ਡਾ. ਗੁਪਤਾ ਨੇ ਵਿਦਿਆਰਥੀਆਂ ਨੂੰ ਡਾਟਾ ਮਾਇਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਡਾਟਾ ਕਿਵੇਂ ਵੱਖ-ਵੱਖ ਖੇਤਰਾਂ ਵਿੱਚ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਤਕਨਾਲੋਜੀਆਂ ਸਿੱਖਣ ਅਤੇ ਆਪਣੇ ਕਰੀਅਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਡਾਟਾ ਮਾਇਨਿੰਗ ਇੱਕ ਅਹਿਮ ਤਕਨਾਲੋਜੀ ਹੈ ਜਿਸ ਦੇ ਜ਼ਰੀਏ ਵੱਡੀ ਮਾਤਰਾ ਵਿੱਚ ਮੌਜ਼ੂਦ ਡਾਟਾ ਵਿਚੋਂ ਲਾਭਦਾਇਕ ਜਾਣਕਾਰੀ, ਰੁਝਾਨ ਅਤੇ ਪੈਟਰਨ ਕੱਢੇ ਜਾਂਦੇ ਹਨ। ਅੱਜ ਦੇ ਡਿਜ਼ੀਟਲ ਯੁੱਗ ਵਿੱਚ ਹਰ ਖੇਤਰ ਵਿੱਚ ਬੇਹੱਦ ਡਾਟਾ ਤਿਆਰ ਹੋ ਰਿਹਾ ਹੈ ਅਤੇ ਇਸ ਡਾਟੇ ਨੂੰ ਸਹੀ ਢੰਗ ਨਾਲ ਵਰਤਣ ਲਈ ਡਾਟਾ ਮਾਇਨਿੰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਬਣ ਗਈ ਹੈ। ਇਸ ਦੀ ਮਦਦ ਨਾਲ ਸੰਸਥਾਵਾਂ ਅਤੇ ਕੰਪਨੀਆਂ ਸਹੀ ਫ਼ੈਸਲੇ ਲੈਂਦੀਆਂ ਹਨ ਅਤੇ ਆਪਣੇ ਕੰਮਕਾਜ਼ ਨੂੰ ਹੋਰ ਬਿਹਤਰ ਬਣਾਉਂਦੀਆਂ ਹਨ।
ਡਾਟਾ ਮਾਇਨਿੰਗ ਦਾ ਉਪਯੋਗ ਬੈਂਕਿੰਗ, ਵਪਾਰ, ਸਿਹਤ ਸੇਵਾਵਾਂ, ਸਿੱਖਿਆ ਅਤੇ ਈ-ਕਾਮਰਸ ਵਰਗੇ ਕਈ ਖੇਤਰਾਂ ਵਿੱਚ ਕੀਤਾ ਜਾਂਦਾ ਹੈ। ਬੈਂਕਾਂ ਵਿੱਚ ਇਸ ਦੀ ਮਦਦ ਨਾਲ ਧੋਖਾਧੜੀ ਦੀ ਪਛਾਣ ਕੀਤੀ ਜਾਂਦੀ ਹੈ, ਵਪਾਰ ਵਿੱਚ ਗਾਹਕਾਂ ਦੀ ਪਸੰਦ ਨੂੰ ਸਮਝਿਆ ਜਾਂਦਾ ਹੈ ਅਤੇ ਸਿਹਤ ਖੇਤਰ ਵਿੱਚ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਸਿੱਖਿਆ ਖੇਤਰ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਦੀ ਅਕਾਦਮਿਕ ਤਰੱਕੀ ਨੂੰ ਸੁਧਾਰਨ ਲਈ ਵੀ ਡਾਟਾ ਮਾਇਨਿੰਗ ਵਰਤੀ ਜਾਂਦੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਟਾ ਮਾਇਨਿੰਗ ਸਿੱਖਣ ਨਾਲ ਵਿਦਿਆਰਥੀਆਂ ਲਈ ਕਈ ਕਰੀਅਰ ਮੌਕੇ ਉਪਲੱਬਧ ਹੁੰਦੇ ਹਨ ਜਿਵੇਂ ਕਿ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ, ਬਿਜ਼ਨਸ ਐਨਾਲਿਸਟ ਅਤੇ ਮਸ਼ੀਨ ਲਰਨਿੰਗ ਇੰਜੀਨੀਅਰ। ਇਹ ਖੇਤਰ ਨੌਕਰੀ ਦੇ ਵਧੀਆ ਮੌਕੇ ਅਤੇ ਉੱਚੇ ਭਵਿੱਖ ਦੀ ਸੰਭਾਵਨਾ ਪ੍ਰਦਾਨ ਕਰਦਾ ਹੈ। ਇਸ ਲਈ ਡਾਟਾ ਮਾਇਨਿੰਗ ਨੂੰ ਆਧੁਨਿਕ ਯੁੱਗ ਦੀ ਇੱਕ ਜ਼ਰੂਰੀ ਤਕਨਾਲੋਜੀ ਮੰਨਿਆ ਜਾਂਦਾ ਹੈ ਜੋ ਵਿਦਿਆਰਥੀਆਂ ਨੂੰ ਨਵੇਂ ਮੌਕੇ ਅਤੇ ਚੁਣੌਤੀਆਂ ਲਈ ਤਿਆਰ ਕਰਦੀ ਹੈ। ਲੈਕਚਰ ਦੌਰਾਨ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੇ ਸਵਾਲ ਪੁੱਛੇ। ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸਾਬਤ ਹੋਇਆ। ਅੰਤ ਵਿੱਚ ਵਿਭਾਗ ਮੁਖੀ ਪ੍ਰੋ. ਦਮਨਜੀਤ ਕੌਰ ਨੇ ਡਾ. ਦਿਨੇਸ਼ ਗੁਪਤਾ ਦਾ ਧੰਨਵਾਦ ਕੀਤਾ ਅਤੇ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਸਿੱਖਿਆਤਮਕ ਪ੍ਰੋਗਰਾਮ ਕਰਵਾਉਣ ਦਾ ਸੰਕਲਪ ਕੀਤਾ। ਲੈਕਚਰ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਕੰਚਨ ਗੁਪਤਾ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਇੰਦਰਪ੍ਰੀਤ ਸਿੰਘ ਵੀ ਹਾਜ਼ਰ ਸਨ।

No comments:
Post a Comment