Wednesday, 13 August 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਇੰਟਰਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ  ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ  ਵੱਲੋਂ ਇੰਟਰਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਵਿੱਚ ਸੀਨੀਅਰ ਐਡਵੋਕੇਟ ਸ਼੍ਰੀ ਪਵਨ ਕਾਲੀਆ  ਮੁੱਖ ਰਿਸੋਰਸ ਪਰਸਨ ਵਜੋਂ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ, ਕਪੂਰਥਲਾ ਦੇ ਡਿਸਟ੍ਰਿਕਟ ਕੋਆਰਡੀਨੇਟਰ (ਐਕਟੀਵਿਟੀ)  ਸ਼੍ਰੀ ਸੁਨੀਲ ਬਜਾਜ ਅਤੇ ਐਡਵੋਕੇਟ ਅਕਸ਼ਤ ਕਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ  ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜ਼ਵਾਨਾਂ ਨੂੰ ਸਮੁੱਚੀ ਅਗਵਾਈ ਪ੍ਰਦਾਨ ਕਰਦੇ ਹਨ, ਜਿਸ ਤਹਿਤ ਉਹ ਆਪਣੀਆਂ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਭਾਗੀਦਾਰੀ ਕਰਕੇ ਸਮਾਜ ਸੁਧਾਰ ਕਾਰਜ ਵੀ ਕਰ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਕਲਚਰ ਦੀ ਥਾਂ ਤੇ ਕਿਤਾਬ ਕਲਚਰ ਅਪਣਾਉਣ ਨੂੰ ਲਾਜ਼ਮੀ ਕਰਾਰ ਦਿੱਤਾ।ਇਸ ਤੋਂ ਇਲਾਵਾ ਉਨ੍ਹਾਂ ਨੌਜਵਾਨਾਂ ਨੂੰ ਆਪਣੀ ਸ਼ਕਤੀ ਦੀ ਪਹਿਚਾਣ ਕਰਨ, ਇਸ ਸ਼ਕਤੀ ਦਾ ਸਦਉਪਯੋਗ ਕਰਨ ਹਿੱਤ ਅਤੇ ਇਸ ਸ਼ਕਤੀ ਦਾ ਗਲਤ ਪ੍ਰਯੋਗ ਹੋਣ ਤੇ ਇਸ ਦੇ ਮਾਰੂ ਪ੍ਰਭਾਵਾਂ ਤੋਂ ਨੌਜਵਾਨਾ ਨੂੰ ਚੇਤੰਨ ਵੀ ਕੀਤਾ।   ਮੁੱਖ ਰਿਸੋਰਸ ਪਰਸਨ ਸ਼੍ਰੀ ਪਵਨ ਕਾਲੀਆ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਦਿਨ ਇੱਕ ਜਾਗਰੂਕਤਾ ਦਿਨ ਹੈ। ਇਸ ਦਿਨ ਦਾ ਉਦੇਸ਼ ਸੱਭਿਆਚਾਰਕ ਅਤੇ ਕਾਨੂੰਨੀ ਮੁੱਦਿਆਂ ਦਾ ਧਿਆਨ ਨੌਜ਼ਵਾਨਾਂ ਵੱਲ ਖਿੱਚਣਾ ਹੈ ਅਤੇ   ਨੌਜ਼ਵਾਨਾਂ ਦੇ ਮੁੱਦਿਆਂ ਨੂੰ ਅੰਤਰ ਰਾਸ਼ਟਰੀ ਭਾਈਚਾਰੇ ਦੇ ਧਿਆਨ ਵਿੱਚ ਲਿਆਉਣਾ  ਹੈ। ਅੰਤ ਵਿੱਚ ਰੈੱਡ ਰੀਬਨ ਕਲੱਬ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ  ਨੇ  ਸਾਰਿਆਂ ਦਾ ਧੰਨਵਾਦ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸ਼੍ਰੀ ਪਵਨ ਕਾਲੀਆ, ਸ਼੍ਰੀ ਸੁਨੀਲ ਬਜਾਜ ਅਤੇ ਐਡਵੋਕੇਟ ਅਕਸ਼ਤ ਕਾਲੀਆ ਨੂੰ ਸਨਮਾਨ ਚਿੰਨ੍ਹ ਦੇ ਕੇ  ਸਨਮਾਨਤ ਵੀ ਕੀਤਾ।  ਇਸ ਮੌਕੇ ਟੈਕਨੀਕਲ ਕੋਆਰਡੀਨੇਟਰ ਜਗਦੀਪ ਸਿੰਘ ਜੰਮੂ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਸੁਮੀਤ , ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

Monday, 11 August 2025

ਯੂਵਾ ਕਨੈਕਟ ਪ੍ਰੋਗਰਾਮ ਤਹਿਤ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰੁੱਖ ਲਗਾਏ|

ਪੰਜਾਬ ਦੇ ਮਾਣਯੋਗ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ, ਪ੍ਰੋ. ( ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ 8 ਅਗਸਤ 2025 ਨੂੰ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਯੂਵਾ ਕਨੈਕਟ ਪ੍ਰੋਗਰਾਮ ਅਧੀਨ "ਏਕ ਪੇੜ ਮਾਂ ਕੇ ਨਾਮ 2.0"  ਰੁੱਖ ਲਗਾਏ ਗਏ।

ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਨੇ   ਵਾਤਾਵਰਣ ਨੂੰ ਹਰਾ ਭਰਾ ਰੱਖਣ ਅਤੇ ਰੁੱਖ ਲਗਾਉਣ ਲਈ  ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦਿਨ-ਬ -ਦਿਨ ਹਵਾ ਤੇ ਪਾਣੀ ਪ੍ਰਦੂਸ਼ਤ ਹੁੰਦੇ ਜਾ ਰਹੇ ਹਨ, ਧਰਤੀ ਹੇਠਲਾ ਪਾਣੀ ਆਏ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ।  ਇਸ ਤੋਂ ਬਿਨਾਂ  ਲੋੜੀਂਦੀ  ਵਰਖਾ ਦਾ  ਨਾ ਹੋਣਾ ਵੀ  ਰੁੱਖਾਂ ਦੀ ਕਮੀ ਕਾਰਨ ਹੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ  ਵੱਲੋਂ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵੱਧ ਤੋਂ ਵੱਧ ਪੇੜ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਕਾਲਜ ਵਲੋਂ ਲੰਬੀ ਉਮਰ ਵਾਲ਼ੇ ਅਤੇ ਰਵਾਇਤੀ ਪੇੜ ਪੌਦੇ ਜਿਸ ਤਰ੍ਹਾਂ ਨਿੰਮ, ਪਿੱਪਲ,, ਬੋਹੜ , ਟਾਹਲੀ ਆਦਿ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।  ਡਾ. ਨਵਲੀਨ ਮੁਲਤਾਨੀ, ਡੀਨ ਰਿਸਰਚ ਅਤੇ ਡਾਇਰੈਕਟਰ, ਲੋਕ ਸੰਪਰਕ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਏਕ ਪੇੜ ਮਾਂ ਕੇ ਨਾਮ 2.0 ਮੁਹਿੰਮ ਵਾਤਾਵਰਣ ਸੁਰੱਖਿਆ ਲਈ ਮਹੱਤਵਪੂਰਨ ਹੈ। ਰੁੱਖ ਮਨੁੱਖਾਂ ਨੂੰ ਸਾਫ਼ ਹਵਾ, ਭੋਜਨ ਅਤੇ ਛਾਂ ਪ੍ਰਦਾਨ ਕਰਦੇ ਹਨ, ਜਦੋਕਿ ਉਹ ਪੰਛੀਆਂ ਨੂੰ ਭੋਜਨ, ਆਸਰਾ ਅਤੇ ਛਾਂ ਵੀ ਪ੍ਰਦਾਨ ਕਰਦੇ ਹਨ। ਇਸ ਲਈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਯਾਦਗਾਰੀ ਦਿਨ ਰੁੱਖ ਲਗਾਈਏ ਅਤੇ ਉਨ੍ਹਾਂ ਦੀ ਦੇਖਭਾਲ ਕਰੀਏ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਕਾਲਜ ਦੇ ਵਿਹੜੇ ‘ਚ ਵੱਖ-ਵੱਖ ਛਾਂਦਾਰ ਬੂਟੇ ਲਾਏ ਗਏ, ਜਿਨ੍ਹਾਂ ਦਾ ਮਕਸਦ ਸਿਰਫ਼ ਵਾਤਾਵਰਣ ਸੰਭਾਲ ਨਹੀਂ, ਸਗੋਂ ਨੌਜ਼ਵਾਨ ਪੀੜ੍ਹੀ ਨੂੰ ਕੁਦਰਤ ਨਾਲ ਜੋੜਨਾ ਵੀ ਸੀ। ਪ੍ਰੋਗਰਾਮ ਦੌਰਾਨ  ਰੈੱਡ ਰਿਬਨ ਅਤੇ ਈਕੋ ਕਲੱਬ ਦੇ ਕਨਵੀਨਰ  ਮਨਜਿੰਦਰ ਸਿੰਘ ਜੌਹਲ, ਅਸਿਸਟੈਂਟ ਪ੍ਰੋਫ਼ੈਸਰ ਵਿਸ਼ਾਲ ਸ਼ੁਕਲਾ,  ਅਸਿਸਟੈਂਟ ਪ੍ਰੋਫ਼ੈਸਰ ਦਮਨਜੀਤ ਕੌਰ ,   ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ|

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ  ਅਰਬਨ ਅਸਟੇਟ, ਕਪੂਰਥਲਾ ਵਿਖੇ ਸਾਵਣ ਮਹੀਨੇ ਦਾ ਹਰਮਨ ਪਿਆਰਾ ਤਿਉਹਾਰ 'ਤੀਆਂ ਤੀਜ ਦੀਆਂ' ਸਿਰਲੇਖ ਹੇਠ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਨਦਾਰ ਮਨੋਰੰਜਨ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਡਾ. ਨਵਲੀਨ  ਕੌਰ, ਡੀਨ ਰਿਸਰਚ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਸ  ਜਗਤ ਗੁਰੂ ਨਾਨਕ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਤੋਂ ਮੁੱਖ ਮਹਿਮਾਨ ਵਜੋ  ਅਤੇ ਪੰਜਾਬੀ ਦੇ ਉੱਘੇ ਸ਼ਾਇਰ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਤੇ ਨੈਸ਼ਨਲ ਅਵਾਰਡੀ ਸ. ਸਰਵਣ ਸਿੰਘ ਔਜਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਵਿਦਿਆਰਥਣਾ ਨੇ ਤੀਆਂ ਨਾਲ ਸਬੰਧਿਤ ਲੋਕ ਗੀਤ, ਬੋਲੀਆਂ, ਗੀਤ, ਗਰੁੱਪ ਡਾਂਸ ਅਤੇ ਗਿੱਧੇ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਮੁੱਖ ਮਹਿਮਾਨ ਡਾ. ਨਵਲੀਨ  ਕੌਰ  ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਬੜਾ ਅਮੀਰ ਹੈ ਤੇ ਸਾਨੂੰ ਸਦਾ ਇਸ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦੇ ਤਿਉਹਾਰ ਦੀ ਇਸਤਰੀਆਂ ਬੜੇ ਚਾਵਾਂ ਨਾਲ ਉਡੀਕ ਕਰਦੀਆਂ ਹਨ, ਇਸ ਲਈ ਉਨ੍ਹਾਂ ਵਿਦਿਆਰਥਣਾ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਪੰਜਾਬੀ ਸੱਭਿਆਚਰ ਨਾਲ ਸੰਬੰਧਿਤ ਅਜਿਹੇ ਤਿਉਹਾਰ ਸਦਾ ਚੜ੍ਹਦੀ ਕਲਾ ਵਿੱਚ ਰਹਿ ਕੇ ਮਨਾਉਣ ਦਾ ਸੁਨੇਹਾ ਵੀ ਦਿੱਤਾ। ਵਿਸ਼ੇਸ਼ ਮਹਿਮਾਨ  ਪ੍ਰੋਫੈਸਰ ਕੁਲਵੰਤ ਸਿੰਘ ਔਜਲਾ  ਨੇ ਬੋਲਦਿਆਂ ਕਿਹਾ ਕਿ ਪੰਜਾਬ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਥੇ ਸਾਰਾ ਸਾਲ ਬਹੁਤ ਸਾਰੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚੋਂ ਤੀਆਂ ਦੇ ਤਿਉਹਾਰ  ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਦਾ ਸਾਡਾ ਉਦੇਸ਼ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨਾ ਹੈ ਤਾਂ ਕਿ ਸਾਡੀ ਨਵੀਂ ਪੀੜ੍ਹੀ ਪੰਜਾਬੀ ਵਿਰਸੇ ਤੋਂ ਜਾਣੂ ਹੋਵੇ ਤੇ ਸੱਭਿਆਚਾਰ ਨਾਲ ਜੁੜੀ ਰਹੇ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਤੀਆਂ ਦਾ ਤਿਉਹਾਰ ਸਾਵਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਉਹਾਰ ਹੈ।

ਇਸ ਤਿਉਹਾਰ ਵਿੱਚ ਕੁੜੀਆਂ ਪੂਰੇ ਜ਼ੋਰ-ਸ਼ੋਰ ਨਾਲ ਆਪਣੀ ਨਾਚ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ, ਆਪਣੀਆਂ ਸਹੇਲੀਆਂ ਨਾਲ ਮਨ ਦੇ ਚਾਅ ਪੂਰੇ ਕਰਦੀਆਂ ਹਨ। 

ਇਸ ਮੌਕੇ ਬੀ.ਬੀ.ਏ ਸਮੈਸਟਰ ਪਹਿਲਾ ਦੀ ਵਿਦਿਆਰਥਣ  ਅਗਮਪ੍ਰੀਤ ਕੌਰ  ਨੂੰ ਮਿਸ ਤੀਜ ਚੁਣਿਆ ਗਿਆ। ਇਸ ਮੌਕੇ ਕਰਵਾਏ ਗਏ ਮਹਿੰਦੀ ਦੇ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਮਹਿਕ ਅਤੇ ਦੂਜਾ ਸਥਾਨ ਮਹਿਕ ਅਰੋੜਾ  ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੁੱਤ ਗੁੰਦਨੀ  ਮੁਕਾਬਲੇ ਵਿੱਚੋਂ ਪਹਿਲਾ ਸਥਾਨ ਤਨੂ ਨੇ ਅਤੇ ਦੂਸਰਾ ਸਥਾਨ ਹਰਲੀਨ  ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੱਖੜੀ ਬਣਾਉਣ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਗੁਨ ਨੇ ਅਤੇ ਦੂਜਾ ਸਥਾਨ ਨਵਦੀਪ ਕੌਰ ਨੇ ਪ੍ਰਾਪਤ ਕੀਤਾ।  ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਪ੍ਰੋ. ਅਮਨਦੀਪ ਕੌਰ ਚੀਮਾ ਅਤੇ ਪ੍ਰੋ. ਦਮਨਜੀਤ ਕੌਰ ਨੇ ਕੀਤੀ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਡਾ.  ਨਵਲੀਨ  ਕੌਰ  ਨੂੰ ਫੁਲਕਾਰੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ  ਕੀਤਾ। ਅੰਤ ਵਿੱਚ ਸਾਰੇ ਮਹਿਮਾਨਾਂ ਅਤੇ ਵਿਦਿਆਰਥਣਾਂ ਨੇ ਪੀਂਘਾਂ ਵੀ ਝੂਟੀਆਂ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਵਿੱਚ ਵਿਦਿਆਰਥਣਾ ਨੇ ਸੁੰਦਰ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਨੇ ਗਿੱਧੇ ਦੇ ਨਾਲ ਨਾਲ ਬੋਲੀਆਂ ਪਾ ਕੇ ਅਤੇ ਫੁੱਲਕਾਰੀ ਕੱਢ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ।

Saturday, 2 August 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੀ ਯਾਦ ਵਿੱਚ ਮਨਾਇਆ ਗਿਆ ਸ਼ਹੀਦੀ ਦਿਵਸ|



ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਾਲਜ ਦੇ ਇਤਿਹਾਸ ਵਿਭਾਗ ਅਤੇ ਐਨ ਐਸ ਐਸ ਯੂਨਿਟ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ  ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਮੌਕੇ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ  ਸ਼ਾਮਲ ਹੋਏ। ਮੁੱਖ ਰਿਸੋਰਸ ਪਰਸਨ ਪ੍ਰੋ. ਡਿੰਪਲ ਕੁਮਾਰ ਨੇ ਬੋਲਦਿਆਂ ਕਿਹਾ ਕਿ  ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇਸ਼ ਦੇ ਲੋਕਾਂ ਦੀ ਏਕਤਾ, ਸਦਭਾਵਨਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। 13 ਅਪ੍ਰੈਲ 1919 ਈਸਵੀ ਵਿੱਚ  ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਊਧਮ ਸਿੰਘ ਦੇ ਮਨ ’ਤੇ ਬਹੁਤ ਡੂੰਘਾ ਅਸਰ ਪਿਆ। ਇਸ ਘਟਨਾ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਦੀ ਮਿੱਟੀ ਅਪਣੇ ਹੱਥਾਂ ਵਿਚ ਲੈ ਕੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਨੂੰ ਅੰਜ਼ਾਮ ਦੇਣ ਵਾਲੇ ਮਾਈਕਲ ਓਡਵਾਇਰ ਤੋਂ ਬਦਲਾ ਲੈਣ ਦਾ ਪ੍ਰਣ ਲਿਆ। ਅਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਨ੍ਹਾਂ ਇਸ ਸਾਕੇ ਦਾ ਦਰਦ ਅਪਣੇ ਸੀਨੇ ਵਿਚ ਜਿਉਂਦਾ ਰਖਿਆ ਅਤੇ ਅੰਤ ਬਦਲਾ ਵੀ ਲਿਆ । ਉਨ੍ਹਾਂ ਕਿਹਾ ਕਿ ਊਧਮ ਸਿੰਘ ਇੱਕ ਧਰਮ ਨਿਰਪੱਖ ਅਤੇ ਅਗਾਂਹਵਧੂ ਸੋਚ ਦੇ ਮਾਲਕ ਸਨ। ਜਦੋਂ ਲੰਡਨ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਬਾਰੇ ਪੁੱਛਿਆ ਗਿਆ ਤਾਂ ਊਧਮ ਨੇ ਆਪਣਾ ਨਾਮ ‘ਮੁਹੰਮਦ ਸਿੰਘ ਆਜ਼ਾਦ’ ਦੱਸਿਆ ਸੀ। ਦਰਅਸਲ ਊਧਮ ਸਿੰਘ ਦੇ ਅਜਿਹੇ ਨਾਮ ਰੱਖਣ ਦਾ ਮਤਲਬ ਸਮੂਹ ਧਰਮਾਂ, ਜਾਤਾਂ, ਕਬੀਲਿਆਂ ਨੂੰ ਬਰਾਬਰ ਅਤੇ ਇੱਕੋ ਨਜ਼ਰੀਏ ਨਾਲ ਵੇਖਣ ਅਤੇ ਧਰਮ ਨਿਰਪੱਖਤਾ ਦਾ ਪ੍ਰਤੀਕ ਸੀ। ਮੁੱਖ ਮਹਿਮਾਨ ਪ੍ਰਿੰਸੀਪਲ ਡਾ.ਬਲਦੇਵ ਸਿੰਘ ਢਿੱਲੋਂ  ਨੇ ਸ਼ਹੀਦ ਊਧਮ ਸਿੰਘ ਦੇ ਜੀਵਨ, ਫ਼ਲਸਫ਼ੇ ਅਤੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਮਹਾਨ ਕ੍ਰਾਂਤੀਕਾਰੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼ਹੀਦ ਊਧਮ ਸਿੰਘ ਦੇ ਵਿਚਾਰਾਂ ਅਤੇ ਨੌਜਵਾਨ ਪੀੜ੍ਹੀ ਤੇ ਉਨ੍ਹਾਂ ਦੇ ਪ੍ਰਭਾਵ ਤੇ ਚਾਨਣਾ ਪਾਉਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਦੇਸ਼ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ,ਤਾਂ ਜੋ ਉਨ੍ਹਾਂ ਦੇ ਦੇਸ਼ ਵਾਸੀ ਸ਼ਾਂਤੀਪੂਰਨ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਕਾਲਜ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਰਾਹੀਂ ਊਧਮ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਅਤੇ ਸਟਾਫ਼ ਨੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਇੰਟਰਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ  ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ  ਵੱਲੋਂ...