ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿੱਚ ਅੱਜ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ। ਇਸ ਮੌਕੇ 'ਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. ਮਨੀਸ਼ਾ ਨੇ ਮੁੱਖ ਵਕਤਾ ਵਜੋਂ ਭਾਗ ਲਿਆ। ਪ੍ਰੋ. ਮਨੀਸ਼ਾ ਨੇ ਆਪਣੇ ਲੈਕਚਰ ਦੌਰਾਨ ਪੰਚਾਇਤੀ ਰਾਜ ਪ੍ਰਣਾਲੀ ਦੇ ਇਤਿਹਾਸਕ ਪਿਛੋਕੜ, ਮਹੱਤਤਾ ਅਤੇ ਆਧੁਨਿਕ ਭਾਰਤ ਵਿੱਚ ਇਸ ਦੀ ਭੂਮਿਕਾ ਉੱਤੇ ਵਿਸਥਾਰ ਨਾਲ ਰੌਸ਼ਨੀ ਪਾਈ। ਉਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਲੋਕਤੰਤਰ ਦੇ ਮਜ਼ਬੂਤ ਕਰਨ ਵਿੱਚ ਪੰਚਾਇਤੀ ਰਾਜ ਦੀ ਭੂਮਿਕਾ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ 73ਵੇਂ ਸੰਵਿਧਾਨਕ ਸੋਧੀ ਐਕਟ (1992) ਰਾਹੀਂ ਪੰਚਾਇਤੀ ਰਾਜ ਪ੍ਰਣਾਲੀ ਨੂੰ ਸੰਵਿਧਾਨਕ ਮਾਨਤਾ ਮਿਲੀ, ਜਿਸ ਨਾਲ ਦੇਸ਼ ਦੇ ਹਰ ਕੋਨੇ ਵਿੱਚ ਲੋਕ ਭਾਗੀਦਾਰੀ ਵਧੀ। ਉਨ੍ਹਾਂ ਨੇ ਤਿੰਨ ਪੱਧਰੀ ਪੰਚਾਇਤਾਂ (ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ) ਦੀ ਬਣਤਰ, ਕਾਰਜ ਅਤੇ ਜ਼ਿੰਮੇਵਾਰੀਆਂ ਦੀ ਵਿਸਥਾਰ ਨਾਲ ਵਿਵੇਚਨਾ ਕੀਤੀ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਆਧੁਨਿਕ ਸਮੇਂ ਵਿੱਚ ਪੰਚਾਇਤੀ ਰਾਜ ਦੀਆਂ ਚੁਣੌਤੀਆਂ ਜਿਵੇਂ ਕਿ ਭ੍ਰਿਸ਼ਟਾਚਾਰ, ਲਿੰਗ ਅਸਮਾਨਤਾ, ਆਰਥਿਕ ਸਰੋਤਾਂ ਦੀ ਘਾਟ ਅਤੇ ਲੋਕਾਂ ਦੀ ਭਾਗੀਦਾਰੀ ਦੀ ਕਮੀ ਨੂੰ ਉਜ਼ਾਗਰ ਕੀਤਾ। ਨਾਲ ਹੀ, ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨੌਜ਼ਵਾਨਾਂ, ਖ਼ਾਸ ਕਰਕੇ ਵਿਦਿਆਰਥੀਆਂ ਨੂੰ ਪੰਚਾਇਤੀ ਪ੍ਰਣਾਲੀ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਚੰਗੇ ਨਾਗਰਿਕ ਅਤੇ ਨੇਤਾ ਬਣ ਸਕਣ।
ਇਸ ਲੈਕਚਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੇ ਸਵਾਲਾਂ ਰਾਹੀਂ ਸਰਗਰਮ ਚਰਚਾ ਕੀਤੀ। ਪ੍ਰੋ. ਸੁਨੈਨਾ ਨੇ ਅੰਤ ਵਿੱਚ ਪ੍ਰੋ. ਮਨੀਸ਼ਾ ਦਾ ਧੰਨਵਾਦ ਕੀਤਾ । ਇਸ ਮੌਕੇ ਪ੍ਰੋ. ਵਰਿੰਦਰ ਕੌਰ, ਪ੍ਰੋ. ਡਿੰਪਲ ਕੁਮਾਰ , ਪ੍ਰੋ. ਗੁਰਕਮਲ ਕੌਰ ਅਤੇ ਡਾ. ਅਮਰੀਕ ਸਿੰਘ ਵੀ ਹਾਜ਼ਰ ਸਨ।
No comments:
Post a Comment