਲਾ ਅਤੇ ਇਸ ਦੇ ਨਜ਼ਦੀਕ ਰਹਿ ਰਹੇ ਵਿਦਿਆਰਥੀਆਂ ਨੂੰ ਕੈਫੇ ਵਿੱਚ ਪੈਸੇ ਤੇ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਵਿਦਿਆਰਥੀ ਫ਼ਰੀ ਆਨਲਾਈਨ ਅਪਲਾਈ ਕਰ ਸਕਦੇ ਹਨ। ਭਾਵੇਂ ਵਿਦਿਆਰਥੀਆਂ ਨੇ ਇਨ੍ਹਾਂ ਯੂਨੀਵਰਸਿਟੀਆਂ ਨਾਲ ਸੰਬੰਧਿਤ ਕਿਸੇ ਹੋਰ ਕਾਲਜ ਵਿੱਚ ਦਾਖਲਾ ਲੈਣਾ ਹੋਵੇ, ਉਹ ਵੀ ਫ਼ਰੀ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਵੱਖ-ਵੱਖ ਵਿਸ਼ੇ ਦੀ ਚੋਣ ਕਰਨ ਅਤੇ ਉਨ੍ਹਾਂ ਦੇ ਰੁਜ਼ਗਾਰ ਦੇ ਮੌਕੇ ਸਬੰਧੀ ਕਾਲਜ ਦੇ ਕੈਰੀਅਰ ਕੌਂਸਲਿੰਗ ਸੈੱਲ ਤੋਂ ਵਿਸਥਾਰ ਵਿੱਚ ਜਾਣਕਾਰੀ  ਹਾਸਿਲ ਕਰ ਸਕਦੇ ਹਨ।

Friday, 17 May 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਨੇ ਰਾਸ਼ਟਰੀ ਪੱਧਰ ਦੀ ਐਜੂਕੇਸ਼ਨ, ਟ੍ਰੇਨਿੰਗ ਅਤੇ ਸਰਵਿਸਿਜ਼ ਕੰਪਨੀ ਸਕਰੋਲਵੈਲ ਨਾਲ ਕੀਤਾ ਐਮ.ਓ.ਯੂ ਸਾਈਨ |


 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵੱਲੋਂ ਬਿਹਤਰੀਨ ਸਿੱਖਿਆ ਦੇਣ ਦੇ ਨਾਲ-ਨਾਲ  ਵਿਦਿਆਰਥੀਆਂ ਅਤੇ ਸਟਾਫ਼ ਦੇ ਆਤਮਿਕ ਵਿਕਾਸ ਅਤੇ ਅਕਾਦਮਿਕ ਉੱਨਤੀ ਲਈ ਸਮੇਂ ਸਮੇਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਵਿੱਚ ਹੋਰ ਵਾਧਾ ਕਰਦਿਆਂ ਕਾਲਜ ਨੇ ਐਜੂਕੇਸ਼ਨ,
ਟ੍ਰੇਨਿੰਗ ਅਤੇ ਸਰਵਿਸਿਸ ਨਾਲ ਸੰਬੰਧਿਤ ਕੰਪਨੀ ਸਕਰੋਲਵੈੱਲ ਨਾਲ ਐਮ.ਓ.ਯੂ ਸਾਈਨ ਕੀਤਾ। 

ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਸਕਰੋਲਵੈੱਲ ਨੇ ਪਹਿਲਾਂ ਵੀ ਸਟਾਫ਼ ਅਤੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਅਤੇ ਟ੍ਰੇਨਿੰਗ ਲਈ ਕਈ ਨੈਸ਼ਨਲ ਪੱਧਰ ਦੇ ਐਮ.ਓ.ਯੂ ਸਾਈਨ ਕੀਤੇ ਹਨ। ਉਹਨਾਂ ਕਿਹਾ ਕਿ ਇਹ ਕੰਪਨੀ ਨੌਲਜ ਪਾਰਟਨਰ ਦਾ ਕੰਮ ਕਰੇਗੀ ਅਤੇ ਕਾਲਜ ਬੁਨਿਆਦੀ ਟ੍ਰੇਨਿੰਗ ਪਾਰਟਨਰ ਰਹੇਗਾ। ਸਾਡੀ ਸੰਸਥਾ ਨਾਲ ਰਲ ਕੇ ਇਹ ਐਫ.ਡੀ, ਐਸ.ਡੀ., ਵਰਕਸ਼ਾਪ ਅਤੇ ਸੈਮੀਨਾਰ ਆਦਿ ਵਿੱਚ ਸਹਾਇਤਾ ਕਰੇਗੀ। ਇਸ ਦੇ ਨਾਲ ਹੀ ਇਸ ਐਮ.ਓ.ਯੂ ਦਾ ਮਕਸਦ ਸਕਿਲ ਦੇ ਵਿਕਾਸ ਲਈ ਵਿਵਸਥਿਤ ਪਹੁੰਚ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਯਕੀਨੀ ਤੌਰ ਤੇ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਇਹ ਐਮ.ਓ.ਯੂ ਯੁਵਾ ਦਿਮਾਗ ਨੂੰ ਨਵੀਨਤਾ ਅਤੇ ਵਿਦਵਤਾਵਾਦੀ ਵਿਚਾਰਾਂ ਵੱਲ ਪ੍ਰੇਰਿਤ ਕਰੇਗਾ। ਇਸ ਮੌਕੇ ਸਕਰੋਲ ਵੈਲ ਕੰਪਨੀ ਦੇ ਸੀ.ਈ.ਓ ਸ਼੍ਰੀ ਰੋਸ਼ਨ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ  MSME, Skill India  ਅਤੇ CIILE, ( Chanakya Nation Law University Innovation and Incubation Lab ਦੁਆਰਾ ਸਪੋਰਟਡ ਹੈ ਅਤੇ  ਡਿਜ਼ੀਟਲ ਸਕਿਲ ਨੂੰ ਭਾਰਤ ਵਿੱਚ ਪ੍ਰਮੋਟ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਉਨਾਂ ਪ੍ਰਸੰਨਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਐਮ.ਓ.ਯੂ ਨਾਲ ਦੋਵੇਂ ਸੰਸਥਾਵਾਂ ਨੂੰ ਲਾਭ ਹੋਵੇਗਾ।

Friday, 3 May 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਈ ਐਲੂਮਨੀ ਮੀਟ-2024 |






ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਐਲੂਮਨੀ ਮੀਟ -2024 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਐਲੂਮਨੀ ਮੀਟ ਵਿੱਚ ਕਾਲਜ ਵਿੱਚੋਂ ਪੜ੍ਹ ਕੇ ਜਾ ਚੁੱਕੇ ਵਿਦਿਆਰਥੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਅਤੇ ਕਾਲਜ ਦੇ ਨਿੱਘੇ ਸੱਦੇ ਉੱਤੇ ਵਿਦਿਆਰਥੀ ਹੁੰਮ ਹੁੰਮਾ ਕੇ  ਪਹੁੰਚੇ। ਪ੍ਰਿੰਸੀਪਲ ਡਾ. ਢਿੱਲੋ   ਨੇ ਐਲੂਮਨੀ ਮੀਟ ਵਿੱਚ ਆਉਣ ਵਾਲੇ ਸਾਰੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ, ਸਾਬਕਾ ਵਿਦਿਆਰਥੀਆਂ ਨੂੰ ਸੰਸਥਾ ਦੀ ਰੀਡ ਦੀ ਹੱਡੀ ਦੱਸਿਆ। ਇਸ ਦੇ ਨਾਲ-ਨਾਲ ਸੰਸਥਾ ਦੀ ਤਰੱਕੀ ਅਤੇ ਪ੍ਰਾਪਤੀਆਂ ਬਾਰੇ ਵੀ ਉਨ੍ਹਾਂ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਦਸਦਿਆਂ, ਸੰਸਥਾ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ  ਦਿੱਤੀ। ਉਨ੍ਹਾਂ ਸਾਰਿਆਂ ਨੂੰ ਸੰਬੋਧਨ ਕਰਦਿਆਂ ਏਕਤਾ ਅਤੇ ਅਖੰਡਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਨੌਜ਼ਵਾਨਾਂ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆ, ਸਾਰਿਆਂ ਨੂੰ ਇਮਾਨਦਾਰੀ ਤੇ ਸਮਾਜ ਲਈ ਵੱਧ ਚੜ੍ਹ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐਲੂਮਨੀ ਮੀਟ ਰਾਹੀਂ ਸਾਰੇ ਪੁਰਾਣੇ ਸਾਥੀਆਂ ਨੂੰ ਇਕੱਠਾ ਕਰਨਾ ਸੰਸਥਾ ਦਾ ਮੁੱਖ ਮੰਤਵ ਹੈ।  ਇਸ ਮੌਕੇ ਬੀ. ਕਾਮ. ਦੇ ਸਾਬਕਾ ਵਿਦਿਆਰਥੀ ਤੁਸ਼ਾਰ ਸਾਗਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉਸ ਨੂੰ ਇਸ ਸੰਸਥਾ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਉਸਨੇ ਕਿਹਾ ਕਿ ਪੜ੍ਹਾਈ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ  ਵਿੱਚ ਹਿੱਸਾ ਲੈਣਾ, ਵੱਖ-ਵੱਖ ਕਾਲਜਾਂ ਦੇ ਨਾਲ ਨਾਲ ਆਪਣੇ ਕਾਲਜ ਦੇ ਹਰ  ਪ੍ਰੋਗਰਾਮ ਵਿੱਚ ਭਾਗ ਲੈਣਾ ਆਦਿ , ਮੇਰੇ ਲਈ ਖੁਸ਼ਨਸੀਬ ਪਲ ਸਨ। ਇਸੇ ਤਰ੍ਹਾਂ ਬੀ.ਸੀ.ਏ. ਦੇ ਸਾਬਕਾ ਵਿਦਿਆਰਥੀ ਗੁਰਤੇਜ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਕਾਲਜ ਦੇ ਅਧਿਆਪਕਾਂ ਨੇ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਬਹੁਤ ਵਧੀਆ ਤਰੀਕੇ ਨਾਲ ਕਰਾਇਆ, ਜਿਸ ਦੀ ਬਦੌਲਤ ਮੈਂ ਤਿੰਨ ਜ਼ਿਲ੍ਹਿਆਂ  ਵਿੱਚ ਆਪਣਾ ਸਫ਼ਲ ਬਿਜ਼ਨਸ ਸਥਾਪਤ ਕਰ ਚੁੱਕਾ ਹਾਂ। ਇਸ ਤੋਂ ਇਲਾਵਾ ਹੋਰ ਪੁਰਾਣੇ ਵਿਦਿਆਰਥੀਆਂ ਨੇ ਵੀ ਮਿਲਣੀ ਦੌਰਾਨ ਆਪਣੇ ਕਾਲਜ ਵਿੱਚ ਬਿਤਾਏ ਹੋਏ ਪਲ ਅਤੇ ਆਪਣੇ ਅਨੁਭਵ ਨੂੰ ਦੱਸਦਿਆਂ ,ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ । ਨਾਲ ਹੀ ਉਨ੍ਹਾਂ ਕਾਲਜ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਾਲਜ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵਿਦਿਆਰਥੀਆਂ ਦੁਆਰਾ ਗੀਤ ਅਤੇ ਕਵਿਤਾਵਾਂ ਆਦਿ ਪੇਸ਼ ਕਰਕੇ ਐਲੂਮਨੀ ਮੀਟ ਨੂੰ ਸਫ਼ਲ ਬਣਾਇਆ । ਇਸ ਮੌਕੇ ਤੇ  ਉੱਚ ਸਿੱਖਿਆ ਹਾਸਲ ਕਰ ਰਹੇ ਸਾਬਕਾ ਵਿਦਿਆਰਥੀਆਂ ਨੇ ਆਪਣੇ ਸਫ਼ਲ  ਕਾਰੋਬਾਰਾਂ ਅਤੇ ਪ੍ਰਾਪਤ ਕੀਤੀ ਨੌਕਰੀ   ਬਾਰੇ ਵੀ ਕਾਲਜ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ। ਇਸ ਮੌਕੇ ਐਲੂਮਨੀ ਮੀਟ ਦੇ ਕੋਆਰਡੀਨੇਟਰ ਪ੍ਰੋ. ਅਮਨਦੀਪ ਕੌਰ ਚੀਮਾ ਨੇ ਐਲੂਮਨੀ ਮੀਟ ਵਿੱਚ ਆਏ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ, ਉਨ੍ਹਾਂ ਦੇ  ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਐਲੂਮਨੀ ਮੀਟ ਵਿਚ 100 ਤੋਂ ਵੱਧ ਐਲੂਮਨੀਆਂ ਨੇ ਹਿੱਸਾ ਲਿਆ।  ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।

 

Thursday, 25 April 2024

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵੱਲੋਂ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ|



ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਸੰਚਾਲਨ ਰਾਜਨੀਤੀ ਵਿਗਿਆਨ ਵਿਭਾਗ  ਵੱਲੋਂ ਕਾਲਜ ਦੇ SOCIAL SENSITIZATION CELL (ਸਮਾਜਿਕ ਸੰਵੇਦਨਸ਼ੀਲਤਾ ਸੈੱਲ )ਦੇ ਸਹਿਯੋਗ ਨਾਲ ਕੀਤਾ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.ਆਰ.ਪੀ.ਐਸ. ਬੇਦੀ, ਜੋਇੰਟ ਰਜਿਸਟਰਾਰ  ਅਤੇ ਡੀਨ (P&EP), IKG, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਸਨ । ਸਮਾਗਮ ਦੀ ਸ਼ੁਰੂਆਤ  ਮਾਣਯੋਗ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੇ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਆਏ ਹੋਏ ਮਹਿਮਾਨ ਅਤੇ ਮੁਖ ਵਕਤਾ  Dr.  ਬੇਦੀ  ਨੂੰ ਜੀ ਆਇਆਂ ਆਖਿਆ। ਉਨ੍ਹਾਂ ਨੇ  ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਨ 1993 ਵਿੱਚ ਸੰਵਧਾਨ ਵਿਚ 73ਵੇਂ ਸੋਧ ਐਕਟ ਦੇ ਲਾਗੂ ਹੋਣ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ, ਜਿਸ ਨੇ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਤਿੰਨ-ਪੱਧਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ।  ਉਨ੍ਹਾਂ ਅਗੇ ਕਿਹਾ ਕਿ , ਅਜੋਕੇ ਸਮੇਂ ਵਿੱਚ, ਪੰਚਾਇਤੀ ਰਾਜ ਦਾ ਮਹੱਤਵ ਵਧਿਆ ਹੈ, ਕਿਉਂਕਿ ਭਾਰਤ ਲਈ ਸੰਮਿਲਿਤ ਵਿਕਾਸ ਅਤੇ ਜਲਵਾਯੂ ਤਬਦੀਲੀ ਅਤੇ ਪੇਂਡੂ-ਸ਼ਹਿਰੀ ਪਰਵਾਸ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਸਥਾਨਕ ਪ੍ਰਸ਼ਾਸਨ ਜ਼ਰੂਰੀ ਹੈ। ਇਹ ਦਿਨ ਰਾਸ਼ਟਰੀ ਸਥਾਨਕ ਸਵੈ-ਸ਼ਾਸਨ ਅਤੇ ਜਮਹੂਰੀ ਵਿਕੇਂਦਰੀਕਰਨ ਦਾ ਜਸ਼ਨ ਮਨਾਉਂਦਾ ਹੈ। ਕਿਉਂਕਿ ਇੱਕ ਮਜ਼ਬੂਤ ਸਥਾਨਕ ਸਰਕਾਰ ਪੇਂਡੂ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰੇਗੀ। 

ਕਾਲਜ਼ ਵਿੱਚ ਇਸ ਦਿਨ, ਲੇਖ ਲਿਖਣ, ਭਾਸ਼ਣ ਅਤੇ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ.ਆਰ.ਪੀ.ਐਸ. ਬੇਦੀ ਅਤੇ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਵੱਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਲੇਖ ਲਿਖਣ ਵਿੱਚ ਮਨਜਿੰਦਰ ਸਿੰਘ ਨੇ ਪਹਿਲਾ, ਸਹਿਜਦੀਪ ਸਿੰਘ ਨੇ ਦੂਜਾ ਅਤੇ ਸਾਹਿਬਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਜੀਵਨਜੋਤ ਕੌਰ ਨੇ ਪਹਿਲਾ, ਰਿਤਿਕ ਠਾਕੁਰ ਅਤੇ ਹਰਜਾਪ ਸਿੰਘ ਨੇ ਦੂਜਾ ਅਤੇ ਹਰਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਗੁਰਕੰਵਲਜੋਤ ਕੌਰ ਨੇ ਪਹਿਲਾ, ਸੁਖਪ੍ਰੀਤ ਕੌਰ ਅਤੇ ਸਿਮਰਤ ਤੂਰ ਨੇ ਦੂਜਾ ਅਤੇ ਰੀਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸ ਤੋਂ ਬਾਅਦ, ਸਾਡੇ ਮਾਣਯੋਗ, ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨਾਲ ਆਪਣੇ ਪ੍ਰੇਰਕ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ  ਵੋਟਿੰਗ ਪ੍ਰਣਾਲੀ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਲੋਕਤੰਤਰ, ਸਾਡੇ ਜੀਵਨ ਢੰਗ ਦਾ ਮੂਲ ਤੱਤ, ਇਸਦੇ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ 'ਤੇ ਨਿਰਭਰ ਕਰਦਾ ਹੈ। ਇਹ ਸਿਰਫ਼ ਇੱਕ ਅਧਿਕਾਰ ਨਹੀਂ ਹੈ; ਇਹ ਇੱਕ ਜ਼ਿੰਮੇਵਾਰੀ ਹੈ-ਜਿਸ ਨੂੰ ਸਾਨੂੰ ਅਟੁੱਟ ਸਮਰਪਣ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੁਸੀਂ ਉਸ ਸ਼ਕਤੀ ਨੂੰ ਪਛਾਣੋ ਜਿਸ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਰੱਖਦੇ ਹੋ - ਤੁਹਾਡੀ ਵੋਟ ਵਿੱਚ ਸਾਡੇ ਰਾਸ਼ਟਰ ਦੀ ਦਿਸ਼ਾ ਨੂੰ ਆਕਾਰ ਦੇਣ ਦੀ ਸ਼ਕਤੀ ਹੈ। ਤੁਹਾਡੀ ਵੋਟ ਤੁਹਾਡੀ ਆਵਾਜ਼ ਹੈ ਅਤੇ ਇਹ ਸਾਡੇ ਭਾਈਚਾਰਿਆਂ ਦੀਆਂ ਉਮੀਦਾਂ ਅਤੇ ਅਕਾਂਖਿਆਵਾਂ ਨਾਲ ਗੂੰਜਦੀ, ਸੱਤਾ ਦੇ ਹਾਲਾਂ ਵਿੱਚ ਗੂੰਜਦੀ ਹੈ। ਪਰ ਇਸ ਸ਼ਕਤੀ ਦੇ ਨਾਲ ਇੱਕ ਕਰਤੱਵ ਆਉਂਦਾ ਹੈ - ਇੱਕ ਫਰਜ਼ ਨੂੰ ਸੂਚਿਤ ਕਰਨਾ, ਰੁੱਝਿਆ ਹੋਇਆ ਅਤੇ ਜਾਗਰੂਕ ਕਰਨਾ। ਵੋਟਰ ਜਾਗਰੂਕਤਾ ਸਿਰਫ਼ ਇਹ ਜਾਣਨ ਲਈ ਨਹੀਂ ਹੈ ਕਿ ਤੁਹਾਡੀ ਵੋਟ ਕਦੋਂ ਅਤੇ ਕਿੱਥੇ ਪਾਉਣੀ ਹੈ; ਇਹ ਉਹਨਾਂ ਮੁੱਦਿਆਂ ਨੂੰ ਸਮਝਣ ਬਾਰੇ ਹੈ ਜੋ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੇ ਹਨ, ਸਥਾਨਕ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ। ਇਹ ਉਹਨਾਂ ਦੇ ਪਲੇਟਫਾਰਮਾਂ ਅਤੇ ਨੀਤੀਆਂ ਦਾ ਆਲੋਚਨਾਤਮਕ ਮੁਲਾਂਕਣ ਕਰਨ ਬਾਰੇ ਹੈ ਜੋ ਸਾਡੀ ਪ੍ਰਤੀਨਿਧਤਾ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਉਹਨਾਂ ਦੇ ਵਾਅਦਿਆਂ ਅਤੇ ਕੰਮਾਂ ਲਈ ਜਵਾਬਦੇਹ ਠਹਿਰਾਉਂਦੇ ਹਨ।

 ਉਨ੍ਹਾਂ ਤਿੰਨ ਪੱਧਰੀ ਸਥਾਨਕ ਚੋਣ ਪ੍ਰਣਾਲੀ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਿਨ ਭਾਰਤ ਵਿੱਚ ਪੰਚਾਇਤ ਪ੍ਰਣਾਲੀ ਨੂੰ ਸਰਕਾਰ ਵੱਲੋਂ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ।ਇਹ ਸਨਮਾਨ ਸਮਾਰੋਹ ਅਸਲ ਵਿੱਚ ਉਨ੍ਹਾਂ ਲੋਕਾਂ ਲਈ ਹੈ ਜੋ ਪੇਂਡੂ ਖੇਤਰਾਂ ਦੀ ਭਲਾਈ ਲਈ ਕੰਮ ਕਰਦੇ ਹਨ ਅਤੇ ਸਮਾਜਿਕ ਨਿਆਂ ਬਰਾਬਰਤਾ, ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨ ਵਾਲੇ ਕਾਰਕੁੰਨਾਂ ਲਈ ਹੈ ਆਦਿ  ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਦੇ ਹਨ ।

 ਸਮਾਗਮ ਦੇ ਅੰਤ ਵਿੱਚ ਮਾਨਯੋਗ ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਮੁਕਾਬਲਿਆਂ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਡੀਆਂ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਕਿਹਾ। ਇਸ ਮੌਕੇ ਸਟੇਜ ਦਾ ਸੰਚਾਲਨ ਪ੍ਰੋ: ਵਰਿੰਦਰ ਕੌਰ ਨੇ ਕੀਤਾ ਅਤੇ ਇਸ ਮੌਕੇ ਪ੍ਰੋ. ਮਨੀਸ਼ਾ,  ਪ੍ਰੋ.ਅਮਨਦੀਪ ਕੌਰ, ਪ੍ਰੋ.ਪਰਵਿੰਦਰ ਕੌਰ, ਪ੍ਰੋ.ਖੁਸ਼ਬੂ ਸਿੰਘ, ਪ੍ਰੋ.ਮਨਮੋਹਨ ਕੁਮਾਰ ਅਤੇ ਪ੍ਰੋ: ਵਿਸ਼ਾਲ ਸ਼ੁਕਲਾ ਹਾਜ਼ਰ ਸਨ।

Saturday, 20 April 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਕਰਵਾਇਆ ਗਿਆ ਵੋਕੇਸ਼ਨਲ ਟ੍ਰੇਨਿੰਗ ਸੈਸ਼ਨ|

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਕਾਮਰਸ ਵਿਭਾਗ ਵੱਲੋਂ  ਵੋਕੇਸ਼ਨਲ ਟ੍ਰੇਨਿੰਗ ਸੈਸ਼ਨ ਕਰਵਾਇਆ, ਜਿਸ ਵਿੱਚ ਮਾਨਸੀ ਬੱਤਰਾ (IBS Hyderabad) ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਮੁੱਖ ਰਿਸੋਰਸ ਪਰਸਨ ਮਾਨਸੀ ਬੱਤਰਾ ਨੇ ਸਮੂਹ ਵਿਦਿਆਰਥੀਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਸੈਸ਼ਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਕੱਲ ਦੇ ਸਮੇਂ ਵਿੱਚ ਵਿਦਿਆਰਥੀਆਂ  ਨੂੰ ਨੌਕਰੀ ਲੱਭਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਉਹ ਨੌਕਰੀਆਂ ਲੱਭਣ ਦੀ ਬਜਾਏ ਆਪਣਾ ਬਿਜ਼ਨਸ ਕਰਨ ਨੂੰ ਤਰਜੀਹ ਦੇਣ ਤਾਂ ਉਨ੍ਹਾਂ ਨੂੰ ਅੱਗੇ ਵਧਣ ਦੇ  ਚੰਗੇ ਮੌਕੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਲਘੂ ਉਦਯੋਗਾ ਦੀ ਸ਼ੁਰੂਆਤ ਕਰਨਾ ਬਹੁਤ ਆਸਾਨ ਹੁੰਦਾ ਹੈ। ਇਹਨਾਂ ਨਾਲ ਹੋਰ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕੀਤਾ ਜਾ ਸਕਦਾ ਹੈ। ਵੱਡੇ ਬਿਜ਼ਨਸ ਦੀ ਤੁਲਨਾ ਵਿੱਚ ਛੋਟੇ ਬਿਜ਼ਨਸ ਵਿੱਚ ਘੱਟ ਪੂੰਜੀ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਲਘੂ ਉਦਯੋਗਾਂ ਵਿੱਚ ਗ੍ਰਾਹਕਾਂ ਨੂੰ ਆਪਣੇ ਨਾਲ ਜੋੜਨਾ ਆਸਾਨ ਹੁੰਦਾ ਹੈ, ਕਿਉਂਕਿ ਇਹਨਾਂ ਵਿੱਚ ਗ੍ਰਾਹਕਾਂ ਦੀਆਂ ਜਰੂਰਤਾਂ ਅਨੁਸਾਰ ਸਮਾਨ ਦੀ ਕੁਆਲਿਟੀ ਵੀ ਆਸਾਨੀ ਨਾਲ ਬਦਲੀ ਜਾ ਸਕਦੀ ਹੈ, ਜਿਸ ਨਾਲ ਗ੍ਰਾਹਕ ਬਹੁਤ ਆਸਾਨੀ ਨਾਲ ਬਿਜਨਸ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਿੰਨ-ਭਿੰਨ ਖੇਤਰਾਂ ਵਿੱਚ ਆਪਣੇ ਬਿਜ਼ਨਸ ਨਾਲ ਮੱਲਾਂ ਮਾਰਨ ਵਾਲੇ ਵਪਾਰੀਆਂ ਦੀਆਂ ਉਦਾਹਰਨਾਂ ਤੇ ਬਿਜ਼ਨਸ ਦੇ ਨਵੇਂ ਢੰਗਾਂ ਬਾਰੇ ਵੀ ਬਹੁਤ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ. ਬਲਜੀਤ ਕੌਰ ਨੇ ਬੋਲਦਿਆਂ ਕਿਹਾ ਇਨ੍ਹਾਂ ਲਘੂ ਉਦਯੋਗਾਂ ਨਾਲ ਜਿੱਥੇ ਦੇਸ਼ ਦਾ ਵਿਕਾਸ ਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਬਿਜ਼ਨਸ ਮਾਲਕ ਆਪ ਵੀ ਫਾਇਦੇ ਵਿੱਚ ਰਹਿੰਦੇ ਹਨ ਅਤੇ ਸਮਾਜ ਨੂੰ ਵੀ ਫ਼ਾਇਦਾ ਦਿੰਦੇ ਹਨ। ਇਹਨਾਂ ਉਦਯੋਗਾਂ ਨਾਲ ਬਹੁਤ ਹੀ ਵਧੀਆ ਸਮਾਨ ਘੱਟ ਤੋਂ ਘੱਟ ਰੇਟਾ ਤੇ ਲੋਕਾਂ ਨੂੰ ਮੁਹਈਆ ਕਰਵਾਇਆ ਜਾ ਸਕਦਾ ਹੈ। ਇਹੋ ਜਿਹੇ ਲਘੂ ਉਦਯੋਗ ਦੁਨੀਆ ਭਰ ਦੇ ਵੱਖ ਵੱਖ ਦੇਸ਼ਾਂ ਨੂੰ ਸਮਾਨ ਨਿਰਯਾਤ ਕਰਕੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।

ਇਸ ਟ੍ਰੇਨਿੰਗ ਸੈਸ਼ਨ ਵਿੱਚ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤੇ ਮੁੱਖ ਰਿਸੋਰਸ ਪਰਸਨ ਨਾਲ ਸਵਾਲ ਜਵਾਬ ਵੀ ਕੀਤੇ। ਅੰਤ ਵਿੱਚ ਡਾ. ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋ ਨੇ ਰਿਸੋਰਸ ਪਰਸਨ ਮਾਨਸੀ ਬਤਰਾ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ.ਬਲਜੀਤ ਕੌਰ, ਡਾ. ਸੰਦੀਪ ਕੌਰ, ਪ੍ਰੋ ਖੁਸ਼ਬੂ ਸਿੰਘ, ਪ੍ਰੋ.ਮਨੀਸ਼ਾ ਅਤੇ ਪ੍ਰੋ. ਮਨਮੋਹਨ ਕੁਮਾਰ ਵੀ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਡਰਹੱਮ ਯੂਨੀਵਰਸਿਟੀ, ਇੰਗਲੈਂਡ ਦੇ ਪ੍ਰੋਫੈਸਰ ਡਾ. ਔਜਲਾ ਵੱਲੋਂ ਸੈਮੀਨਾਰ ਵਿੱਚ ਸ਼ਮੂਲੀਅਤ|

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ...