ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਅੰਗਰੇਜ਼ੀ ਵਿਭਾਗ ਵੱਲੋਂ “ਰਾਸ਼ਟਰੀ ਸਿੱਖਿਆ ਦਿਵਸ” ਨੂੰ ਸਮਰਪਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਾਇਆ। ਇਹ ਦਿਵਸ ਹਰ ਸਾਲ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਜਨਮ ਨੂੰ ਸਮਰਪਿਤ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 1947 ਤੋਂ 1958 ਤੱਕ ਭਾਰਤ ਦੇ ਸਿੱਖਿਆ ਮੰਤਰੀ ਵਜੋਂ ਸੇਵਾ ਨਿਭਾਈ।
ਇਸ ਪ੍ਰੋਗਰਾਮ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਰਿਸੋਰਸ ਪਰਸਨ ਵਜੋਂ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਿਨ ਮੌਲਾਨਾ ਆਜ਼ਾਦ ਦੇ ਉਸ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਹੈ, ਜਿਸ ਨਾਲ ਉਨ੍ਹਾਂ ਨੇ ਆਜ਼ਾਦ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਦੀ ਨੀਂਹ ਰੱਖੀ ।
ਪ੍ਰਿੰਸੀਪਲ ਡਾ. ਢਿੱਲੋਂ ਨੇ ਸਿੱਖਿਆ ਦੇ ਚਾਰ ਪਿਲਰ — ਜਾਣਨ ਲਈ ਸਿੱਖਣਾ (Learning to know), ਕਰਣ ਲਈ ਸਿੱਖਣਾ (Learning to do), ਇੱਕਠੇ ਜੀਊਣ ਲਈ ਸਿੱਖਣਾ (Learning to live together) ਅਤੇ ਹੋਣ ਲਈ ਸਿੱਖਣਾ (Learning to be) — ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜੋ ਕਿ 21ਵੀਂ ਸਦੀ ਲਈ ਅੰਤਰਰਾਸ਼ਟਰੀ ਕਮਿਸ਼ਨ ਆਨ ਐਜੂਕੇਸ਼ਨ ਦੁਆਰਾ ਪ੍ਰਸਤਾਵਿਤ ਕੀਤੇ ਗਏ ਹਨ। ਇਹ ਚਾਰ ਪਿਲਰ , ਸਿੱਖਿਆ ਦਾ ਇੱਕ ਸੰਪੂਰਨ ਢਾਂਚਾ ਪ੍ਰਦਾਨ ਕਰਦੇ ਹਨ ਜੋ ਬੌਧਿਕ ਯੋਗਤਾਵਾਂ, ਪ੍ਰਯੋਗਿਕ ਹੁਨਰਾਂ, ਸਮਾਜਿਕ ਸਮਰਥਾਵਾਂ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ।
ਸਭ ਤੋਂ ਪਹਿਲਾਂ ਉਨ੍ਹਾਂ ਨੇ “ਜਾਣਨ ਲਈ ਸਿੱਖਣਾ” ਬਾਰੇ ਦੱਸਿਆ, ਜੋ ਵਿਦਿਆਰਥੀਆਂ ਵਿੱਚ ਗਿਆਨ ਪ੍ਰਾਪਤੀ, ਧਿਆਨ, ਯਾਦਦਾਸ਼ਤ, ਤਰਕਸ਼ੀਲ ਸੋਚ ਅਤੇ ਲਗਾਤਾਰ ਸਿੱਖਣ ਦੀ ਯੋਗਤਾ ਵਿਕਸਿਤ ਕਰਨ ‘ਤੇ ਕੇਂਦ੍ਰਤ ਹੈ।
ਇਸ ਤੋਂ ਬਾਅਦ ਉਨ੍ਹਾਂ “ਕਰਣ ਲਈ ਸਿੱਖਣਾ” ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਇਹ ਪਿਲਰ ਵਿਅਕਤੀ ਨੂੰ ਸਮਾਜ ਅਤੇ ਅਰਥਵਿਵਸਥਾ ਵਿੱਚ ਭਾਗ ਲੈਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਦਾ ਹੈ। ਇਸ ਵਿੱਚ ਸਿਰਫ਼ ਨੌਕਰੀ ਸੰਬੰਧੀ ਤਾਲੀਮ ਹੀ ਨਹੀਂ, ਸਗੋਂ ਸਮੱਸਿਆ ਹੱਲ ਕਰਨ ਦੀ ਯੋਗਤਾ, ਟੀਮ ਵਰਕ ਅਤੇ ਵਿਅਕਤੀਗਤ ਕੁਸ਼ਲਤਾ ਦਾ ਵਿਕਾਸ ਵੀ ਸ਼ਾਮਲ ਹੈ।
ਅੱਗੇ ਉਨ੍ਹਾਂ ਨੇ “ਇੱਕਠੇ ਜੀਊਣ ਲਈ ਸਿੱਖਣਾ” ਬਾਰੇ ਦੱਸਿਆ, ਜਿਸ ਦਾ ਉਦੇਸ਼ ਸਮਾਜਿਕ ਹੁਨਰਾਂ, ਸਮਵੇਦਨਾ, ਹੋਰਨਾਂ ਲਈ ਸਤਿਕਾਰ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਟਕਰਾਅ ਹੱਲ ਕਰਨ ਦੀ ਸਮਰਥਾ ਦਾ ਵਿਕਾਸ ਕਰਨਾ ਹੈ। ਇਹ ਵਿਭਿੰਨਤਾ ਪ੍ਰਤੀ ਸਮਝ ਅਤੇ ਆਪਸੀ ਆਦਰ ਦਾ ਪ੍ਰਚਾਰ ਕਰਦਾ ਹੈ।
ਅੰਤ ਵਿੱਚ ਉਨ੍ਹਾਂ “ਹੋਣ ਲਈ ਸਿੱਖਣਾ” ‘ਤੇ ਚਰਚਾ ਕੀਤੀ, ਜਿਸ ਦਾ ਮਕਸਦ ਵਿਅਕਤੀ ਦੇ ਮਨ, ਸਰੀਰ, ਬੁੱਧੀ ਅਤੇ ਆਤਮਿਕ ਪੱਖ ਦਾ ਸੰਪੂਰਨ ਵਿਕਾਸ ਕਰਨਾ ਹੈ। ਇਹ ਵਿਅਕਤੀ ਨੂੰ ਆਪਣੇ ਆਪ ਸੋਚਣ ਅਤੇ ਆਪਣੇ ਜੀਵਨ ਦੇ ਫ਼ੈਸਲੇ ਖੁਦ ਕਰਨ ਲਈ ਪ੍ਰੇਰਿਤ ਕਰਦਾ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ‘ਤੇ ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਵਰਿੰਦਰ ਕੌਰ, ਪ੍ਰੋ. ਦਮਨਜੀਤ ਕੌਰ, ਪ੍ਰੋ. ਡਿੰਪਲ, ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਸੰਦੀਪ ਸਿੰਘ ਅਤੇ ਪ੍ਰੋ. ਜਸਪ੍ਰੀਤ ਕੌਰ ਹਾਜ਼ਰ ਸਨ।

No comments:
Post a Comment