Friday 8 March 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ |


  ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ  ਸਮਾਜ ਵਿੱਚ ਔਰਤਾਂ ਦੀ ਭੂਮਿਕਾ ਅਤੇ ਸਨਮਾਨ ਬਾਰੇ    ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ । ਜਿਸ ਵਿੱਚ   ਸ਼੍ਰੀਮਤੀ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ, ਕਪੂਰਥਲਾ ਮੁੱਖ ਮਹਿਮਾਨ ਵਜੋਂ ਅਤੇ  ਸ਼੍ਰੀਮਤੀ ਸਾਕਸ਼ੀ ਚੋਪੜਾ ਪ੍ਰਿੰਸੀਪਲ ਗੁਰੂ ਅਮਰਦਾਸ ਪਬਲਿਕ ਸਕੂਲ, ਉੱਚਾ ਤੇ  ਸ਼੍ਰੀਮਤੀ ਦਲਜੀਤ ਕੌਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ  ਪ੍ਰਿੰਸੀਪਲ ਡਾ: ਬਲਦੇਵ ਸਿੰਘ ਢਿੱਲੋਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਦਸਦਿਆਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਮੁੱਖ ਉਦੇਸ਼ ਔਰਤਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਉਹ ਆਪਣੇ ਦਮ 'ਤੇ ਅੱਗੇ ਵਧਣ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦਿਆਂ,  ਸੋਲੋ ਡਾਂਸ, ਭਾਸ਼ਣ, ਲੋਕ ਗੀਤ, ਗਰੁੱਪ ਡਾਂਸ ਅਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਦਿਖਾਈ ।  ਵਿਦਿਆਰਥੀਆਂ ਨੇ ਇਸ ਦਿਨ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲੇ ਵਿੱਚ ਵੀ ਹਿੱਸਾ ਲਿਆ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰੋ.ਵਰਿੰਦਰ ਕੌਰ ਅਤੇ ਪ੍ਰੋ.ਗਗਨਦੀਪ ਕੌਰ ਨੇ ਨਿਭਾਈ।ਇਸ ਮੁਕਾਬਲੇ ਦੌਰਾਨ ਪਹਿਲਾ ਸਥਾਨ ਬੀ.ਏ. ਦੂਜੇ  ਸਮੈਸਟਰ ਦੀ ਵਿਦਿਆਰਥਣ ਅਨਮੋਲ ਨੇ , ਦੂਜਾ ਸਥਾਨ ਬੀ.ਏ. ਚੌਥਾ ਸਮੈਸਟਰ ਦੀ ਮਨਮੀਤ ਕੌਰ ਨੇ  ਅਤੇ ਤੀਜਾ ਸਥਾਨ  ਬੀ.ਸੀ.ਏ ਦੂਜੇ ਸਮੈਸਟਰ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਹਾਸਲ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਸ੍ਰੀਮਤੀ ਅਨੁਪਮ ਕਲੇਰ ਨੇ  ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਨਾਰੀ ਸ਼ਕਤੀ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਅੱਜ ਦੇਸ਼ ਭਰ ਦੀਆਂ ਮਹਿਲਾਵਾਂ ਆਪਣੀ ਕਾਬਲੀਅਤ ਨਾਲ ਦੁਨੀਆਂ ਦੇ ਹਰੇਕ ਮੁਲਕ ਵਿਚ ਆਪਣੇ ਝੰਡੇ ਗੱਡ ਰਹੀਆਂ ਹਨ। ਅੱਜ  ਪੰਚਾਇਤੀ ਰਾਜ ਸੰਸਥਾਵਾਂ ਤੋਂ ਲੈ ਕੇ ਮਹਿਲਾਵਾਂ ਦੇਸ਼ ਦੀ ਸੰਸਦ ਲੋਕ ਸਭਾ ਅਤੇ ਰਾਜਸਭਾ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ।  ਪੁਲਾੜ ਦੇ  ਖੇਤਰ ਵਿਚ ਕਲਪਨਾ ਚਾਵਲਾ ਅਤੇ ਦੇਸ਼ ਦੀਆਂ ਸਰਹੱਦਾਂ ਉੱਤੇ  ਦਿਨ ਰਾਤ ਆਪਣੇ ਦੇਸ਼ ਦੀ ਰਖ਼ਵਾਲੀ ਲ‌ਈ ਪਹਿਰਾ ਦੇ ਰਹੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਵੀ ਕਦੇ  ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਸਭ ਨੂੰ ਸੰਦੇਸ਼ ਦਿੱਤਾ ਕਿ ਔਰਤ-ਪੁਰਸ਼ ਅਨੁਪਾਤ ਵਿੱਚ ਵਧ ਰਹੇ ਅਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਨੂੰ ਬੱਚੀਆਂ ਦੇ ਜਨਮ ਦਿਨ ਦੇ ਜਸ਼ਨ ਮਨਾਉਣ ਅਤੇ ਉਨ੍ਹਾਂ ਦਾ ਸੁਆਗਤ ਕਰਨ 'ਤੇ ਜ਼ੋਰ ਦੇਣਾ ਹੋਵੇਗਾ। ਬੱਚੀਆਂ ਦੀ ਹੱਤਿਆ ਲਈ ਜ਼ਿੰਮੇਵਾਰ ਦਹੇਜ ਪ੍ਰਥਾ ਵਰਗੀਆਂ ਸਮਾਜਿਕ ਪ੍ਰਥਾਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਦੇ ਦਰਜੇ ਨੂੰ ਉੱਚਾ ਚੁੱਕਣਾ ਹੋਵੇਗਾ। ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸਾਕਸ਼ੀ ਚੋਪੜਾ ਨੇ ਨਾਰੀ ਸਸ਼ਕਤੀਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਔਰਤਾਂ ਹਰ ਥਾਂ ਆਗੂ ਹਨ।  ਵੱਡੇ ਅਹੁਦੇ ਤੋਂ ਲੈ ਕੇ, ਘਰੇਲੂ ਔਰਤ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ , ਆਪਣੇ ਘਰ ਦੀ ਅਗਵਾਈ ਕਰਦੀ ਹੈ, ਸਭ  ਸਨਮਾਨਯੋਗ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਦਾ ਮੁੱਖ ਮੰਤਵ ਲਿੰਗਕ ਸਮਾਨਤਾ ਅਤੇ ਔਰਤਾਂ ਦੇ ਬਰਾਬਰ ਅਧਿਕਾਰਾਂ ਨਾਲ ਜੁੜੀਆਂ ਗੱਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਸਮਾਜ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਰਹੇ। ਇਸੇ ਤਰ੍ਹਾਂ ਸ਼੍ਰੀਮਤੀ ਦਲਜੀਤ ਕੌਰ ਨੇ ਕਿਹਾ ਕਿ  ਸਾਡੇ ਦੇਸ਼ ਦੀ ਤਰੱਕੀ ਵਿੱਚ ਔਰਤਾਂ ਦੀ ਵਿਸ਼ੇਸ਼ ਭੂਮਿਕਾ  ਹੈ। ਸਾਨੂੰ ਹੋਰ ਅੱਗੇ ਵਧਣ ਲਈ ਰੂੜ੍ਹੀਵਾਦੀ ਸੋਚ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ  ਸਭ ਦਾ ਫਰਜ਼ ਬਣਦਾ ਹੈ ਔਰਤਾਂ ਨੂੰ ਸਨਮਾਨ ਦੇ ਨਾਲ ਉਨ੍ਹਾਂ ਨੂੰ ਇੱਕ ਸੁਰੱਖਿਅਤ ਵਾਤਾਵਰਨ ਵੀ ਪ੍ਰਦਾਨ ਕਰਨ। ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਕਾਲਜ ਦੇ  ਪ੍ਰਿੰ. ਡਾ. ਬਲਦੇਵ ਸਿੰਘ ਢਿਲੋਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਕਵਿਤਾ ਉਚਾਰਨ ਮੁਕਾਬਲੇ ਦੇ ਜੇਤੂਆਂ ਨੂੰ ਵੀ ਇਨਾਮ ਵੰਡੇ ਗਏ ।।ਇਸ ਸਮੇਂ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ  ਵਿਦਿਆਰਥੀ ਵੱਡੀ ਗਿਣਤੀ ਵਿੱਚ  ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਈ ਐਲੂਮਨੀ ਮੀਟ-2024 |

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ ਐਲੂਮਨੀ ਮੀਟ -2024 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ...