ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਨੇ ਰੈੱਡ ਰਿਬਨ ਕਲੱਬ, ਐਨ.ਐਸ.ਐਸ. ਵਿਭਾਗ ਅਤੇ ਯੂਥ ਕਲੱਬ ਦੇ ਸਹਿਯੋਗ ਨਾਲ 80ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਇਸ ਪ੍ਰੋਗਰਾਮ ਵਿੱਚ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾਵਾਂ, ਭਾਸ਼ਣ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਤੰਤਰਤਾ ਦਿਵਸ ਸਾਨੂੰ ਆਪਣੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋ. ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਅਸਲ ਅਰਥ ਸਮਝਣ ਅਤੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ ਅਤੇ ਸਾਡਾ ਫਰਜ਼ ਹੈ ਕਿ ਅਸੀਂ ਇਸ ਦੀ ਕਦਰ ਕਰਦਿਆਂ ਦੇਸ਼ ਦੀ ਤਰੱਕੀ ਲਈ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰੀਏ।
ਇਸ ਮੌਕੇ ‘ਦੇਸ਼ ਭਗਤੀ, ਲੋਕਤੰਤਰ ਅਤੇ ਆਜ਼ਾਦੀ’ ਸਿਰਲੇਖ ਹੇਠ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ, ਜਿਸ ਰਾਹੀਂ ਵਿਦਿਆਰਥੀਆਂ ਨੂੰ ਇਨ੍ਹਾਂ ਮੁੱਲਾਂ ਦੀ ਮਹੱਤਤਾ ਅਤੇ ਸਮਾਜ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਿਆ। ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣਾਂ ਰਾਹੀਂ ਦਰਸ਼ਕਾਂ ਅਤੇ ਨਿਰਣਾਇਕਾਂ ਨੂੰ ਪ੍ਰਭਾਵਿਤ ਕੀਤਾ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ, ਜਿਸ ਵਿੱਚ ਬੀ.ਕਾਮ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਸੁਹਾਨੀ ਨੇ ਪਹਿਲਾ ਸਥਾਨ, ਬੀ. ਕਾਮ ਤੀਜਾ ਸਮੈਸਟਰ ਦੀ ਰੁਪਿੰਦਰ ਕੌਰ ਤੇ +1 ਆਰਟਸ ਦੇ ਵਿਦਿਆਰਥੀ ਕੋਮਲਪ੍ਰੀਤ ਨੇ ਦੂਜਾ ਸਥਾਨ ਅਤੇ ਬੀ.ਏ ਪਹਿਲਾ ਸਮੈਸਟਰ ਦੀ ਅਵਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ.ਮਨਜੋਤ ਕੌਰ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਰੈੱਡ ਰਿਬਨ ਕਲੱਬ ਅਤੇ ਐਨ ਐਸ ਐਸ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ, ਨੌਜ਼ਵਾਨਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਮਨਮੋਹਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

No comments:
Post a Comment