Friday, 6 June 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ|

 


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਪ੍ਰਿੰ: ਡਾ. ਬਲਦੇਵ ਸਿੰਘ ਢਿੱਲੋਂ  ਦੇ ਦਿਸ਼ਾ-ਨਿਰਦੇਸ਼ ਹੇਠ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਵਾਤਾਵਰਨ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ 30 ਪੋਸਟਰ ਬਣਾਏ । ਇਸ ਮੌਕੇ ਪ੍ਰਿੰ: ਡਾ. ਢਿੱਲੋਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਵਿਸ਼ਵ ਪੱਧਰ 'ਤੇ ਜਲਵਾਯੂ ਪਰਿਵਰਤਨ, ਜੰਗਲਾਂ ਦੀ ਕਟਾਈ, ਪ੍ਰਦੂਸ਼ਣ ਅਤੇ ਜੈਵ- ਵਿਭਿੰਨਤਾ ਦੇ ਨੁਕਸਾਨ ਵਰਗੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਲੋੜ ਨੂੰ ਉਜ਼ਾਗਰ ਕਰਨ ਲਈ ਅਤੇ ਵਾਤਾਵਰਨ ਦੀ ਸੁਰੱਖਿਆ  ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ। ਇਸ ਸਾਲ ਦਾ ਥੀਮ ‘ਪਲਾਸਟਿਕ ਪ੍ਰਦੂਸ਼ਣ ਖ਼ਤਮ ਕਰੋ’ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸੁਰੱਖਿਆ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਤਰ ਅਤੇ ਸੁਰੱਖਿਅਤ ਵਾਤਾਵਰਣ ਦੇਣ ਦੀ ਦਿਸ਼ਾ ‘ਚ ਅਹਿਮ ਕਦਮ ਹੈ। ਇਸ ਦਿਨ ਵਾਤਾਵਰਨ ਦੇ ਖ਼ਤਰਿਆਂ ਬਾਰੇ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਰੈੱਡ ਰਿਬਨ ਕਲੱਬ ਦੇ ਕੋ-ਆਰਡੀਨੇਟਰ ਪ੍ਰੋ: ਮਨਜਿੰਦਰ ਸਿੰਘ ਜੌਹਲ ਨੇ ਬੋਲਦਿਆਂ ਕਿਹਾ ਹੈ ਕਿ ਵਧਦੇ ਪ੍ਰਦੂਸ਼ਣ ਕਾਰਨ ਕੁਦਰਤ ਖ਼ਤਰੇ ਵਿੱਚ ਹੈ। ਕੁਦਰਤ ਕਿਸੇ ਵੀ ਜੀਵ ਨੂੰ ਜੀਵਨ ਜਿਊਣ ਲਈ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਦਾ ਹੈ। ਅਜਿਹੇ ‘ਚ ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ, ਤਾਂ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ। ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੂਆਤ ਕੁਦਰਤ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਉਦੇਸ਼ ਨਾਲ ਹੀ ਕੀਤੀ ਗਈ ਸੀ। ਇਸ ਦਿਨ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਕੁਦਰਤ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਕਰਵਾਏ ਪੋਸਟਰ ਮੇਕਿੰਗ ਮੁਕਾਬਲਿਆਂ  ਵਿੱਚੋਂ ਪਹਿਲਾ ਸਥਾਨ ਵਰਖਾ ਥਾਪਰ ਨੇ, ਦੂਜਾ ਸਥਾਨ ਨਾਜ਼ੀਆ ਨੇ ਅਤੇ ਤੀਜਾ ਸਥਾਨ ਹਿਮਾਂਸ਼ੀ ਸੋਨੀ ਨੇ ਪ੍ਰਾਪਤ ਕੀਤਾ। ਅੰਤ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਦਮਨਜੀਤ ਕੌਰ, ਡਾ. ਅਮਰੀਕ ਸਿੰਘ, ਪ੍ਰੋ. ਡਿੰਪਲ ਕੁਮਾਰ , ਪ੍ਰੋ. ਵਿਸ਼ਾਲ ਸ਼ੁਕਲਾ  ਅਤੇ ਕਾਲਜ ਦਾ ਸਮੂਹ ਸਟਾਫ਼  ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਇੰਟਰਨੈਸ਼ਨਲ ਯੂਥ ਡੇਅ ਨੂੰ ਸਮਰਪਿਤ ਕਰਵਾਇਆ ਪ੍ਰੋਗਰਾਮ

 ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ  ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ  ਵੱਲੋਂ...