ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਹੜੇ ਵਿਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਇਸ ਤ੍ਰੈ-ਭਾਸ਼ੀ ਕਵੀ ਦਰਬਾਰ ਵਿੱਚ ਪਦਮਸ਼੍ਰੀ ਡਾ. ਹਰਮਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਵਿਸ਼ਵ ਵਿਦਿਆਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਮੁੱਖ ਮਹਿਮਾਨ ਵਜੋਂ ਅਤੇ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਆਲੋਚਕ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕੀਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਜੀ ਆਇਆਂ ਆਖਦਿਆਂ, ਸਾਰੇ ਕਵੀਆਂ ਦੀ ਜਾਣ ਪਛਾਣ ਕਰਾਈ। ਉਨ੍ਹਾਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕਰਦਿਆਂ ਹਾਜ਼ਰ ਕਵੀਆਂ ਦਾ ਸ਼ਾਇਰਾਨਾ ਅੰਦਾਜ਼ 'ਚ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਮੁੱਖ ਕੇਂਦਰ ਪਟਿਆਲਾ ਦੇ ਨਾਲ-ਨਾਲ ਹੁਣ ਹਰ ਸਾਲ ਜ਼ਿਲ੍ਹਾ ਕੇਂਦਰਾਂ ਵਿਖੇ ਵੀ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਜਾਇਆ ਕਰਨਗੇ। ਇਸ ਨਾਲ ਸਹਿਤਿਕ ਮਾਹੌਲ ਦੇ ਪਸਾਰੇ ਨੂੰ ਹੋਰ ਬਲ ਮਿਲੇਗਾ। ਤ੍ਰੈ-ਭਾਸ਼ਾ ਕਵੀ ਦਰਬਾਰ ਵਿਚ ਡਾ. ਸਰਦੂਲ ਸਿੰਘ ਔਜਲਾ, ਕੰਵਰ ਇਕਬਾਲ ਸਿੰਘ, ਸੁਰਜੀਤ ਸਾਜਨ, ਸ਼ਹਿਬਾਜ਼ ਖ਼ਾਨ, ਮੰਗਲ ਭੰਡਾਲ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰਿੰ. ਪ੍ਰੋਮਿਲਾ ਅਰੋੜਾ, ਡਾ. ਨੀਲੂ ਸ਼ਰਮਾ, ਰਮੇਸ਼ ਵਿਨੋਦੀ, ਮਹੇਸ਼ ਸ਼ਰਮਾ, ਮੁਹੰਮਦ ਅੱਬਾਸ, ਅਸਗ਼ਰ ਅਮੀਨ, ਡਾ. ਦੀਪਕ ,ਅੱਬਾਸ ਧਾਲੀਵਾਲ ਅਤੇ ਅਬਦੁਲ ਰਸ਼ੀਦ ਨੇ ਸ਼ਾਨਦਾਰ ਕਲਾਮਾਂ ਰਾਹੀਂ ਭਰਵੀਂ ਹਾਜ਼ਰੀ ਲੁਆਈ। ਇਹਨਾਂ ਸਾਰੇ ਕਵੀਆਂ ਨੇ ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨ ਵਿਚ ਆਪਣੇ ਕਲਾਮ ਪੇਸ਼ ਕਰਕੇ ਚੰਗੀ ਵਾਹ-ਵਾਹ ਕਬੂਲੀ । ਪਦਮਸ਼੍ਰੀ ਡਾ. ਹਰਮਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਵਿਸ਼ਵ ਵਿਦਿਆਲਾ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਨੇ ਭਾਸ਼ਾ ਵਿਭਾਗ ਵਲੋਂ ਨਵੀਂ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਅਤੇ ਸਾਹਿਤ ਨਾਲ ਜੋੜਨ ਲਈ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਵਿਤਾ ਵਿੱਚ ਹਮੇਸ਼ਾਂ ਹੀ ਦਿਲਚਸਪੀ ਰਹੀ ਹੈ, ਕਿਉਂਕਿ ਕਵਿਤਾ ਦਾ ਸਿੱਧਾ ਸਬੰਧ ਰੂਹ ਨਾਲ ਹੁੰਦਾ ਹੈ। । ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਵੀ ਦਰਬਾਰ ਦੀ ਗੱਲ ਕਰਦਿਆਂ ਕਿ ਇਹ ਇੱਕ ਅਜਿਹੀ ਪਰੰਪਰਾ ਹੈ ਜੋ ਸਦੀਆਂ ਤੋਂ ਸਾਡੇ ਵਿਰਸੇ ਦਾ ਹਿੱਸਾ ਬਣੀ ਹੋਈ ਹੈ। ਸਾਡੇ ਕੋਲ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਰੂਪ 'ਚ ਦੁਨੀਆ ਦਾ ਮਹਾਨ ਸ਼ਬਦ ਗੁਰੂ ਮੌਜੂਦ ਹੈ ਜੋ ਕਾਵਿ ਦੀ ਉੱਤਮ ਦਰਜੇ ਦੀ ਮਿਸਾਲ ਹੈ। ਇਸ ਤੋਂ ਇਲਾਵਾ ਪੰਜਾਬ ਦੀ ਧਰਤੀ 'ਤੇ ਲਿਖੇ ਗਏ ਉੱਚ ਪਾਏ ਦੇ ਕਿੱਸੇ-ਵਾਰਾਂ ਵੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੇ ਹਨ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਚੰਗੀ ਸ਼ਾਇਰੀ ਨਾਲ ਜੋੜਨ ਲਈ ਲਿਖਾਰੀਆਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਇਸ ਕਰਕੇ ਭਾਸ਼ਾ ਵਿਭਾਗ ਵਧਾਈ ਦਾ ਪਾਤਰ ਹੈ, ਜੋ ਨਵੀਂ ਪੀੜ੍ਹੀ ਨੂੰ ਵਧੀਆ ਸਾਹਿਤ ਨਾਲ ਜੋੜਨ ਤੇ ਚੰਗੀ ਸੇਧ ਦੇਣ ਲਈ ਇਸ ਤਰ੍ਹਾਂ ਦੇ ਸਮਾਗਮ ਰਚਾਉਂਦਾ ਹੈ। ਭਾਸ਼ਾ ਵਿਭਾਗ, ਕਪੂਰਥਲਾ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ , ਸ਼ਾਇਰਾਂ ਅਤੇ ਸੰਸਥਾ ਦੇ ਪ੍ਰੋਫੈਸਰਾਂ ਨੂੰ ਕਿਤਾਬਾਂ ਦੇ ਸੈੱਟ ਅਤੇ ਦੁਸ਼ਾਲਿਆਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਡਾ. ਕੁਲਦੀਪ ਸਿੰਘ ਚੌਹਾਨ ਵੱਲੋਂ ਬਾਖੂਬੀ ਢੰਗ ਨਾਲ ਕੀਤਾ। ਇਸ ਮੌਕੇ ਬਲਵੀਰ ਸਿੰਘ ਸਿੱਧੂ ਸੀਨੀਅਰ ਅਸਿਸਟੈਂਟ, ਭਾਸ਼ਾ ਵਿਭਾਗ ਵੱਲੋਂ ਕਰਾਏ ਸਮਾਗਮ ਦੇ ਪ੍ਰਬੰਧਾਂ ਸਬੰਧੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਵਰਾਜ ਕੌਰ ਲਾਇਬ੍ਰੇਰੀ ਇੰਚਾਰਜ, ਪੰਕਜ ਧੀਰ ਹੈੱਡ ਟੀਚਰ ਅਤੇ ਸੰਸਥਾ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment