ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਨਵੇਂ ਸੈਸ਼ਨ 2024- 25 ਦੀ ਆਰੰਭਤਾ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਜਿਸ ਵਿੱਚ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਨਵੀਂ ਕਲਾਸ ਵਿੱਚ ਪ੍ਰਵੇਸ਼ ਕਰਨ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਤੇ ਭਵਿੱਖ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਅਤੇ ਮਾਪਿਆਂ ਦੇ ਆਗਿਆਕਾਰੀ ਹੋਣ ਲਈ ਪ੍ਰੇਰਣਾ ਵੀ ਦਿੱਤੀ ਅਤੇ ਨਾਲ ਹੀ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਪੂਰੀ ਕਰਨ ਲਈ ਪੇ੍ਰਿਤ ਕੀਤਾ। ਪ੍ਰਿੰਸੀਪਲ ਡਾ. ਢਿੱਲੋਂ ਨੇ ਦੱਸਿਆ ਕਿ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਯੋਗ ਅਗਵਾਈ ਹੇਠ, ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਦਿਆਰਥੀਆਂ ਨੂੰ ਮਿਆਰੀ ਅਤੇ ਆਧੁਨਿਕ ਵਿੱਦਿਆ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਕਾਲਜ ਦੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਮਤਿਹਾਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਮੈਰਿਟ ਪੁਜੀਸ਼ਨ ਹਾਸਲ ਕਰ ਰਹੇ ਹਨ ਅਤੇ ਯੂਨੀਵਰਸਿਟੀ ਦੇ ਜ਼ੋਨਲ ਅਤੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਵੀ ਕਾਲਜ ਦੇ ਵਿਦਿਆਰਥੀ ਮਾਣਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਦਿਖਾਇਆ। ਅੰਤ ਵਿੱਚ ਅਰਬਨ ਅਸਟੇਟ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੂੰ ਸਨਮਾਨਿਤ ਵੀ ਕੀਤਾ ਗਿਆ।