ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਸਫ਼ਲਤਾ ਪੂਰਵਕ ਇੰਟਰ ਕਾਲਜ ਆਈ ਟੀ ਫੈਸਟ TechTitans-2026 ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਵਿੱਚ ਵੱਖ ਵੱਖ ਕਾਲਜਾਂ ਦੇ 160 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਡਾ. ਆਰ. ਪੀ. ਐਸ. ਬੇਦੀ ਡੀਨ (Planning & External Programs) ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਅਤੇ ਡਾ. ਮਨਪ੍ਰੀਤ ਸਿੰਘ ਲਹਿਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਤੇ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਣ ਲਈ, ਕਾਲਜ ਵਿੱਚ ਸਮੇਂ-ਸਮੇਂ 'ਤੇ ਅਜਿਹੇ ਮੁਕਾਬਲੇ, ਸੈਮੀਨਾਰ ਅਤੇ ਵਰਕਸ਼ਾਪ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਆਈ.ਟੀ. ਫੈਸਟ ਵਿਦਿਆਰਥੀਆਂ ਲਈ ਇੱਕ ਐਸਾ ਮੰਚ ਹੈ, ਜਿੱਥੇ ਉਹ ਆਪਣੀ ਤਕਨੀਕੀ ਕਾਬਲੀਅਤ, ਰਚਨਾਤਮਕਤਾ ਅਤੇ ਨਵੀਨਤਾ ਨੂੰ ਪ੍ਰਗਟ ਕਰ ਸਕਦੇ ਹਨ। ਅੱਜ ਦੇ ਡਿਜ਼ੀਟਲ ਯੁੱਗ ਵਿੱਚ ਆਈ.ਟੀ. ਫੈਸਟ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਇਸ ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਦੇ ਸੁਮੇਲ ਪ੍ਰੋਗਰਾਮ ਵਿੱਚ ਪਾਵਰ ਪੁਆਇੰਟ ਪ੍ਰੋਜੈਂਟੇਸ਼ਨ, ਕੰਟੈਂਟ ਕ੍ਰੀਏਸ਼ਨ, ਨੈਟ ਸੇਵੀ, ਫ਼ੋਟੋਗ੍ਰਾਫ਼ੀ, ਪੇਂਟਿੰਗ, ਆਈ ਟੀ. ਕੁਇਜ਼, ਸੌਫਟਵੇਅਰ ਸ਼ੋਕੇਸ, ਬਿਜ਼ਨਸ ਕੁਇਜ਼, ਲੋਕ ਗੀਤ, ਗਰੁੱਪ ਡਾਂਸ, ਕਵੀਸ਼ਰੀ, ਸੋਲੋ ਡਾਂਸ ਆਦਿ ਮੁਕਾਬਲੇ ਕਰਵਾਏ।
ਮੁੱਖ ਮਹਿਮਾਨ ਡਾ. ਆਰ. ਪੀ. ਐਸ. ਬੇਦੀ ਨੇ ਬੋਲਦਿਆਂ ਕਿਹਾ ਕਿ TechTitans-2026 ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਵਾਲਾ ਅਜਿਹਾ ਆਈ ਟੀ ਫੈਸਟ ਹੈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਟੈਕਨੋਲਜੀ ਖੇਤਰ ਵਿੱਚ ਆਪਣੇ ਯੋਗਦਾਨ ਨੂੰ ਸਹੀ ਰੂਪ ਵਿੱਚ ਪ੍ਰਗਟ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਈ.ਟੀ. ਫੈਸਟ ਸਿਰਫ਼ ਮਨੋਰੰਜਨ ਨਹੀਂ, ਸਗੋਂ ਗਿਆਨ, ਹੁਨਰ ਅਤੇ ਵਿਅਕਤੀਗਤ ਵਿਕਾਸ ਦਾ ਮਹੱਤਵਪੂਰਨ ਸਾਧਨ ਹੈ। ਇਹ ਵਿਦਿਆਰਥੀਆਂ ਨੂੰ ਡਿਜ਼ੀਟਲ ਦੁਨੀਆ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਸਿੱਖਿਆ ਦੇ ਨਾਲ ਸਿਰਜਨਾਤਮਕ ਕੁਸ਼ਲਤਾਵਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ ਅਤੇ ਗਿਆਨ ਦੇ ਵਾਧੇ ਲਈ ਅਜਿਹੇ ਮੁਕਾਬਲਿਆ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਵਿਸ਼ੇਸ਼ ਮਹਿਮਾਨ ਡਾ. ਮਨਪ੍ਰੀਤ ਸਿੰਘ ਲਹਿਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ 'ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ 'ਚ ਸਹਾਈ ਸਿੱਧ ਹੁੰਦੇ ਹਨ। ਇਹ ਮੰਚ ਵਿਦਿਆਰਥੀਆਂ ਨੂੰ ਨਵੇਂ ਵਿਚਾਰ ਪੇਸ਼ ਕਰਨ ਅਤੇ ਨਵੀਨ ਪ੍ਰੋਜੈਕਟ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ TechTitans 2026 ਨੂੰ ਬਹੁਤ ਹੀ ਸਫ਼ਲਤਾ ਪੂਰਵਕ ਕਰਵਾਉਣ 'ਤੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ ਦੇ ਅੰਤ ਵਿੱਚ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇਸ ਆਈ ਟੀ ਫੈਸਟ ਵਿੱਚ ਇੰਨੀ ਵੱਡੀ ਪੱਧਰ ਤੇ ਵਿਦਿਆਰਥੀ ਸ਼ਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਓਵਰਆਲ ਟਰਾਫ਼ੀ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਫਸਟ ਰਨਰ ਅੱਪ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਨੇ ਸੈਕਿੰਡ ਰਨਰ ਅੱਪ ਦੀ ਟਰਾਫੀ ਪ੍ਰਾਪਤ ਕੀਤੀ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ ਪ੍ਰਭਜੋਤ ਕੌਰ, ਪ੍ਰੋ ਕੰਚਨ ਗੁਪਤਾ, ਪ੍ਰੋ. ਗੁਰਕਮਲ ਕੌਰ, ਪ੍ਰੋ. ਸੁਮੀਤ ਸਰਾਓ, ਪ੍ਰੋ ਸੰਦੀਪ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ । ਇਨ੍ਹਾਂ ਮੁਕਾਬਲਿਆ ਦੌਰਾਨ ਮੰਚ ਦਾ ਸੰਚਾਲਨ ਪ੍ਰੋ ਵਰਿੰਦਰ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਬਾਖ਼ੂਬੀ ਕੀਤਾ।
.jpeg)
No comments:
Post a Comment