Friday, 8 November 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਰੈੱਡ ਰਿਬਨ ਕਲੱਬ ਵੱਲੋਂ ਪਿੰਡ ਧੰਮ ਵਿਖੇ 'ਏਡਜ਼ ਤੋਂ ਬਚਾਅ’ ਅਤੇ ‘ਨਸ਼ਾ ਛੱਡੋ ਮੁਹਿੰਮ’ ਤਹਿਤ ਜਾਗਰੂਕ ਰੈਲੀ ਕੱਢੀ


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਯੁਵਕ ਸੇਵਾਵਾਂ,  ਵਿਭਾਗ ਕਪੂਰਥਲਾ ਦੇ ਡਿਪਟੀ ਡਾਇਰੈਕਟਰ  ਸ. ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਵੱਲੋਂ ਪਿੰਡ ਧੰਮ ਵਿਖੇ ‘ਏਡਜ਼ ਤੋਂ ਬਚਾਅ’ ਅਤੇ ‘ਨਸ਼ਾ ਛੱਡੋ ਮੁਹਿੰਮ’ ਤਹਿਤ  ਜਾਗਰੂਕ ਰੈਲੀ ਕੱਢੀ ਗਈ।  ਰੈੱਡ ਰਿਬਨ ਕਲੱਬ ਦੇ ਕਾਲਜ ਨੋਡਲ ਅਫ਼ਸਰ ਪ੍ਰੋ . ਮਨਜਿੰਦਰ ਸਿੰਘ ਜੌਹਲ  ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਸ. ਦਵਿੰਦਰ ਸਿੰਘ ਲੋਟੇ ਅਤੇ ਧੰਮ ਪਿੰਡ ਦੇ ਸਰਪੰਚ  ਸੁਖਦੇਵ ਸਿੰਘ ਵੱਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਡਿਪਟੀ ਡਾਇਰੈਕਟਰ ਸ. ਦਵਿੰਦਰ ਸਿੰਘ ਲੋਟੇ ਨੇ ਰੈਲੀ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ  ਕਿ  ਅੱਜ ਸਾਡੇ ਦੇਸ਼ ’ਚ ਨਸ਼ਿਆਂ ਪ੍ਰਤੀ ਨੌਜ਼ਵਾਨਾਂ ਦਾ ਰੁਝਾਨ ਜਿਸ ਤਰ੍ਹਾਂ ਵਧ ਰਿਹਾ ਹੈ, ਇਹ ਸਚਮੁੱਚ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹ ਨੌਜ਼ਵਾਨ ਪੀੜ੍ਹੀ, ਜਿਸ ਨੂੰ ਅਸੀਂ ਆਪਣੇ ਦੇਸ਼ ਦੀ ਸ਼ਕਤੀ ਤੇ ਸੁਨਹਿਰਾ ਭਵਿੱਖ ਮੰਨਦੇ ਹਾਂ, ਉਹ ਨਸ਼ਿਆਂ ਦੀ ਦਲਦਲ ਵਿੱਚ ਧਸਦੀ  ਜਾ ਰਹੀ ਹੈ ।ਨਸ਼ਾਖੋਰੀ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਇਹ ਉਹ ਸਮਾਜਿਕ ਬੁਰਾਈ ਅਤੇ ਗੰਭੀਰ ਸਮੱਸਿਆ ਹੈ, ਜਿਸ ਨਾਲ ਨਿੱਜੀ, ਪਰਿਵਾਰਕ, ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵਲੋਂ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਵਿੱਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਬਾਕੀ ਨਸ਼ਿਆਂ ਦੇ ਨਾਲ ਨਾਲ ਪੰਜਾਬ ਵਿੱਚ ਟੀਕਿਆਂ ਦੁਆਰਾ ਨਸ਼ਾ ਕਰਨ ਦੇ ਰੁਝਾਨ ਵਿੱਚ ਵੀ ਵਾਧਾ ਹੋਇਆ ਹੈ, ਜੋ ਪੰਜਾਬ ਵਿੱਚ ਐਚ.ਆਈ.ਵੀ./ਏਡਜ਼ ਫੈਲਣ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਧੰਮ ਪਿੰਡ ਦੇ ਨੌਜ਼ਵਾਨ ਸਰਪੰਚ ਸੁਖਦੇਵ ਸਿੰਘ ਨੇ ਵੀ ਸੰਬੋਧਨ ਕਰਦੇ ਕਿਹਾ ਕਿ ਨਸ਼ੇ ਕਰਨ ਨਾਲ ਸਰੀਰ ਦੇ ਨਾੜੀ-ਤੰਤਰ, ਅੰਦਰੂਨੀ ਅੰਗਾਂ ਦਿਲ, ਜਿਗਰ, ਫੇਫੜੇ ਅਤੇ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਨਸ਼ੇ ਦੀ ਆਦਤ ਨਾਲ ਵਿਅਕਤੀ ਦਾ ਵਿਹਾਰ ਆਮ ਨਹੀਂ ਰਹਿੰਦਾ ਅਤੇ ਉਸ ਦਾ ਆਪਣੇ ਹੀ ਦਿਮਾਗ ’ਤੇ ਕੰਟਰੋਲ ਘਟ ਜਾਂਦਾ ਹੈ। ਜਿਸ ਕਰਕੇ ਗੁੱਸਾ ਆਉਣਾ, ਗਾਲੀ-ਗਲੋਚ ਕਰਨਾ ਜਾਂ ਹਮਲਾ ਕਰਨਾ ਉਸ ਦਾ ਆਮ ਵਿਹਾਰ ਬਣ ਜਾਂਦਾ ਹੈ। ਨਸ਼ੇ ਕਰਨ ਵਾਲੇ ਨੂੰ ਕੋਈ ਮੂੰਹ ਨਹੀਂ ਲਾਉਣਾ ਚਾਹੁੰਦਾ। ਨਸ਼ੇ ਨਾਲ ਰੱਜਿਆ ਵਿਅਕਤੀ ਕੋਈ ਨੌਕਰੀ ਜਾਂ ਕੰਮ ਵੀ ਨਹੀਂ ਕਰ ਸਕਦਾ, ਜਿਸ ਕਰਕੇ ਉਸ ਦਾ ਆਰਥਿਕ ਨੁਕਸਾਨ ਵੀ ਹੋਣਾ ਨਿਸ਼ਚਿਤ ਹੋ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਵਿੱਚ ਜਾਗਰੂਕ ਰੈਲੀ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ । ਰੈਲੀ ਵਿੱਚ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ  ਨੂੰ ਏਡਜ਼ ਰੋਗ ਸੰਬੰਧੀ ਬਚਾਅ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ, ਸਲੋਗਨ ਉਚਾਰ ਕੇ ਅਤੇ ਉਪਦੇਸ਼ਾਤਮਕ ਸਲੋਗਨ ਤਖ਼ਤੀਆਂ ਰਾਹੀਂ ਸਿਹਤਮੰਦ ਸਮਾਜ ਦੀ ਉਸਾਰੀ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ । ਅੰਤ ਵਿੱਚ ਰੈਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਮਰੀਕ ਸਿੰਘ, ਪ੍ਰੋ. ਡਿੰਪਲ, ਜਸ਼ਨ ਗਿੱਲ ਸਟੈਨੋ ਅਤੇ ਸ. ਦਰਸ਼ਨ ਸਿੰਘ ਵੀ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...