Monday, 23 June 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ


ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਲਜ ਦੇ ਰੈੱਡ ਰਿਬਨ ਕਲੱਬ, ਐਨ ਐਸ ਐਸ ਵਿਭਾਗ ਅਤੇ ਸਰੀਰਿਕ ਸਿੱਖਿਆ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿੱਚ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਭਜਨ ਸਿੰਘ ਲਾਸਾਨੀ ਮੁੱਖ ਮਹਿਮਾਨ ਵਜੋਂ ਅਤੇ ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ,  ਸੀਨੀਅਰ ਐਡਵੋਕੇਟ ਸ਼੍ਰੀ ਅਨੁਜ ਆਨੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।  ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ  ਕਿਹਾ ਕਿ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸੰਸਾਰ ਭਰ ਵਿੱਚ ਯੋਗ ਦੇ ਮਹੱਤਵ ਅਤੇ ਲਾਭਾਂ ਨੂੰ ਉਜ਼ਾਗਰ ਕਰਨ ਲਈ ਸਮਰਪਿਤ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਨੇ 2015 ਤੋਂ ਇਸ ਦਿਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਉਣ ਦੀ ਮਨਜ਼ੂਰੀ ਦਿੱਤੀ ਸੀ। ਯੋਗ ਭਾਰਤ ਦੀ ਪ੍ਰਾਚੀਨ ਵਿਰਾਸਤ ਹੈ ਜੋ ਸਰੀਰ, ਮਨ ਅਤੇ ਆਤਮਾ ਨੂੰ ਸੰਤੁਲਿਤ ਕਰਦਾ ਹੈ। ਮੁੱਖ ਮਹਿਮਾਨ  ਸ. ਗੁਰਭਜਨ ਸਿੰਘ ਲਾਸਾਨੀ ( ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ) ਨੇ ਬੋਲਦਿਆਂ ਕਿਹਾ ਕਿ ਯੋਗ ਸਿਰਫ ਇਕ ਸਰੀਰਕ ਕਸਰਤ ਨਹੀਂ, ਸਗੋਂ ਇਹ ਆਤਮਿਕ ਅਤੇ ਮਾਨਸਿਕ ਸ਼ਾਂਤੀ ਲਈ ਵੀ ਲਾਭਕਾਰੀ ਹੈ। ਇਹ ਮਨੁੱਖ ਦੇ ਜੀਵਨ ਵਿੱਚ ਸਹੀ ਜੀਵਨਸ਼ੈਲੀ, ਅਨੁਸ਼ਾਸਨ ਅਤੇ ਤੰਦਰੁਸਤੀ ਲਿਆਉਂਦਾ ਹੈ। ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਰਾਹੀਂ ਮਨੁੱਖ ਆਪਣੇ ਆਪ ਨਾਲ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਮਾਸਪੇਸ਼ੀਆਂ ਬਣਦੀਆਂ ਹਨ ਅਤੇ ਪਾਚਨ ਸ਼ਕਤੀ ਵਿੱਚ  ਸੁਧਾਰ ਹੁੰਦਾ ਹੈ। ਵਿਸ਼ੇਸ਼ ਮਹਿਮਾਨ ਸ਼੍ਰੀ ਅਨੁਜ ਆਨੰਦ ਨੇ ਬੋਲਦਿਆ ਕਿਹਾ ਕਿ ਯੋਗ ਦੇ ਲਾਭਾਂ ਵਿੱਚ ਮਨ ਦੀ ਸ਼ਾਂਤੀ,  ਸਰੀਰਕ ਤਾਕਤ ਅਤੇ ਰੋਗ-ਪ੍ਰਤੀਰੋਧਕ ਤਾਕਤ ਵਿੱਚ ਵਾਧਾ ਆਦਿ ਸ਼ਾਮਲ ਹਨ। ਆਧੁਨਿਕ ਜੀਵਨ ਵਿੱਚ ਜਿੱਥੇ ਦਬਾਅ ਅਤੇ ਬੀਮਾਰੀਆਂ ਵਧ ਰਹੀਆਂ ਹਨ, ਉੱਥੇ ਯੋਗ ਇੱਕ ਕੁਦਰਤੀ ਇਲਾਜ ਵਜੋਂ ਉਭਰ ਰਿਹਾ ਹੈ। ਇਸ ਕਰਕੇ ਹਰ ਉਮਰ ਦੇ ਲੋਕਾਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਮੌਕੇ ਰੈੱਡ ਰਿਬਨ ਕਲੱਬ ਅਤੇ ਐਨ ਐਸ ਐਸ ਦੇ ਕੋਆਰਡੀਨੇਟਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਵਿਦਿਆਰਥੀਆਂ ਨੂੰ ਯੋਗ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਜਿੱਥੇ ਸੈਰ ਤੇ ਕਸਰਤ ਕਰਦੇ ਰਹਿਣਾ ਚਾਹੀਦਾ ਹੈ, ਉੱਥੇ ਯੋਗ ਨੂੰ  ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।  ਯੋਗ ਅੰਦਰੂਨੀ ਅੰਗਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸ਼ੂਗਰ ਸਮੇਤ ਹੋਰ ਬਿਮਾਰੀਆਂ ਦੇ ਪ੍ਰਭਾਵ ਨੂੰ ਵੀ ਘੱਟ ਕਰਨ ਵਿੱਚ ਯੋਗ ਦਾ ਅਹਿਮ ਸਥਾਨ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀ ਅਨੀਕੇਤ ਅਤੇ ਅਰਬਨ ਅਸਟੇਟ ਵੈਲਫੇਅਰ ਸੋਸਾਇਟੀ ਦੇ ਜੁਆਇੰਟ ਸੈਕਟਰੀ ਸ੍ਰੀ ਹੇਮੰਤ ਪੁਲਾਨੀ ਨੇ ਵਿਦਿਆਰਥੀਆਂ ਨੂੰ  ਪ੍ਰਾਣਾਯਾਮ, ਧਿਆਨ, ਸਮਾਧੀ, ਯੁਗਤਾਹਾਰ, ਮੰਤਰ ਜਪ, ਸ਼ਵ, ਸਿੱਧ, ਭੁੰਜਗ ਆਦਿ ਆਸਣਾਂ ਰਾਹੀਂ ਯੋਗ ਨੂੰ ਆਪਣੇ ਜੀਵਨ ਦਾ ਪ੍ਰਮੁੱਖ ਹਿੱਸਾ ਬਣਾਉਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ। ਅੰਤ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਅਮਰੀਕ ਸਿੰਘ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਸ਼ਾਮਿਲ ਹੋਣ ਲਈ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਇੰਟਰਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ  ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ  ਵੱਲੋਂ...