ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਐਨ ਐਸ ਐਸ ਵੱਲੋਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਰਵਾਏ ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸੰਵਿਧਾਨ ਦੀ ਮਹੱਤਤਾ ਤੇ ਗਣਤੰਤਰ ਦਿਵਸ ਦੇ ਇਤਿਹਾਸਿਕ ਅਰਥਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤ ਨੇ ਆਪਣਾ ਸੰਵਿਧਾਨ ਲਾਗੂ ਕਰਕੇ ਇੱਕ ਸਰਵੋਤਮ ਲੋਕਤੰਤਰਿਕ ਅਤੇ ਗਣਤੰਤਰਿਕ ਦੇਸ਼ ਵਜੋਂ ਆਪਣੀ ਪਛਾਣ ਬਣਾਈ।
ਭਾਰਤੀ ਸੰਵਿਧਾਨ ਸਾਨੂੰ ਸਿਰਫ਼ ਅਧਿਕਾਰ ਹੀ ਨਹੀਂ ਦਿੰਦਾ, ਸਗੋਂ ਕਰਤਵਾਂ ਦੀ ਯਾਦ ਵੀ ਦਿਵਾਉਂਦਾ ਹੈ। ਸੱਚਾਈ, ਸਮਾਨਤਾ, ਭਰਾਤਰੀਭਾਵ ਅਤੇ ਨਿਆਂ—ਇਹੀ ਉਹ ਮੁੱਲ ਹਨ ਜੋ ਸਾਡੇ ਲੋਕਤੰਤਰ ਦੀ ਨੀਂਹ ਹਨ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਫ਼ਰਜ਼ ਹੈ ਕਿ ਅਸੀਂ ਸੰਵਿਧਾਨ ਦੀ ਇੱਜ਼ਤ ਕਰੀਏ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰੀਏ।
ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬੋਲਦਿਆਂ ਕਿਹਾ ਕਿ ਨੌਜ਼ਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅਸੀਂ ਜੇਕਰ ਅੱਜ ਇਮਾਨਦਾਰੀ, ਅਨੁਸ਼ਾਸਨ ਅਤੇ ਦੇਸ਼ ਸੇਵਾ ਦੇ ਰਾਹ ‘ਤੇ ਚੱਲ ਪਏ, ਤਾਂ ਭਾਰਤ ਨੂੰ ਵਿਸ਼ਵ ਪੱਧਰ ‘ਤੇ ਅੱਗੇ ਲਿਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਆਓ ਅੱਜ ਦੇ ਇਸ ਪਵਿੱਤਰ ਦਿਨ ‘ਤੇ ਅਸੀਂ ਇਹ ਸੰਕਲਪ ਲਈਏ ਕਿ ਅਸੀਂ ਆਪਣੇ ਕਰਤਵਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਵਾਂਗੇ ਅਤੇ ਆਪਣੇ ਦੇਸ਼ ਨੂੰ ਮਜ਼ਬੂਤ, ਸੁੰਦਰ ਅਤੇ ਵਿਕਸਿਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਵਾਂਗੇ। ਇਸ ਮੌਕੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਨਵਦੀਪ ਕੌਰ ਨੇ, ਦੂਸਰਾ ਸਥਾਨ ਹਰਸ਼ਦੀਪ ਸਿੰਘ ਨੇ ਅਤੇ ਤੀਸਰਾ ਸਥਾਨ ਅਮਨਦੀਪ ਕੌਰ ਨੇ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਖੁਸ਼ਬੂ ਨੇ, ਦੂਸਰਾ ਸਥਾਨ ਹਰਕੀਰਤ ਸਿੰਘ ਨੇ ਅਤੇ ਤੀਸਰਾ ਸਥਾਨ ਬਲਵਿੰਦਰ ਕੌਰ ਨੇ ਪ੍ਰਾਪਤ ਕੀਤਾ। ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਢਿੱਲੋ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਲੋਕਤੰਤਰਿਕ ਮੁੱਲਾਂ ਦੀ ਰੱਖਿਆ ਲਈ ਸੰਕਲਪ ਲਿਆ। ਇਸ ਮੌਕੇ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

No comments:
Post a Comment