Saturday, 18 October 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਈ


ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਤੇ ਐਨ ਐਸ ਐਸ ਵਿਭਾਗ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ  ਵਿੱਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ, ਮਿਸਾਲੀ ਜੋਸ਼ ਅਤੇ ਸੱਭਿਆਚਾਰਕ ਸਮਰਪਣ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ, ਵੱਖ ਵੱਖ ਤਰ੍ਹਾਂ ਦੇ ਰੰਗ-ਦਾਰ ਦੀਵਿਆਂ ਅਤੇ ਪੋਸਟਰਾਂ ਰਾਹੀਂ ਸਮਾਜ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ । ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿਵਾਲੀ ਅਤੇ ਬੰਦੀ-ਛੋੜ ਦਿਵਸ  ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਭਾਰਤ ਦੇ ਨਾਲ-ਨਾਲ ਦੂਜੇ ਦੇਸ਼ਾਂ ‘ਚ ਵੀ ਬਹੁਤ ਧੂੰਮ -ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਤਿਉਹਾਰ ਅੰਧਕਾਰ ਉੱਤੇ ਪ੍ਰਕਾਸ਼ ਦੀ ਫ਼ਤਹਿ ਦਾ ਤਿਉਹਾਰ ਹੈ।  ਇਹ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ ਅਤੇ ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਰੂਪਾਂ ਵਿੱਚ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ।  ਦੀਵਾਲੀ ਫੈਸਟ ਦੇ ਕੋਆਰਡੀਨੇਟਰ ਪ੍ਰੋ. ਵਰਿੰਦਰ ਕੌਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਰਚਨਾਤਮਕ,  ਕਲਾਤਮਕ , ਈਕੋ-ਫ੍ਰੈਂਡਲੀ, ਬਿਜ਼ਨਿਸ ਅਤੇ ਵਿਰਾਸਤੀ ਥੀਮ ਵਾਲੇ ਸਟਾਲ ਵੀ ਲਗਾਏ। ਇਸ ਮੌਕੇ ਵਿਦਿਆਰਥੀਆਂ ਦੇ ਰੰਗੋਲੀ, ਸੁੰਦਰ ਪੋਸ਼ਾਕ ਅਤੇ ਸੁੰਦਰ ਦੀਵੇ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ।  ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਵਿਦਿਆਰਥੀਆਂ ਨੂੰ ਦਿਵਾਲੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ ਅਤੇ ਏਕਤਾ ਦਾ ਤਿਉਹਾਰ ਹੈ। ਉਨ੍ਹਾਂ ਅੰਤ ਵਿੱਚ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੰਦਿਆ, ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ  ਡਾ. ਢਿੱਲੋ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸੀਨੀਅਰ ਅਧਿਆਪਕਾਂ ਪ੍ਰੋ. ਅਮਨਦੀਪ ਕੌਰ ਚੀਮਾ, ਡਾ. ਅਮਰੀਕ ਸਿੰਘ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਇੰਦਰਪ੍ਰੀਤ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 'ਤੰਬਾਕੂਨੋਸ਼ੀ' ਤੇ ਕਰਾਇਆ ਸਮਾਗਮ

  ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ  ਸਿਵਲ ਸਰਜਨ ਡਾ. ਸੰਜੀਵ ਭਗਤ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ,  ਕਪੂਰਥਲਾ ਨੇ ਰੈੱਡ ਰਿਬਨ ਕਲੱਬ ਅਤੇ ਐਨ. ...