ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਬੌਧਿਕ ਸੰਪਦਾ ਅਧਿਕਾਰਾਂ (Intellectual Property Rights—IPR) ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਲੈਕਚਰ ਕਰਵਾਇਆ । ਇਸ ਮੌਕੇ ਡਾ. ਨਵਲੀਨ ਮੁਲਤਾਨੀ, ਡੀਨ ਰਿਸਰਚ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ (JGNDPSOU) ਨੇ ਯੂਨੀਵਰਸਿਟੀ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ।
ਡਾ. ਨਵਲੀਨ ਮੁਲਤਾਨੀ ਨੇ ਆਪਣੇ ਵਿਸਥਾਰਪੂਰਵਕ ਅਤੇ ਜਾਣਕਾਰੀ ਭਰਪੂਰ ਸੰਬੋਧਨ ਦੌਰਾਨ ਬੌਧਿਕ ਸੰਪਦਾ ਅਧਿਕਾਰਾਂ ਦੀ ਮਹੱਤਤਾ ਅਤੇ ਅਜੋਕੇ ਗਿਆਨ-ਆਧਾਰਿਤ ਸਮਾਜ ਵਿੱਚ ਇਸ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪੇਟੈਂਟ, ਕਾਪੀਰਾਈਟ, ਟ੍ਰੇਡਮਾਰਕ, ਇੰਡਸਟਰੀਅਲ ਡਿਜ਼ਾਈਨ ਅਤੇ ਜਿਓਗ੍ਰਾਫੀਕਲ ਇੰਡੀਕੇਸ਼ਨ (GI) ਸਮੇਤ ਬੌਧਿਕ ਸੰਪਦਾ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਖੋਜ, ਨਵੀਨਤਾ, ਰਚਨਾਤਮਕਤਾ ਅਤੇ ਨਵੀਂ ਤਕਨੀਕੀ ਸੋਚ ਕਿਸੇ ਵੀ ਗਿਆਨ-ਆਧਾਰਿਤ ਅਰਥਵਿਵਸਥਾ ਦੀ ਮਜ਼ਬੂਤ ਨੀਂਹ ਹਨ। ਇਸ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਾਰਥੀਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੀ ਨਵੀਂ ਖੋਜ, ਵਿਚਾਰ, ਰਚਨਾ ਜਾਂ ਤਕਨੀਕੀ ਨਵੀਨਤਾ ਨੂੰ ਕਾਨੂੰਨੀ ਸੁਰੱਖਿਆ ਕਿਵੇਂ ਪ੍ਰਦਾਨ ਕੀਤੀ ਜਾ ਸਕਦੀ ਹੈ।
ਰਿਸੋਰਸ ਪਰਸਨ ਨੇ ਖਾਸ ਤੌਰ ’ਤੇ ਪੇਟੈਂਟ ਪ੍ਰਾਪਤ ਕਰਨ ਦੀ ਪ੍ਰਕਿਰਿਆ, ਕਾਪੀਰਾਈਟ ਦੀ ਸੁਰੱਖਿਆ, ਟ੍ਰੇਡਮਾਰਕ ਦੀ ਮਹੱਤਤਾ ਅਤੇ ਬੌਧਿਕ ਸੰਪਦਾ ਦੀ ਉਲੰਘਣਾ ਨਾਲ ਸਬੰਧਤ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਖੋਜ ਕਾਰਜ ਵਿੱਚ ਮੌਲਿਕਤਾ, ਸਹੀ ਹਵਾਲਿਆਂ ਅਤੇ ਨੈਤਿਕ ਮਾਪਦੰਡਾਂ ਦੀ ਪਾਲਣਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਡਾ. ਮੁਲਤਾਨੀ ਨੇ ਇਹ ਵੀ ਦੱਸਿਆ ਕਿ ਬੌਧਿਕ ਸੰਪਦਾ ਅਧਿਕਾਰ ਸਿਰਫ਼ ਕਾਨੂੰਨੀ ਸੁਰੱਖਿਆ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਖੋਜ ਅਤੇ ਵਿਕਾਸ, ਨਵੀਨਤਾ, ਉਦਯਮਿਤਾ, ਸਟਾਰਟਅੱਪਸ ਅਤੇ ਤਕਨਾਲੋਜੀ ਟ੍ਰਾਂਸਫਰ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਰਚਨਾਤਮਕ ਸੋਚਾਂ ਅਤੇ ਖੋਜੀ ਵਿਚਾਰਾਂ
ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਬੌਧਿਕ ਸੰਪਦਾ ਵਜੋਂ ਪਛਾਣ ਕਰਕੇ ਉਚਿਤ ਸੁਰੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਲੈਕਚਰ ਦੌਰਾਨ ਪਲੇਜਰਿਜ਼ਮ, ਕਾਪੀਰਾਈਟ ਦੀ ਉਲੰਘਣਾ, ਡਿਜੀਟਲ ਸਮੱਗਰੀ ਦੀ ਗੈਰ-ਅਧਿਕਾਰਤ ਵਰਤੋਂ ਅਤੇ ਖੋਜ ਵਿੱਚ ਮੌਲਿਕਤਾ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਉਪਰੰਤ ਇੱਕ ਇੰਟਰਐਕਟਿਵ ਪ੍ਰਸ਼ਨੋਤਰੀ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੌਧਿਕ ਸੰਪਦਾ ਦੇ ਵੱਖ-ਵੱਖ ਪੱਖਾਂ ਨਾਲ ਸਬੰਧਤ ਸਵਾਲ ਪੁੱਛੇ। ਡਾ. ਮੁਲਤਾਨੀ ਨੇ ਸਾਰੇ ਸਵਾਲਾਂ ਦੇ ਵਿਹਾਰਕ ਅਤੇ ਵਿਸਥਾਰਪੂਰਵਕ ਜਵਾਬ ਦਿੱਤੇ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਮੌਜ਼ੂਦਾ ਗਿਆਨ, ਖੋਜ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਬੌਧਿਕ ਸੰਪਦਾ ਅਧਿਕਾਰਾਂ ਬਾਰੇ ਜਾਗਰੂਕਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਵਿੱਚ ਮੌਲਿਕ ਸੋਚ, ਖੋਜੀ ਰੁਚੀ, ਨਵੀਨਤਾ ਅਤੇ ਉਦਯਮਿਤਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੀਆਂ ਬੌਧਿਕ ਰਚਨਾਵਾਂ ਦੀ ਸੁਰੱਖਿਆ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਭਵਿੱਖ ਵਿੱਚ ਵੀ ਖੋਜ, ਨਵੀਨਤਾ ਅਤੇ ਬੌਧਿਕ ਸੰਪਦਾ ਨਾਲ ਸਬੰਧਤ ਅਜਿਹੇ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ।
ਪ੍ਰੋਗਰਾਮ ਵਿੱਚ ਕਾਲਜ ਦੇ ਅਧਿਆਪਕਾਂ, ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਰੀਜ਼ਨਲ ਸੈਂਟਰ ਦੇ ਕੋਆਰਡੀਨੇਟਰ, ਅਸਿਸਟੈਂਟ ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ ਨੇ ਰਿਸੋਰਸ ਪਰਸਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਹਿਯੋਗ ਅਤੇ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋ ਵੱਲੋਂ ਮੁੱਖ ਰਿਸੋਰਸ ਪਰਸਨ ਡਾ. ਨਵਲੀਨ ਮੁਲਤਾਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸਟੇਜ ਸੰਚਾਲਨ ਦੀ ਕਾਰਵਾਈ ਅਸਿਸਟੈਂਟ ਪ੍ਰੋਫ਼ੈਸਰ ਦਮਨਜੀਤ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ।

No comments:
Post a Comment