Thursday, 30 October 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਭਾਸ਼ਣ ਮੁਕਾਬਲੇ


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੀ ਪੰਜਾਬੀ ਸਾਹਿਤ ਸਭਾ ਵੱਲੋਂ  ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ,  ਜਿਸ ਵਿੱਚ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗੁਰੂ ਜੀ ਦੇ ਉੱਚ ਆਦਰਸ਼ਾਂ ਅਤੇ ਕੁਰਬਾਨੀ ਦੇ ਜਜ਼ਬੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।  ਮੁਕਾਬਲੇ ਵਿੱਚ ਵਿਦਿਆਰਥੀਆਂ ਨੇ “ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸੰਦੇਸ਼”, “ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਦੀ ਕੁਰਬਾਨੀ” ਅਤੇ “ਗੁਰੂ ਤੇਗ਼ ਬਹਾਦਰ ਜੀ ਦਾ ਮਨੁੱਖਤਾ ਪ੍ਰਤੀ ਯੋਗਦਾਨ” ਵਰਗੇ ਵਿਸ਼ਿਆਂ ‘ਤੇ ਜੋਸ਼ ਅਤੇ ਸ਼ਰਧਾ ਨਾਲ ਭਾਸ਼ਣ ਦਿੱਤੇ। ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ  ਡਾ. ਬਲਦੇਵ ਸਿੰਘ ਢਿੱਲੋਂ  ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸ਼ਹਾਦਤ ਦੇ ਪਵਿਤਰ ਸਿਧਾਂਤਾਂ ਬਾਰੇ  ਵਿਚਾਰ ਸਾਂਝੇ ਕਰਦਿਆਂ, ਵਿਦਿਆਰਥੀਆਂ ਨੂੰ ਗੁਰੂ  ਜੀ ਦੇ ਜੀਵਨ ਤੇ ਬਲਿਦਾਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਗੁਰੂ ਜੀ ਦੇ ਆਦਰਸ਼ਾਂ ਸੱਚ, ਧਰਮ, ਮਨੁੱਖਤਾ ਅਤੇ ਸਹਿਨਸ਼ੀਲਤਾ  ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਪ੍ਰੇਰਣਾ ਦਿੰਦਿਆਂ  ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਧਰਮ, ਸੱਚਾਈ ਅਤੇ ਮਨੁੱਖਤਾ ਦੀ ਰੱਖਿਆ ਲਈ ਪ੍ਰੇਰਿਤ  ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਸ਼ਹਾਦਤ ਰਾਹੀਂ ਸਾਨੂੰ ਮਨੁੱਖਤਾ, ਨਿਆਂ ਅਤੇ ਧਾਰਮਿਕ ਅਜ਼ਾਦੀ ਦਾ ਸੰਦੇਸ਼ ਦਿੱਤਾ ਹੈ ਅਤੇ ਗੁਰੂ ਜੀ ਦੀ ਸ਼ਖ਼ਸੀਅਤ ਸੱਚਾਈ ਅਤੇ ਸਹਿਜ ਦਾ ਪ੍ਰਤੀਕ ਹੈ। ਉਨ੍ਹਾਂ ਪੰਜਾਬੀ ਸਾਹਿਤ ਸਭਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਅਜਿਹੇ ਮੁਕਾਬਲੇ ਨੌਜ਼ਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਗੁਰਮਤਿ ਅਤੇ  ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਦੇ ਹਨ। ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਧਰਮ ਦੀ ਰੱਖਿਆ ਲਈ ਜੀਵਨ ਦੀ ਬਾਜ਼ੀ  ਲਗਾ ਦੇਣੀ ਚਾਹੀਦੀ ਹੈ। ਉਨ੍ਹਾਂ  ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ ਕਿਉਂਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਸੱਚ, ਨਿਸ਼ਠਾ ਅਤੇ ਮਨੁੱਖਤਾ ਲਈ ਜੀਣ ਦਾ ਪਾਠ ਪੜ੍ਹਾਉਂਦੀ ਹੈ।   ਇਸ ਤਰ੍ਹਾਂ ਇਹ ਸਮਾਗਮ ਵਿਦਿਆਰਥੀਆਂ ਲਈ ਆਧਿਆਤਮਿਕ ਤੇ ਨੈਤਿਕ ਜਾਗਰੂਕਤਾ ਦਾ ਸਰੋਤ ਸਾਬਤ ਹੋਇਆ। ਅੰਤ ਵਿੱਚ ਉਨ੍ਹਾਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ  ਵਿਦਿਆਰਥੀ ਦਿਲਜੀਤ ਸਿੰਘ ਅਤੇ ਨਵਰੋਜਦੀਪ ਕੌਰ ਨੇ,  ਦੂਸਰਾ ਸਥਾਨ ਹਰਲੀਨ ਨੇ ਅਤੇ ਤੀਸਰਾ ਸਥਾਨ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। 

 ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ,  ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਜਸਪ੍ਰੀਤ ਕੌਰ ਨੇ ਸਨਮਾਨਤ ਵੀ ਕੀਤਾ । ਸਮਾਰੋਹ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਨੇ ਬਾਖ਼ੂਬੀ  ਕੀਤਾ । ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਵਿਦਿਆਰਥੀ  ਕਾਲਜ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਯੋਗ ਅਗਵਾਈ ਅਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਦੀ ਦੇਖ-ਰੇਖ ਹੇਠ ਅਕਾਦਮਿਕ ਖੇਤਰ ਦੇ ਨਾਲ ਨਾਲ, ਸੱਭਿਆਚਾਰਕ ਖੇਤਰ ਵਿੱਚ ਵੀ ਬੇ-ਮਿਸਾਲ ਪ੍ਰਾਪਤੀਆਂ ਕਰ ਰਹੇ ਹਨ। ਇਨ੍ਹਾਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਕਰਵੇ ਗਏ ਯੂਥ ਫੈਸਟੀਵਲ ਦੇ ਡੀ-ਜ਼ੋਨ ਵਿੱਚ ਭਾਗ ਲੈਂਦਿਆਂ , ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ  । ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੁਵਕ ਮੇਲੇ ਨੌਜ਼ਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਣ ਤੇ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਨੇ  ਨੌਜ਼ਵਾਨਾਂ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿ ਕੇ ਕਾਲਜ ਦੀ ਸੰਸਥਾਗਤ ਵਿਲੱਖਣਤਾ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ  ਕੀਤਾ।  ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਤੇ ਕਾਲਜ ਦੀ ਇਹ ਸਫ਼ਲਤਾ, ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਦ੍ਰਿੜ੍ਹ ਸੰਕਲਪ ਅਤੇ ਅਧਿਆਪਕਾਂ ਦੇ ਕੁਸ਼ਲ ਮਾਰਗ ਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪੂਰੇ ਅਨੁਸ਼ਾਸਨ, ਨਿਰਪੱਖਤਾ ਅਤੇ ਪਾਰਦਰਸ਼ਤਾ ਦਾ ਪਰੀਚੈ ਦਿੰਦੇ ਹੋਏ, ਇਸ ਯੁਵਕ ਮੇਲੇ ਨੂੰ ਬੜੇ ਵਧੀਆ ਢੰਗ ਨਾਲ ਕਰਵਾਇਆ । ਜਿਸ ਲਈ ਉਹ ਵਧਾਈ ਦੇ ਪਾਤਰ ਹਨ।  ਡੀਨ ਸੱਭਿਆਚਾਰਕ ਮਾਮਲੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਗਜ਼ਲ ਅਤੇ ਵੈਸਟਰਨ ਵੋਕਲ ਸੋਲੋ ਵਿੱਚੋਂ ਪਹਿਲਾ ਸਥਾਨ, ਵੈਸਟਰਨ ਇੰਸਟਰੂਮੈਟਲ  ਸੋਲੋ, ਗਰੁੱਪ ਸੌਂਗ ( ਇੰਡੀਅਨ), ਫੋਕ ਸੋਂਗ, ਕੁਇਜ਼ ਅਤੇ ਕੋਰੀਓਗ੍ਰਾਫੀ ਵਿੱਚੋਂ ਦੂਜਾ ਸਥਾਨ,  ਗਿੱਧਾ,  ਕਲੇਅ ਮੋਡਲਿੰਗ , ਕਵਿਤਾ ਉਚਾਰਨ,   ਮਮਿਕਰੀ, ਐਲੋਕਿਉਸ਼ਨ ( ਪੰਜਾਬੀ ), ਕੋਲਾਜ,  ਸਕਿੱਟ ਅਤੇ ਰੰਗੋਲੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ।  ਕਾਲਜ ਦੀ ਇਸ ਪ੍ਰਾਪਤੀ ਤੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਉਨ੍ਹਾਂ ਦੀ ਸਮੁੱਚੀ ਸੱਭਿਆਚਾਰ ਟੀਮ ਤੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਮਾਣਮਤੀਆ ਪ੍ਰਾਪਤੀਆਂ 'ਤੇ ਮੁਬਾਰਕਬਾਦ ਦਿੱਤੀ।



Friday, 24 October 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 'ਤੰਬਾਕੂਨੋਸ਼ੀ' ਤੇ ਕਰਾਇਆ ਸਮਾਗਮ


 

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ  ਵਿਖੇ  ਸਿਵਲ ਸਰਜਨ ਡਾ. ਸੰਜੀਵ ਭਗਤ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ,  ਕਪੂਰਥਲਾ ਨੇ ਰੈੱਡ ਰਿਬਨ ਕਲੱਬ ਅਤੇ ਐਨ. ਐਸ. ਐਸ.  ਦੇ ਸਹਿਯੋਗ ਨਾਲ 'ਤੰਬਾਕੂਨੋਸ਼ੀ' ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਾਇਆ, ਜਿਸ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ ਮੁੱਖ ਮਹਿਮਾਨ ਵਜੋਂ ਅਤੇ ਮੈਡੀਕਲ ਅਫ਼ਸਰ ਡਾ. ਗੁਰਦੇਵ ਸਿੰਘ ਭੱਟੀ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ  ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਸਿਹਤ 'ਤੇ ਤੰਬਾਕੂ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ,  ਜਾਗਰੂਕਤਾ ਪੈਦਾ ਕਰਨ ਅਤੇ ਤੰਬਾਕੂ ਦੀ ਖਪਤ ਨੂੰ ਘਟਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਣੇ  ਸਮੇਂ ਦੀ ਮੁੱਖ ਲੋੜ ਹੈ।  ਮੁੱਖ ਮਹਿਮਾਨ ਡਾ. ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਤੰਬਾਕੂ ਪਦਾਰਥਾਂ ਦੀ ਵਰਤੋਂ ਤੇ ਰੋਕ ਲਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂਨੋਸ਼ੀ ਬਾਰੇ  ਜਾਗਰੂਕਤਾ ਮੁਹਿੰਮ ਚਲਾਉਂਦਿਆਂ ਵਿਸ਼ੇਸ਼ ਜਨਤਕ ਸਥਾਨ, ਹੋਟਲ, ਰੈਸਟੋਰੈਂਟ ਅਤੇ ਤੰਬਾਕੂ ਦੇ ਵਿਕਰੀ ਵਾਲੇ ਸਥਾਨਾਂ ਤੇ ਵੀ ਜਾਗਰੂਕਤਾ ਲਿਆਂਦੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਤੰਬਾਕੂ ਤੋਂ ਹਮੇਸ਼ਾ ਦੂਰ ਰਹੋ, ਇਹ ਤੁਹਾਡੀ  ਮਾਨਸਿਕ ਸਿਹਤ ਦਾ ਨੁਕਸਾਨ ਕਰਦਾ ਹੈ ਅਤੇ ਮੌਤ ਦੇ ਮੂੰਹ ਵੱਲ ਲੈ ਕੇ ਜਾਂਦਾ ਹੈ, ਇਸ ਲਈ ਤੰਬਾਕੂ ਤੋਂ ਹਮੇਸ਼ਾ ਪਰਹੇਜ਼ ਕਰੋ। ਉਨ੍ਹਾਂ  ਨੇ ਦੱਸਿਆ ਕਿ ਤੰਬਾਕੂ ’ਚ ਬਹੁਤ ਹਾਨੀਕਾਰਕ ਰਸਾਇਣ ਜਿਵੇਂ ਕਿ ਟਾਰ, ਕਾਰਬਨ ਮੋਨੋਆਕਸਾਈਡ, ਆਕਸੀਡਾਈਜ਼ਿੰਗ ਕੈਮੀਕਲ, ਧਾਤ ਹੁੰਦੇ ਹਨ ਜੋ ਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਿਗਰਟ ਪੀਣ ਵਾਲੇ ਆਦਮੀ ਨੂੰ  ਟੀ ਬੀ ਹੁੰਦਾ ਹੈ । ਇਹ ਆਸ ਪਾਸ ਦੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।  ਮੈਡੀਕਲ ਅਫ਼ਸਰ  ਡਾ. ਗੁਰਦੇਵ ਸਿੰਘ ਭੱਟੀ ਨੇ ਤੰਬਾਕੂ ਸੇਵਨ ਦੇ ਨੁਕਸਾਨ ਬਾਰੇ ਬੋਲਦਿਆਂ ਕਿਹਾ ਕਿ ਇਸ ਦੀ ਵਰਤੋਂ ਨਾਲ ਮੂੰਹ, ਜੀਭ, ਦੰਦ ਅਤੇ ਗਲੇ ਆਦਿ ਦਾ ਕੈਂਸਰ ਹੋ ਜਾਂਦਾ ਹੈ ਅਤੇ ਇਹ ਸਰੀਰ ਦੇ ਹਰ ਅੰਗ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸਿਗਰਟ, ਬੀੜੀ, ਹੁੱਕਾ, ਈ-ਸਿਗਰਟ, ਤੰਬਾਕੂ ਖਾਣ ਨਾਲ ਟੀ ਬੀ, ਕੈਂਸਰ ਅਤੇ ਹੋਰ ਘਾਤਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਤੰਬਾਕੂਨੋਸ਼ੀ ਦੀ ਇਸ ਆਦਤ ਨੂੰ ਛੱਡਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਹ ਕਿਰਿਆ, ਸੰਚਾਰ ਅਤੇ ਪ੍ਰਤੀਰੋਧਤਾ ਪ੍ਰਣਾਲੀ ਤੇ ਸਿੱਧਾ ਅਸਰ ਪਾਉਂਦਾ ਹੈ। ਇਸ ਘਾਤਕ ਮਹਾਂਮਾਰੀ ਤੋਂ ਬਚਣ ਲਈ, ਸਾਨੂੰ ਆਪਣੀ ਪ੍ਰਤੀਰੋਧਤਾ ਨੂੰ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਇਸ ਲਈ ਵੀ ਹਾਨੀਕਾਰਕ ਹੈ ਕਿਉਂਕਿ ਤੰਬਾਕੂ ਦੀ ਵਰਤੋਂ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟਦੀ ਹੈ ਅਤੇ ਸੰਕਰਮਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚੋਂ ਹਰਸ਼ਦੀਪ ਸਿੰਘ ਤੇ ਹਰਗੁਣ ਕੌਰ ਨੇ ਪਹਿਲਾ ਸਥਾਨ, ਨਵਦੀਪ ਕੌਰ ਨੇ ਦੂਜਾ ਸਥਾਨ ਅਤੇ ਇੰਦਰਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ , ਡਾ. ਪਰਮਿੰਦਰ ਕੌਰ ਤੇ ਡਾ. ਗੁਰਦੇਵ ਸਿੰਘ ਭੱਟੀ ਨੇ ਸਨਮਾਨਿਤ ਵੀ ਕੀਤਾ। ਪੋ੍ਗਰਾਮ ਦੌਰਾਨ ਸਟੇਜ ਦੀ ਕਾਰਵਾਈ ਰੈੱਡ ਰਿਬਨ ਕਲੱਬ ਦੇ ਕਨਵੀਨਰ ਪੋ੍. ਮਨਜਿੰਦਰ ਸਿੰਘ ਜੌਹਲ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰੋ. ਡਿੰਪਲ ਕੁਮਾਰ, ਪ੍ਰੋ. ਦਮਨਜੀਤ ਕੌਰ, ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਸੁਮੀਤ ਸਰਾਓ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Saturday, 18 October 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਈ


ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਤੇ ਐਨ ਐਸ ਐਸ ਵਿਭਾਗ ਨੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ  ਵਿੱਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ, ਮਿਸਾਲੀ ਜੋਸ਼ ਅਤੇ ਸੱਭਿਆਚਾਰਕ ਸਮਰਪਣ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੇ ਰੰਗੋਲੀ, ਵੱਖ ਵੱਖ ਤਰ੍ਹਾਂ ਦੇ ਰੰਗ-ਦਾਰ ਦੀਵਿਆਂ ਅਤੇ ਪੋਸਟਰਾਂ ਰਾਹੀਂ ਸਮਾਜ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ । ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿਵਾਲੀ ਅਤੇ ਬੰਦੀ-ਛੋੜ ਦਿਵਸ  ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਭਾਰਤ ਦੇ ਨਾਲ-ਨਾਲ ਦੂਜੇ ਦੇਸ਼ਾਂ ‘ਚ ਵੀ ਬਹੁਤ ਧੂੰਮ -ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੀਵਾਲੀ ਦਾ ਤਿਉਹਾਰ ਅੰਧਕਾਰ ਉੱਤੇ ਪ੍ਰਕਾਸ਼ ਦੀ ਫ਼ਤਹਿ ਦਾ ਤਿਉਹਾਰ ਹੈ।  ਇਹ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ ਅਤੇ ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਰੂਪਾਂ ਵਿੱਚ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸੱਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ।  ਦੀਵਾਲੀ ਫੈਸਟ ਦੇ ਕੋਆਰਡੀਨੇਟਰ ਪ੍ਰੋ. ਵਰਿੰਦਰ ਕੌਰ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਰਚਨਾਤਮਕ,  ਕਲਾਤਮਕ , ਈਕੋ-ਫ੍ਰੈਂਡਲੀ, ਬਿਜ਼ਨਿਸ ਅਤੇ ਵਿਰਾਸਤੀ ਥੀਮ ਵਾਲੇ ਸਟਾਲ ਵੀ ਲਗਾਏ। ਇਸ ਮੌਕੇ ਵਿਦਿਆਰਥੀਆਂ ਦੇ ਰੰਗੋਲੀ, ਸੁੰਦਰ ਪੋਸ਼ਾਕ ਅਤੇ ਸੁੰਦਰ ਦੀਵੇ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ।  ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਵਿਦਿਆਰਥੀਆਂ ਨੂੰ ਦਿਵਾਲੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ ਅਤੇ ਏਕਤਾ ਦਾ ਤਿਉਹਾਰ ਹੈ। ਉਨ੍ਹਾਂ ਅੰਤ ਵਿੱਚ ਵਿਦਿਆਰਥੀਆਂ ਨੂੰ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੰਦਿਆ, ਸਾਰਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ  ਡਾ. ਢਿੱਲੋ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸੀਨੀਅਰ ਅਧਿਆਪਕਾਂ ਪ੍ਰੋ. ਅਮਨਦੀਪ ਕੌਰ ਚੀਮਾ, ਡਾ. ਅਮਰੀਕ ਸਿੰਘ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਇੰਦਰਪ੍ਰੀਤ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Wednesday, 8 October 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰੋਜ਼ਗਾਰ ਅਤੇ ਪਲੇਸਮੈਂਟ ਵਿਸ਼ੇ ਤੇ ਕਰਾਇਆ ਸੈਮੀਨਾਰ


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਰੋਜ਼ਗਾਰ ਉਤਪੱਤੀ, ਕੌਸ਼ਲ ਵਿਕਾਸ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਹੇਠ “ਰੋਜ਼ਗਾਰ, ਰਜਿਸਟ੍ਰੇਸ਼ਨ ਅਤੇ ਪਲੇਸਮੈਂਟ” ਵਿਸ਼ੇ 'ਤੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰੋਜ਼ਗਾਰ ਰਜਿਸਟ੍ਰੇਸ਼ਨ, ਸਵੈ-ਰੋਜ਼ਗਾਰੀ ਦੇ ਮੌਕਿਆਂ ਅਤੇ ਰੋਜ਼ਗਾਰ ਯੋਗਤਾ ਵਧਾਉਣ ਲਈ ਕੌਸ਼ਲ ਵਿਕਾਸ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

ਸੈਮੀਨਾਰ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਗਰਮਜੋਸ਼ੀ ਭਰੇ ਸਵਾਗਤੀ ਭਾਸ਼ਣ ਨਾਲ ਕੀਤੀ । ਉਨ੍ਹਾਂ ਨੇ ਅਕਾਦਮਿਕ ਸਿੱਖਿਆ ਅਤੇ ਪੇਸ਼ਾਵਰ ਰੋਜ਼ਗਾਰ ਵਿਚਕਾਰ ਦੇ ਅੰਤਰ ਨੂੰ ਪੂਰਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਸੈਮੀਨਾਰ ਵਿੱਚ  ਰੋਜ਼ਗਾਰ ਉਤਪੱਤੀ, ਕੌਸ਼ਲ ਵਿਕਾਸ ਅਤੇ ਟ੍ਰੇਨਿੰਗ ਵਿਭਾਗ ਦੇ ਅਧਿਕਾਰੀ  ਡਾ. ਵਰੁਣ ਜੋਸ਼ੀ, ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ । ਆਪਣੇ ਮੁੱਖ ਭਾਸ਼ਣ ਦੌਰਾਨ ਡਾ. ਜੋਸ਼ੀ ਨੇ ਯੁਵਾ ਪੀੜ੍ਹੀ ਨੂੰ ਕਰੀਅਰ ਗਾਈਡੈਂਸ, ਰੋਜ਼ਗਾਰ ਰਜਿਸਟ੍ਰੇਸ਼ਨ ਅਤੇ ਸਵੈ-ਰੋਜ਼ਗਾਰੀ ਯੋਜਨਾਵਾਂ ਰਾਹੀਂ ਸਸ਼ਕਤ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬ ਰੋਜ਼ਗਾਰ ਪੋਰਟਲ 'ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕੀਤਾ ਅਤੇ ਵਿਦਿਆਰਥੀਆਂ ਨੂੰ ਉਪਲੱਬਧ ਸਰਕਾਰੀ ਸਰੋਤਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ।

ਸੈਮੀਨਾਰ ਦੌਰਾਨ, ਪ੍ਰਸਿੱਧ ਕੰਪਨੀਆਂ ਦੇ ਹਿਊਮਨ ਰਿਸੋਰਸ ਮੈਨੇਜਰਾਂ ਜਿਵੇਂ ਕਿ ਐਸ.ਐੱਸ.ਕੇ. ਕੰਪਨੀ ਦੀ ਐਚ.ਆਰ. ਹੈੱਡ ਸਤਬੀਰ ਕੌਰ ਅਤੇ ਮੈਡਮ ਪ੍ਰੀਆ ਰੂਰਲ ਐਂਡ ਸੈਲਫ-ਇੰਪਲਾਇਮੈਂਟ ਟ੍ਰੇਨਿੰਗ ਵਿਭਾਗ  ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ । ਉਨ੍ਹਾਂ ਨੇ ਆਪਣੇ ਸੰਗਠਨਾਂ, ਭਰਤੀ ਪ੍ਰਕਿਰਿਆ, ਲੋੜੀਂਦੇ ਹੁਨਰਾਂ ਅਤੇ ਕਰੀਅਰ ਵਿਕਾਸ ਦੇ ਮੌਕਿਆਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਐਚ.ਆਰ. ਪ੍ਰੋਫੈਸ਼ਨਲਜ਼ ਨੇ ਇੰਟਰਨਸ਼ਿਪ, ਰੇਜ਼ਿਊ ਬਿਲਡਿੰਗ ਅਤੇ ਲਗਾਤਾਰ ਸਕਿਲ ਅੱਪਗ੍ਰੇਡੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਤਾਂ ਜੋ ਵਿਦਿਆਰਥੀ ਆਧੁਨਿਕ ਰੋਜ਼ਗਾਰ ਬਾਜ਼ਾਰ ਵਿੱਚ ਮੁਕਾਬਲੇਯੋਗ ਰਹਿ ਸਕਣ।

ਸੈਸ਼ਨ ਦੌਰਾਨ ਕਰੀਅਰ ਕਾਉਂਸਲਿੰਗ ਅਤੇ ਇੰਟਰਐਕਸ਼ਨ ਸੈਗਮੈਂਟ ਵੀ ਰੱਖਿਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਰੁਚੀ ਨਾਲ ਹਿੱਸਾ ਲਿਆ ਅਤੇ ਰੋਜ਼ਗਾਰ ਰਜਿਸਟ੍ਰੇਸ਼ਨ ਪ੍ਰਕਿਰਿਆ, ਜ਼ਾਬ ਫੇਅਰ ਅਤੇ ਪਲੇਸਮੈਂਟ ਮੌਕਿਆਂ ਬਾਰੇ ਆਪਣੇ ਪ੍ਰਸ਼ਨ ਪੁੱਛੇ। ਇਹ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਇਆ । 

ਸੈਮੀਨਾਰ ਦੇ ਅੰਤ ਵਿੱਚ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੀ ਕੋ-ਆਰਡੀਨੇਟਰ ਪ੍ਰੋ. ਡਿੰਪਲ ਭੰਡਾਰੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਡਾ. ਵਰੁਣ ਜੋਸ਼ੀ, ਐਚ.ਆਰ. ਮੈਨੇਜਰਾਂ, ਕਾਲਜ ਦੇ ਅਧਿਆਪਕਾਂ ਪ੍ਰੋ. ਵਰਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ ਅਤੇ ਪੂਰੀ ਆਯੋਜਕ ਕਮੇਟੀ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕੀਤੇ ਕੀਮਤੀ ਯੋਗਦਾਨ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ‘ਰਾਸ਼ਟਰੀ ਸਿੱਖਿਆ ਦਿਵਸ’ ਮਨਾਇਆ

ਲਾਇਲਪੁਰ ਖ਼ਾਲਸਾ ਕਾਲਜ,  ਅਰਬਨ ਅਸਟੇਟ ਕਪੂਰਥਲਾ ਦੇ ਰੈੱਡ ਰਿਬਨ ਕਲੱਬ ਅਤੇ ਅੰਗਰੇਜ਼ੀ ਵਿਭਾਗ ਵੱਲੋਂ “ਰਾਸ਼ਟਰੀ ਸਿੱਖਿਆ ਦਿਵਸ” ਨੂੰ ਸਮਰਪਿਤ ਪ੍ਰਭਾਵਸ਼ਾਲੀ ਪ੍ਰੋਗਰਾਮ ਕਰ...