Saturday 20 July 2024

Blog shared by Ms. Gagandeep Kaur (Asst. Prof. in Punjabi)

'ਅਜੋਕੀ ਪੰਜਾਬੀ ਗਾਇਕੀ ਦੇ ਮਾਰੂ ਪ੍ਰਭਾਵ'  

ਸਾਡੇ ਪੰਜਾਬੀ ਸਮਾਜ ਵਿਚ ਹਮੇਸ਼ਾ ਹੀ ਪਿਆਰ ਨਾਲ ਮਿਲ ਜੁਲ ਕੇ ਰਹਿਣਾ ਸਿਖਾਇਆ ਜਾਂਦਾ ਹੈ ਤੇ ਇਸ ਕਾਰਨ ਹਮੇਸ਼ਾ ਇਕ-ਦੂਜੇ ਨੂੰ ਪਿਆਰ- ਸਤਿਕਾਰ ਦਿੱਤਾ ਜਾਂਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਅਜੋਕੀ ਪੰਜਾਬੀ ਗਾਇਕੀ ਤੇ ਗੀਤਕਾਰੀ ਲੱਚਰਤਾ ਦੇ ਭਾਰੀ ਪ੍ਰਭਾਵ ਕਾਰਨ ਲਗਾਤਾਰ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਨੌਜਵਾਨਾਂ ਵਿਚ ਅਸਹਿਣਸ਼ੀਲਤਾ ਅਤੇ ਮਾਰ-ਧਾੜ ਦੀ ਭਾਵਨਾ ਭਰ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲੇ ਲੱਚਰ ਤੇ ਭੜਕਾਊ ਗੀਤਾਂ ਨੂੰ ਹੀ ਸੁਣਨਾ ਬੰਦ ਕਰ ਦਿੱਤਾ ਜਾਵੇ, ਕਿਉਂਕਿ ਜੇ ਅਜਿਹੇ ਗੀਤਾਂ ਨੂੰ ਅਸੀਂ ਸੁਣਾਂਗੇ ਨਹੀਂ ਤਾਂ ਇਹ ਬਣਨੇ ਵੀ ਬੰਦ ਹੋ ਜਾਣਗੇ।

ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬੀ ਗੀਤਾਂ ਵਿਚ ਕਿਸ ਤਰ੍ਹਾਂ ਜਾਤੀਵਾਦ, ਨਸ਼ੇ, ਹਥਿਆਰ, ਵਿਦੇਸ਼ਾਂ ਵੱਲ ਭੱਜਣ ਦਾ ਬੋਲਬਾਲਾ ਹੈ। ਅੱਜ ਕੋਈ ਵੀ ਪੰਜਾਬੀ ਗੀਤ ਦੇਸ਼ ਵਿਚ ਰਹਿ ਕੇ, ਮਿਹਨਤ ਕਰਕੇ ਸਿਵਲ ਸੇਵਾਵਾਂ ਜਾਂ ਦੇਸ਼ ਦੀਆਂ ਹੋਰ ਉੱਚ ਪੱਧਰੀ ਪ੍ਰੀਖਿਆਵਾਂ ਵੱਲ ਨਹੀਂ ਪ੍ਰੇਰਦਾ, ਅੱਜ ਦੇ ਗੀਤ ਸਿਰਫ ਆਈਲੈਟਸ ਬਾਰੇ ਹੀ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਹਨ।


ਪੰਜਾਬੀ ਗਾਇਕੀ ਵਿਚ ਵਧ ਰਿਹਾ ਲੱਚਰਤਾ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਇਹ ਰੁਝਾਨ ਉਦੋਂ ਹੀ ਰੁਕੇਗਾ ਜਦੋਂ ਸਰੋਤੇ ਖ਼ਾਸ ਕਰ ਨੌਜਵਾਨ ਵਰਗ ਚੰਗੀ ਤੇ ਮਿਆਰੀ ਗਾਇਕੀ ਸੁਣਨ ਨੂੰ ਤਵੱਜੋ ਦੇਵੇਗਾ। ਬਿਨਾਂ ਸ਼ੱਕ ਮੌਜੂਦਾ ਗਾਇਕੀ ਆਪਣੀ ਦਿਸ਼ਾ ਤੋਂ ਭਟਕ ਚੁੱਕੀ ਹੈ। ਅਜੋਕੇ ਗੀਤਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡਾ ਭਵਿੱਖ ਕਿੰਨਾ ਭਿਆਨਕ ਹੈ। ਪੰਜਾਬੀ ਗਾਇਕ ਅੰਨ੍ਹੇਵਾਹ ਲੱਚਰਤਾ ਦਿਖਾ ਰਹੇ ਹਨ, ਜੋ ਸਾਡੇ ਨੌਜਵਾਨ ਵਰਗ ਨੂੰ ਗ਼ਲਤ ਰਸਤੇ 'ਤੇ ਲਿਜਾ ਰਹੀ ਹੈ। ਅਜੋਕੀ ਆਧੁਨਿਕ ਪੀੜ੍ਹੀ ਇੰਟਰਨੈੱਟ ਤੇ ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਸਮਾਂ ਦੇ ਰਹੀ ਹੈ ਤੇ ਅੱਜ-ਕਲ੍ਹ ਦੇ ਗੀਤ ਉਸ ਨੂੰ ਆਪਣੇ ਵੱਲ ਖਿੱਚਦੇ ਹਨ। ਪਰ ਇਨ੍ਹਾਂ ਗੀਤਾਂ ਵਿਚ ਨਸ਼ਿਆਂ, ਬੰਦੂਕਾਂ, ਮਾਰ-ਧਾੜ ਕੁੜੀਆਂ ਦਾ ਪਿੱਛਾ ਕਰਨਾ, ਧੱਕੇਸ਼ਾਹੀ, ਰਿਸ਼ਤਿਆਂ ਦੀ ਕਦਰ ਨਾ ਕਰਨ ਵਰਗੀਆਂ ਬੁਰਾਈਆਂ ਨੂੰ ਚੰਗੀ ਚੀਜ਼ ਬਣਾ ਕੇ ਪੇਸ਼ ਕਰਦਿਆਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਚੀਜ਼ ਨੌਜਵਾਨਾਂ ਅਤੇ ਬੱਚਿਆਂ ਉਤੇ ਬਹੁਤ ਬੁਰਾ ਪ੍ਰਭਾਵ ਪਾ ਰਹੀ ਹੈ ਤੇ ਉਹ ਗ਼ਲਤ ਆਦਤਾਂ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਖ਼ਰਾਬ ਕਰ ਰਹੇ ਹਨ।


ਸਮਾਜ ਨੂੰ ਸੇਧ ਦੇਣ ਵਾਲੇ ਗੀਤ ਬੀਤੇ ਦੀ ਗੱਲ ਬਣ ਚੁੱਕੇ ਹਨ ਅਤੇ ਸਾਡੇ ਅਜੋਕੇ ਗੀਤਾਂ ਵਿਚ ਲੱਚਰਤਾ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਅੱਜ ਕੋਈ ਵੀ ਗੀਤ ਪਰਿਵਾਰ ਵਿਚ ਬੈਠ ਕੇ ਸੁਣਿਆ ਨਹੀਂ ਜਾ ਸਕਦਾ। ਇਹ ਗੱਲ ਨਰੋਏ ਸਮਾਜ ਦੀ ਸਿਰਜਣਾ ਵਿਚ ਰੋੜਾ ਬਣ ਰਹੀ ਹੈ। ਗੀਤਾਂ ਵਿਚ ਨੰਗੇਜ, ਨਸ਼ੇ ਅਤੇ ਹਥਿਆਰਾਂ ਦਾ ਬੋਲਬਾਲਾ ਸਮਾਜ ਦਾ ਬਹੁਤ ਨੁਕਸਾਨ ਕਰ ਰਿਹਾ ਹੈ। ਇਸ ਖ਼ਿਲਾਫ਼ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਕਿ ਅਜਿਹੀਆਂ ਗ਼ਲਤ ਕਾਰਵਾਈਆਂ ਨੂੰ ਨੱਥ ਪਾਈ ਜਾ ਸਕੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਲੱਚਰਤਾ ਤੇ ਪੱਛਮੀਕਰਨ ਦੀ ਹਨੇਰੀ ਸਾਡੇ ਅਮਰੀ ਵਿਰਸੇ ਨੂੰ ਉਡਾ ਕੇ ਲੈ ਜਾਵੇਗੀ।

No comments:

Post a Comment

Beautiful Blog shared by Ms. Mehak Malhotra

पहचान   दिल की गहराई से खुद को जानो, क्या हो तुम पहले ये पहचानो।  अपने कर्म को मजबूत बनाओ,  अपनी जिंदगी को सही राह दिखाओ।  छोड़ दो बातें लोगो...