Tuesday, 23 December 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਰਾਸ਼ਟਰੀ ਗਣਿਤ ਦਿਵਸ ਨੂੰ ਸਮਰਪਿਤ ਕਰਾਇਆ ਸਮਾਗਮ |


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਗਣਿਤ ਵਿਭਾਗ ਵੱਲੋਂ  “ਰਾਸ਼ਟਰੀ ਗਣਿਤ ਦਿਵਸ” ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ।  ਸਮਾਗਮ ਦੀ ਸ਼ੁਰੂਆਤ ਕਰਦਿਆਂ  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ  ਵਿਦਿਆਰਥੀਆਂ ਨੂੰ  ਕਿਹਾ ਕਿ ਇਹ ਦਿਵਸ ਹਰ ਸਾਲ ਮਹਾਨ ਗਣਿਤ ਵਿਗਿਆਨੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਗਣਿਤ ਦੀ ਦੁਨੀਆ ਦੀ ਖੋਜ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਣਿਤ ਨੂੰ ਇੱਕ ਮੁਸ਼ਕਲ ਵਿਸ਼ੇ ਦੀ ਥਾਂ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਦੇਖਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ‘ਤੇ ਪ੍ਰੋ. ਇੰਦਰਪ੍ਰੀਤ ਸਿੰਘ  ਵੱਲੋਂ “ਰਾਸ਼ਟਰੀ ਗਣਿਤ ਦਿਵਸ ਦੀ ਮਹੱਤਤਾ” ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਿੱਤਾ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਗਣਿਤ ਦਿਵਸ ਸਿਰਫ਼ ਇੱਕ ਮਹਾਨ ਗਣਿਤ ਵਿਗਿਆਨੀ ਨੂੰ ਯਾਦ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਵਿਦਿਆਰਥੀਆਂ ਨੂੰ ਵਿਗਿਆਨਕ ਤਰੱਕੀ, ਰੋਜ਼ਾਨਾ ਜੀਵਨ ਅਤੇ ਭਵਿੱਖੀ ਕਰੀਅਰਾਂ ਵਿੱਚ ਗਣਿਤ ਦੀ ਮਹੱਤਤਾ ਨੂੰ ਸਮਝਣ ਲਈ ਉਤਸ਼ਾਹਿਤ ਕਰਦਾ ਹੈ। ਇਹ ਦਿਨ ਨੌਜ਼ਵਾਨਾਂ ਵਿੱਚ ਵਿਸ਼ਲੇਸ਼ਣਾਤਮਕ ਸੋਚ, ਤਰਕਸ਼ੀਲ ਵਿਚਾਰਧਾਰਾ ਅਤੇ ਰਚਨਾਤਮਕ ਸਮੱਸਿਆ-ਹੱਲ ਕਰਨ ਦੀ ਯੋਗਤਾ ਨੂੰ ਵਧਾਉਣ ਦਾ ਸਾਧਨ ਬਣਦਾ ਹੈ। ਭਾਰਤ ਦਾ ਗਣਿਤ ਨਾਲ ਸਬੰਧ ਆਧੁਨਿਕ ਇਤਿਹਾਸ ਤੋਂ ਕਈ ਸਦੀਆਂ ਪਹਿਲਾਂ ਦਾ ਹੈ। ਦਸ਼ਮਲਵ ਅੰਕ ਪ੍ਰਣਾਲੀ, ਸ਼ੂਨ੍ਯ ਦੀ ਧਾਰਨਾ ਅਤੇ ਨਕਾਰਾਤਮਕ ਸੰਖਿਆਵਾਂ ਦੀ ਵਰਤੋਂ ਵਰਗੇ ਮੂਲਭੂਤ ਅਵਧਾਰਣਾਂ ਭਾਰਤੀ ਉਪਮਹਾਦੀਪ ਵਿੱਚ ਉਤਪੰਨ ਹੋਈਆਂ, ਨਾਲ ਹੀ ਅੰਕਗਣਿਤ, ਬੀਜਗਣਿਤ ਅਤੇ ਤ੍ਰਿਕੋਣਮਿਤੀ ਵਿੱਚ ਮਹੱਤਵਪੂਰਣ ਵਿਕਾਸ ਹੋਇਆ। ਸ੍ਰੀਨਿਵਾਸ ਰਾਮਾਨੁਜਨ ਨੂੰ ਗਣਿਤੀ ਵਿਸ਼ਲੇਸ਼ਣ, ਸੰਖਿਆ ਸਿਧਾਂਤ, ਅਨੰਤ ਸ੍ਰਿੰਖਲਾਵਾਂ ਅਤੇ ਲਗਾਤਾਰ ਭਿੰਨਾਂ ਵਿੱਚ ਕੀਤੇ ਗਏ ਆਪਣੇ ਅਗੇਤਰੀ ਕੰਮ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸਹਿਜ ਸਮਝ ਅਤੇ ਅਪਰੰਪਰਾਗਤ ਢੰਗਾਂ ਨੇ ਵੀਹਵੀਂ ਸਦੀ ਦੀ ਗਣਿਤ ਦੇ ਕਈ ਮੁੱਖ ਖੇਤਰਾਂ ਨੂੰ ਨਵੀਂ ਦਿਸ਼ਾ ਦਿੱਤੀ। ਇਸ ਮੌਕੇ ਤੇ ਪ੍ਰੋ. ਸੰਦੀਪ ਸਿੰਘ, ਪ੍ਰੋ. ਵਿਸ਼ਾਲ ਸਿੰਘ, ਪ੍ਰੋ. ਗਗਨ ਡੋਗਰਾ ਅਤੇ 60 ਤੋਂ ਵੱਧ ਵਿਦਿਆਰਥੀ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਰਾਸ਼ਟਰੀ ਗਣਿਤ ਦਿਵਸ ਨੂੰ ਸਮਰਪਿਤ ਕਰਾਇਆ ਸਮਾਗਮ |

ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਗਣਿਤ ਵਿਭਾਗ ਵੱਲੋਂ  “ਰਾਸ਼ਟਰੀ ਗਣਿਤ ਦਿਵਸ” ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ।  ਸਮਾਗਮ ਦੀ ਸ਼ੁਰੂਆਤ ਕਰਦਿਆਂ  ਕਾਲ...