"ਜੱਗ ਦੀ ਜਨਣੀ ਔਰਤ"
ਕੀ ਸਿਫਤ ਕਰਾਂ ਮੈਂ ਔਰਤ ਦੀ
ਸਾਰਾ ਜੱਗ ਉਸ ਦਾ ਸਰਮਾਇਆ ਹੈ,
ਬਣ ਮਾਂ, ਭੈਣ, ਧੀ, ਪਤਨੀ
ਸਭ ਰਿਸ਼ਤਿਆਂ ਦਾ ਮਾਣ ਵਧਾਇਆ ਹੈ।
ਔਰਤ ਜੱਗ ਦੀ ਜਨਣੀ ਹੈ। ਇਸ ਔਰਤ ਦੀ ਕੁੱਖੋਂ ਹੀ ਯੋਧੇ, ਸੂਰਬੀਰ ਅਤੇ ਗੁਰੂਪੀਰ ਜਨਮੇ। ਔਰਤ ਦੇ ਕਰਕੇ ਹੀ ਇਹ ਸੰਸਾਰ ਸੋਹਣਾ ਅਤੇ ਖ਼ੂਬਸੂਰਤ ਹੈ। ਔਰਤ ਜੋ ਮਾਤਾ-ਪਿਤਾ ਘਰ ਪਹਿਲਾਂ ਬੇਟੀ ਬਣ ਕੇ ਜਨਮ ਲੈਂਦੀ ਹੈ, ਆਪਣੇ ਪਹਿਲੇ ਘਰ ਵਿੱਚ ਉਹ ਬਚਪਨ ਤੇ ਜਵਾਨੀ ਮਾਣ ਕੇ ਫਿਰ ਪਤੀ ਘਰ ਜਾ ਕੇ ਦੂਜੇ ਘਰ ਨੂੰ ਵੀ ਰੌਸ਼ਨ ਕਰਦੀ ਹੈ। ਸੰਸਾਰ ਵਿਚ ਜੇਕਰ ਔਰਤ ਨਾ ਹੋਵੇ ਤਾਂ ਜ਼ਿੰਦਗੀ ਬੇਤਰਤੀਬੀ ਅਤੇ ਬੇਢੰਗੀ ਹੋ ਜਾਵੇਗੀ।
ਪਹਿਲੇ ਸਮਿਆਂ ਵਿੱਚ ਜਦੋਂ ਔਰਤ ਨੂੰ ਸਮਾਜਿਕ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਜਾਂ ਉਸਦੀ ਹੋਂਦ ਨੂੰ ਕੋਈ ਖ਼ਤਰਾ ਪੈਦਾ ਹੋਇਆ ਜਾਂ ਫਿਰ ਉਹ ਕਿਸੇ ਵਧੀਕੀ ਦਾ ਸ਼ਿਕਾਰ ਹੋਈ ਤਾਂ ਗੁਰੂ ਸਾਹਿਬਾਨ ਨੇ ਇਸ ਨਾ-ਇਨਸਾਫ਼ੀ ਦੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਫ਼ੁਰਮਾਇਆ-
ਸੋ ਕਿਉ ਮੰਦਾ ਆਖੀਏ, ਜਿਤੁ ਜੰਮਹਿ ਰਾਜਾਨ।।
ਪਰ ਅਫਸੋਸ ਸਾਡੇ ਸਮਾਜ ਵਿਚ ਅਜੇ ਵੀ ਪਿਛਾਂਹ-ਖਿੱਚੂ ਸੋਚ ਸਦਕਾ ਔਰਤ ਨੂੰ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਵਾਰ ਜਦੋਂ ਅਸੀਂ ਗੂਗਲ ਉੱਪਰ ਔਰਤ ਲਿਖ ਕੇ ਸਰਚ ਕਰਦੇ ਹਾਂ ਤਾਂ ਮਨ ਉਦੋਂ ਬਹੁਤ ਦੁਖੀ ਹੁੰਦਾ ਹੈ ਜਦੋਂ ਔਰਤ ਨਾਲ ਹੋ ਰਹੇ ਦੁਰਵਿਵਹਾਰ ਦੀ ਕੇਸ ਦਿਖਾਈ ਦਿੰਦੇ ਹਨ। ਉਦੋਂ ਮਨ ਵਿਚ ਸਵਾਲ ਉੱਠਦਾ ਹੈ-
ਕੀ ਔਰਤ ਦਾ ਆਪਣਾ ਵਿਅਕਤੀਤਵ ਨਹੀਂ...?
ਕੀ ਔਰਤ ਮਾਣ-ਸਨਮਾਨ ਦੀ ਧਾਰਨੀ ਨਹੀਂ...?
ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦਈਏ ਕਿ ਉਹ ਔਰਤ ਦਾ ਸਨਮਾਨ ਕਰਨ, ਉਸ ਦੇ ਅਧਿਕਾਰਾਂ ਦਾ ਸਨਮਾਨ ਕਰਨ, ਉਸ ਨੂੰ ਕਮਜ਼ੋਰ ਨਾ ਸਮਝਣ ਅਤੇ ਜੇ ਕਿਸੇ ਔਰਤ ਉੱਪਰ ਅੱਤਿਆਚਾਰ ਹੋਵੇ ਤਾਂ ਉਹ ਉਸ ਲਈ ਅਵਾਜ਼ ਉਠਾਉਣ। ਜੇਕਰ ਹਰ ਔਰਤ ਖੁਦ ਵੀ ਇਹ ਯਤਨ ਕਰੇ ਤਾਂ ਸਾਡਾ ਲਗਾਇਆ ਬੀਜ ਇੱਕ ਦਿਨ ਬਹੁਤ ਚੰਗੀ ਫ਼ਸਲ ਬਣ ਕੇ ਲਹਿਰਾਵੇਗਾ।
ਧੁੱਪਾਂ ਸਹਿ ਕੇ ਛਾ ਬਣ ਜਾਵੇ
ਧੀ ਬਣ ਕੇ ਫਿਰ ਮਾਂ ਬਣ ਜਾਵੇ
ਜਿਹੜੇ ਘਰ ਨਾ ਔਰਤ ਹੋਵੇ
ਉਸ ਘਰ ਵਿੱਚ ਨਾ ਰੌਣਕ ਹੋਵੇ।
Good
ReplyDelete