Tuesday, 22 April 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ 'ਵਿਸ਼ਵ ਅਰਥ ਡੇਅ' ਨੂੰ ਸਮਰਪਿਤ ਕਰਾਏ ਪੋਸਟਰ ਮੇਕਿੰਗ ਮੁਕਾਬਲੇ|



ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਈੱਕੋ ਕਲੱਬ ਵੱਲੋਂ 'ਵਿਸ਼ਵ ਅਰਥ ਡੇਅ'  ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲੇ ਕਰਾਏ, ਜਿਸ ਵਿੱਚ 40 ਵਿਦਿਆਰਥੀ ਨੇ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ.   ਬਲਦੇਵ ਸਿੰਘ ਢਿੱਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਧਰਤੀ ਅਤੇ ਵਾਤਾਵਰਣ ਦੀ ਮਹੱਤਤਾ ਨੂੰ ਯਾਦ ਕਰਵਾਉਣ ਅਤੇ ਇਸਦੀ ਸਾਂਭ ਸੰਭਾਲ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 22 ਅਪ੍ਰੈਲ ਨੂੰ ਦੁਨੀਆ ਭਰ ਵਿਚ 'ਵਿਸ਼ਵ ਅਰਥ ਡੇ' ਮਨਾਇਆ ਜਾਦਾਂ ਹੈ। ਉਨ੍ਹਾਂ  ਕਿਹਾ ਕਿ ਧਰਤੀ ਮਾਨਵ ਜਾਤੀ ਦਾ ਘਰ ਹੈ ਅਤੇ ਇਸ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਭ ਦਾ ਫਰਜ਼ ਹੈ।   ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਜ਼ਰੂਰਤਾਂ ਦੇ ਲਈ ਰੁੱਖਾਂ ਨੂੰ ਕੱਟਦੇ ਹਾਂ ਤਾਂ ਇਸ ਦੀ ਪੂਰਤੀ ਰੁੱਖ ਲਗਾ ਕੇ ਹੀ ਹੋ ਸਕਦੀ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਦੀ ਖੁਦਾਈ ਨੂੰ ਘੱਟ ਕਰ ਕੇ ਅਸੀਂ ਧਰਤੀ ਦੇ ਵਿਨਾਸ਼ ਨੂੰ ਰੋਕ ਸਕਦੇ ਹਾਂ। ਅੰਤ ਵਿੱਚ  ਪਹਿਲੇ,  ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਪ੍ਰਿੰਸੀਪਲ ਡਾ. ਢਿੱਲੋਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰੋ. ਵਰਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਰਥ ਡੇਅ ਸਭ ਤੋਂ ਪਹਿਲਾਂ 1970 'ਚ ਮਨਾਇਆ ਗਿਆ ਸੀ। ਧਰਤੀ 'ਤੇ ਰਹਿਣ ਵਾਲੇ ਜੀਵ-ਜੰਤੂਆਂ, ਦਰਖੱਤਾਂ ਅਤੇ ਦੁਨੀਆ ਭਰ 'ਚ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਅੱਜ ਇਹ ਦਿਨ ਸੰਸਾਰ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ  ਤੇ ਇਸ ਦਿਨ  ਲੋਕ ਵਾਤਾਵਰਣ ਨੂੰ ਬਿਹਤਰ ਬਣਾਉਣ ਦਾ ਸੰਕਲਪ ਵੀ ਲੈਂਦੇ ਹਨ। ਇਸ ਮੌਕੇ ਪ੍ਰੋ. ਵਰਿੰਦਰ ਕੌਰ ਅਤੇ ਪ੍ਰੋ.  ਇੰਦਰਪ੍ਰੀਤ ਸਿੰਘ ਵੀ ਹਾਜ਼ਰ ਸਨ

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਵਿਸ਼ਵ ਕ੍ਰੇਟੀਵਿਟੀ ਐਂਡ ਇਨੋਵੇਸ਼ਨ ਦਿਵਸ ਸਬੰਧੀ ਸਮਾਗਮ


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਇੰਸਟੀਚਿਊਟ ਇਨੋਵੇਸ਼ਨ ਸੈੱਲ ਦੇ  ਸਹਿਯੋਗ ਨਾਲ ਵਿਸ਼ਵ ਕ੍ਰੇਟੀਵਿਟੀ ਅਤੇ ਇਨੋਵੇਸ਼ਨ ਦਿਵਸ ਮਨਾਉਣ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਰਚਨਾਤਮਕ ਸੋਚ ਅਤੇ ਨਵੀਨਤਾਕਾਰੀ ਪਹੁੰਚਾਂ ਦੀ ਸ਼ਕਤੀ ਨੂੰ ਪਛਾਣਨ ਲਈ ਪ੍ਰੇਰਿਤ ਕਰਨਾ ਸੀ। ਕਾਲਜ ਦੇ ਇੰਸਟੀਚਿਊਟ ਇਨੋਵੇਸ਼ਨ ਸੈੱਲ ਦੁਆਰਾ ਆਯੋਜਿਤ, ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ  ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ਼. ਬਲਦੇਵ ਸਿੰਘ ਢਿੱਲੋਂ ਨੇ ਭਾਸ਼ਣ ਦੀ ਸ਼ੁਰੂਆਤ  ਵਿਸ਼ਵ ਕ੍ਰੇਟੀਵਿਟੀ ਅਤੇ ਇਨੋਵੇਸ਼ਨ ਦਿਵਸ  ਦੀ ਮਹੱਤਤਾ ਦੇ ਨਾਲ ਕੀਤੀ । ਉਨ੍ਹਾਂ ਦੱਸਿਆ ਕਿ ਕਿਵੇਂ ਵਿਅਕਤੀਆਂ ਨੂੰ ਵੱਖਰੇ ਢੰਗ ਨਾਲ ਸੋਚਣ ਅਤੇ ਨਵੇਂ ਵਿਚਾਰਾਂ 'ਤੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਹਨਾਂ  ਨੇ ਜ਼ੋਰ ਦੇ ਕੇ ਕਿਹਾ ਕਿ ਰਚਨਾਤਮਕਤਾ ਕਲਾਤਮਕ ਪ੍ਰਗਟਾਵੇ ਤੱਕ ਸੀਮਿਤ ਨਹੀਂ ਹੈ ਬਲਕਿ ਵਿਗਿਆਨ, ਤਕਨਾਲੋਜੀ, ਉੱਦਮਤਾ ਅਤੇ ਰੋਜ਼ਾਨਾ ਸਮੱਸਿਆ-ਹੱਲ ਵਿੱਚ ਵੀ ਬਰਾਬਰ ਮਹੱਤਵਪੂਰਨ ਹੈ। ਅਸਲ ਜੀਵਨ ਦੀਆਂ ਉਦਾਹਰਣਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਕਿਵੇਂ ਨਵੀਨਤਾਕਾਰੀ ਸੋਚ ਨੇ ਵੱਖ-ਵੱਖ ਉਦਯੋਗਾਂ ਵਿੱਚ ਸ਼ਾਨਦਾਰ ਹੱਲ ਕੱਢੇ ਹਨ। ਵਿਦਿਆਰਥੀਆਂ ਨੂੰ ਖੁੱਲ੍ਹੀ ਚਰਚਾ ਵਿੱਚ ਹਿੱਸਾ ਲੈਣ, ਆਪਣੇ ਵਿਚਾਰ ਸਾਂਝੇ ਕਰਨ ਅਤੇ ਰਵਾਇਤੀ ਤਰੀਕਿਆਂ ਤੋਂ ਪਰੇ ਸੋਚਣ ਲਈ ਵੀ ਉਤਸ਼ਾਹਿਤ ਕੀਤਾ ਗਿਆ। ਸੈਸ਼ਨ ਇੱਕ ਪ੍ਰੇਰਣਾਦਾਇਕ ਨੋਟ ਨਾਲ ਸਮਾਪਤ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੂੰ ਉਤਸੁਕ ਰਹਿਣ, ਚੁਣੌਤੀਆਂ ਨੂੰ ਅਪਣਾਉਣ ਅਤੇ ਇੱਕ ਹੋਰ ਨਵੀਨਤਾਕਾਰੀ ਅਤੇ ਟਿਕਾਊ ਭਵਿੱਖ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਇਹ ਸਮਾਗਮ ਨਾ ਸਿਰਫ਼ ਜਾਣਕਾਰੀ ਭਰਪੂਰ ਸੀ ਬਲਕਿ ਅਕਾਦਮਿਕ ਅਤੇ ਪੇਸ਼ੇਵਰ ਜੀਵਨ ਵਿੱਚ ਰਚਨਾਤਮਕਤਾ ਨੂੰ ਪਾਲਣ ਦੇ ਮਹੱਤਵ 'ਤੇ ਇੱਕ ਸਥਾਈ ਪ੍ਰਭਾਵ ਵੀ ਛੱਡਿਆ। ਅੰਤ ਵਿੱਚ ਇੰਸਟੀਚਿਊਟ ਇਨੋਵੇਸ਼ਨ ਸੈੱਲ ਦੇ ਇੰਚਾਰਜ ਪ੍ਰੋ. ਗੁਰਕਮਲ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Tuesday, 15 April 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਪ੍ਰਸਿੱਧ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਦੀ ਵਾਰਤਕ ਪੁਸਤਕ 'ਧੀਆਂ ਡਾਲਰ ਖੋਜਣ ਚੱਲੀਆਂ' ਦਾ ਲੋਕ ਅਰਪਣ ਸਮਾਗਮ ਅਤੇ ਵਿਚਾਰ ਗੋਸ਼ਟੀ ਹੋਈ

ਅੱਖਰ ਮੰਚ ਵੱਲੋਂ ਆਪਣੀਆਂ ਨਿਰੰਤਰ ਸਾਹਿਤਿਕ ਸਰਗਰਮੀਆਂ ਤਹਿਤ ਪ੍ਰਸਿੱਧ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ 'ਧੀਆਂ ਡਾਲਰ ਖੋਜਣ' ਚਲੀਆਂ ਸਬੰਧੀ ਵਿਚਾਰ-ਗੋਸ਼ਟੀ ਅਤੇ ਲੋਕ-ਅਰਪਣ ਸਮਾਗਮ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ. ਗੁਰਦੇਵ ਸਿੰਘ ਧੰਮ (ਪੀ ਸੀ ਐੱਸ,  S D M ਪਟਿਆਲਾ)  ਨੇ ਅਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ, ਮੱਸਾ ਸਿੰਘ, (ਰਿਟਾਇਰ ਜ਼ਿਲ੍ਹਾ ਸਿੱਖਿਆ ਅਫ਼ਸਰ), ਸ. ਬਲਤੇਜ ਸਿੰਘ ਢਿੱਲੋਂ (ਸਾਬਕਾ ਜ਼ਿਲ੍ਹਾ ਅਟਾਰਨੀ),  ਗੁਰਭਜਨ ਸਿੰਘ ਲਾਸਾਨੀ, ਰਤਨ ਸਿੰਘ ਸੰਧੂ, ਐਡਵੋਕੇਟ ਪਰਮਜੀਤ ਸਿੰਘ, ਪ੍ਰੋ. ਗੋਪਾਲ ਸਿੰਘ ਬੁੱਟਰ, ਹਰਵਿੰਦਰ ਭੰਡਾਲ ਅਤੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਟੇਜੀ ਫਰਜ਼ ਨਿਭਾਉਂਦਿਆਂ ਪ੍ਰੋ: ਸਰਦੂਲ ਸਿੰਘ ਔਜਲਾ ਨੇ ਹਾਜ਼ਰੀਨ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਦਿਆਂ ਵਾਰਤਕ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਫ਼ੈਸਰ ਸਾਹਿਬ ਦੀ ਇਹ ਪੁਸਤਕ ਜ਼ਿੰਦਗੀ ਦੀਆਂ ਸੱਚਾਈਆਂ ਤੇ ਉਤਾਵਲੇਪਨ ਦੀ ਬੇਵਸੀ ਅਤੇ ਸਮਾਜਿਕ ਬੁਰਾਈਆਂ ਤੋਂ ਖ਼ਫ਼ਾ ਹੋਏ ਮਨੁੱਖ ਦੀ ਤ੍ਰਾਸਦੀ ਪੇਸ਼ ਕਰਦੀ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ. ਗੁਰਦੇਵ ਸਿੰਘ ਧੰਮ ਨੇ ਬੋਲਦਿਆਂ ਕਿਹਾ ਕਿ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ ਦੀ ਵਾਰਤਕ ਪੁਸਤਕ ਉਨ੍ਹਾਂ ਦੇ ਚਿੰਤਨ, ਚਿੰਤਾ ਤੇ ਚਾਹਤ ਦੀ ਫ਼ਲਸਫਾਨਾ ਡੀਬੇਟ, ਖ਼ਾਨਾਬਦੋਸੀਆਂ ਦਾ ਨੀਮ ਕਲਾਸੀਕਲ ਸੰਗੀਤ ਹੈ।   ਸਮਾਗਮ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਔਜਲਾ (ਨੈਸ਼ਨਲ ਅਵਾਰਡੀ ਅਤੇ ਪ੍ਰਧਾਨ ਅੱਖਰ ਮੰਚ)  ਨੇ ਕਿਹਾ ਕਿ ਅੱਖਰ ਮੰਚ ਹਮੇਸ਼ਾ ਅੱਖਰਾਂ ਦੀ ਲੋਅ  ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਦਾਰਥਾਂ ਤੇ ਪਹਿਰਾਵਿਆਂ ਦੀ ਥਾਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਬੁਲਾਰਿਆਂ ਵਿੱਚ ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ,  ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਮੱਸਾ ਸਿੰਘ ਨੇ ਵੀ ਵਾਰਤਿਕ ਪੁਸਤਕ ਨੂੰ ਦਿਲਾਂ ਦੇ ਦਰਦਾਂ ਨੂੰ ਬਿਆਨ ਕਰਦੇ ਅੱਖਰਾਂ ਦੀ ਸਾਂਝ ਦੱਸਿਆ। ਉਨ੍ਹਾਂ ਕਿਹਾ ਕਿ ਪੁਸਤਕ ਅੱਜ ਦੇ ਵਰਤਾਰਿਆਂ ਦਾ ਰੂਪਕ ਹੈ। ਪ੍ਰੋ: ਕੁਲਵੰਤ ਸਿੰਘ ਔਜਲਾ ਨੇ ਬੋਲਦਿਆਂ ਕਿਹਾ ਕਿ ਹਰੇਕ ਪੁਸਤਕ ਵਿੱਚ ਉਨ੍ਹਾਂ ਦੇ ਅੰਦਰ ਪਨਪ ਰਹੇ ਵਲਵਲਿਆ ਤੇ ਦਰਦਾਂ ਨੂੰ ਉਜ਼ਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਟਕਰਾਅ ਤੇ ਟੁੱਟ ਭੱਜ ਪਿੱਛੋਂ ਪੈਦਾ ਹੋਈਆਂ ਬੇਚੈਨੀਆਂ,  ਬੇਦਿਲੀਆਂ ਤੇ ਬੇਅਦਬੀਆਂ ਦਾ ਜ਼ਿਕਰ ਮੇਰੀ ਵਾਰਤਕ ਦੇ ਹਮੇਸ਼ਾ ਵਿਸ਼ੇ ਰਹਿਣਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ. ਗੁਰਦੇਵ ਸਿੰਘ ਧੰਮ, ਖਲਾਰ ਸਿੰਘ ਧੰਮ, ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋਂ ਸਮੇਤ ਸਹਿਯੋਗੀ ਸ਼ਖ਼ਸੀਅਤਾਂ ਨੂੰ ਅਤੇ ਅੱਖਰ ਮੰਚ ਵੱਲੋਂ ਸਮੂਹਿਕ ਤੌਰ ਤੇ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ, ਉਨ੍ਹਾਂ ਦੇ ਬੇਟੇ ਗਗਨਜੀਤ ਸਿੰਘ ਔਜਲਾ, ਧੀਆਂ  ਨਵਨੀਤ ਤੇ ਇਮਾਨਤ, ਅਵੀਤਾਜ ਸਿੰਘ ਔਜਲਾ, ਸੁਰਜੀਤ ਕੌਰ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ  ਸ.  ਗੁਰਭਜਨ ਸਿੰਘ ਲਾਸਾਨੀ (ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ) ਨੇ ਸਾਰਿਆਂ ਦਾ ਧੰਨਵਾਦ  ਕਰਦਿਆਂ ਅੱਖਰ ਮੰਚ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸੰਧੂ ਪ੍ਰਸਿੱਧ ਆਰਟਿਸਟ, ਮੈਡਮ ਕੁਲਵਿੰਦਰ ਬੁੱਟਰ, ਤਰਵਿੰਦਰ ਮੋਹਨ ਸਿੰਘ ਭਾਟੀਆ, ਰੂਪ ਦਬੁਰਜੀ, ਰਤਨ ਸਿੰਘ ਸੰਧੂ, ਨੈਸ਼ਨਲ ਅਵਾਰਡੀ ਮੰਗਲ ਸਿੰਘ ਭੰਡਾਲ, ਸੁਰਜੀਤ ਸਿੰਘ, ਮੇਜਰ ਸਿੰਘ ਤਲਵੰਡੀ,  ਹਰਜੀਤ ਸਿੰਘ ਬਾਜਵਾ, ਹਰਪਿੰਦਰ ਸਿੰਘ ਬਾਜਵਾ, ਜਸਵਿੰਦਰ ਸਿੰਘ ਚਾਹਲ, ਸੁਖਵਿੰਦਰ ਮੋਹਨ ਸਿੰਘ, ਸੁਰਜੀਤ ਸਾਜਨ, ਪ੍ਰਿੰਸੀਪਲ ਕੇਵਲ ਸਿੰਘ, ਭੁਪਿੰਦਰ ਬੱਲ,  ਜਰਨੈਲ ਸਿੰਘ, ਰਜਿੰਦਰਪਾਲ ਸਿੰਘ, ਦਲਵੀਰ ਸਿੰਘ, ਵਿਨੋਦ ਠਾਕੁਰ,  ਸਮੇਤ ਵੱਖ-ਵੱਖ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ। 

ਫੋਟੋ: ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਵਾਰਤਕ ਪੁਸਤਕ 'ਧੀਆਂ ਡਾਲਰ ਖੋਜਣ ਚੱਲੀਆਂ' ਲੋਕ ਅਰਪਣ ਕਰਦੇ ਹੋਏ ਮੁੱਖ ਮਹਿਮਾਨ ਸ. ਗੁਰਦੇਵ ਸਿੰਘ ਧੰਮ, ਮੱਸਾ ਸਿੰਘ, ਸਰਵਣ ਸਿੰਘ ਔਜਲਾ, ਪ੍ਰਿੰਸੀਪਲ  ਬਲਦੇਵ ਸਿੰਘ ਢਿੱਲੋਂ, ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ, ਰਤਨ ਸਿੰਘ ਸੰਧੂ ਆਦਿ ਅਤੇ ਅੱਖਰ ਮੰਚ ਦੇ ਸਮੂਹ ਅਹੁਦੇਦਾਰ  ਖੜੇ ਦਿਖਾਈ ਦੇ ਰਹੇ ਹਨ।

Friday, 11 April 2025

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਭਾਰਤ ਰਤਨ ਡਾ. ਅੰਬੇਡਕਰ ਦੀ "ਸਮਾਜਿਕ ਏਕਤਾ ਅਤੇ ਸਮਾਜਿਕ ਨਿਆਂ ਸੰਬੰਧੀ ਦ੍ਰਿਸ਼ਟੀਕੋਣ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਾਇਆ|


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਹਿਸਟਰੀ ਹੈਰੀਟੇਜ ਸੈੱਲ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ  ਭਾਰਤ ਰਤਨ  ਡਾ. ਅੰਬੇਡਕਰ ਦੀ "ਸਮਾਜਿਕ ਏਕਤਾ ਅਤੇ ਸਮਾਜਿਕ ਨਿਆਂ ਸੰਬੰਧੀ ਦ੍ਰਿਸ਼ਟੀਕੋਣ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਾਇਆ। ਜਿਸ ਵਿੱਚ ਪ੍ਰਿੰਸੀਪਲ  ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਡਾ.  ਢਿੱਲੋਂ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਰਤਨ ਡਾ.  ਭੀਮ ਰਾਓ ਅੰਬੇਡਕਰ ਭਾਰਤ ਦੇ ਸਵਿਧਾਨ ਦੇ ਨਿਰਮਾਤਾ ਹਨ। ਉਨ੍ਹਾਂ ਨੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦਿਆ ਸਵਿਧਾਨ ਦਾ ਨਿਰਮਾਣ ਕੀਤਾ। ਦੇਸ਼ ਦੇ ਚੰਗੇ ਕਾਨੂੰਨ ਸਦਕਾ ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਏ। ਉਨ੍ਹਾਂ ਅੱਗੇ ਕਿਹਾ ਕਿ ਡਾ. ਅੰਬੇਡਕਰ ਨੇ ਸਾਰੇ ਵਰਗ ਦੇ ਲੋਕਾਂ ਲਈ ਚੰਗੀ ਸਿੱਖਿਆ 'ਤੇ ਜ਼ੋਰ ਦਿੱਤਾ ਤਾਂ ਜੋ ਗ਼ਰੀਬ ਤਬਕਾ ਵੀ ਪੜ੍ਹ -ਲਿਖ ਕੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੇ ਕਿਉਂਕਿ ਪੜ੍ਹਿਆ ਲਿਖਿਆ ਇਨਸਾਨ ਹੀ ਤਰੱਕੀ ਕਰ ਸਕਦਾ ਹੈ। ਦੇਸ਼ ਦੇ ਲੋਕ ਪੜੇ-ਲਿਖੇ ਹੋਣਗੇ ਤਾਂ ਦੇਸ਼ ਵੀ ਤਰੱਕੀ ਕਰੇਗਾ। ਹਿਸਟਰੀ ਹੈਰੀਟੇਜ ਸੈੱਲ' ਦੇ ਕਨਵੀਨਰ  ਪ੍ਰੋ. ਡਿੰਪਲ ਕੁਮਾਰ ਨੇ ਬੋਲਦਿਆਂ ਕਿਹਾ ਕਿ ਡਾ.ਅੰਬੇਡਕਰ ਨੇ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਦਾ ਨਾਅਰਾ ਵੀ ਦਿੱਤਾ ਜਿਸ 'ਤੇ ਸਭ ਨੂੰ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ  ਨੇ ਵਿਦਿਆਰਥੀਆਂ ਨਾਲ ਡਾ. ਅੰਬੇਦਕਰ ਜੀ ਦੇ ਜੀਵਨ, ਸੰਘਰਸ਼ ਅਤੇ ਉਨ੍ਹਾਂ ਦੇ ਸੰਵਿਧਾਨਿਕ ਯੋਗਦਾਨ ਬਾਰੇ ਪ੍ਰੇਰਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅੰਬੇਦਕਰ ਜੀ ਨੇ ਸਾਰੀ ਉਮਰ ਸਮਾਜਿਕ ਨਿਆਂ ਅਤੇ ਬਰਾਬਰੀ ਲਈ ਸੰਘਰਸ਼ ਕੀਤਾ, ਜਿਸ ਤੋਂ ਸਾਨੂੰ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ  ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ। ਅੰਤ ਵਿੱਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀਆਂ ਸਿੱਖਿਆਵਾਂ `ਤੇ ਚਲੱਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਡਾ. ਅੰਬੇਡਕਰ ਦੇ ਦੱਸੇ ਮਾਰਗ ਉੱਪਰ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵੱਧ ਕੇ ਚੰਗੇ ਸਮਾਜ ਦੀ ਸਿਰਜਨਾ ਕਰ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਕੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Thursday, 10 April 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਕਰਵਾਈ ਵਿਦਾਇਗੀ ਪਾਰਟੀ


ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਕੰਪਿਊਟਰ ਸਾਇੰਸ  ਵਿਭਾਗ ਨੇ ਬੀ ਸੀ ਏ ਤੇ ਬੀ ਐਸ ਸੀ ਕੰਪਿਊਟਰ ਸਾਇੰਸ  ਦੇ ਛੇਵੇਂ ਅਤੇ ਡੀ ਸੀ ਏ  ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੂੰ  ਅਲਵਿਦਾ ਕਹਿਣ ਲਈ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।  ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਪ੍ਰੋ.  ਦਮਨਜੀਤ ਕੌਰ ਨੇ  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੂੰ ‘ਜੀ ਆਇਆਂ' ਆਖਿਆ। ਇਸ ਮੌਕੇ ਵਿਦਿਆਰਥੀਆਂ  ਨੇ ਆਪਣੇ ਕਾਲਜ  ਜੀਵਨ ਬਾਰੇ ਸੁੰਦਰ ਕਵਿਤਾਵਾਂ ਅਤੇ ਗੀਤਾਂ ਰਾਹੀਂ ਪੇਸ਼ਕਾਰੀ ਦਿੱਤੀ । ਇਸ ਮੌਕੇ 

ਲੜਕਿਆਂ ਵਿੱਚੋਂ ਮਿਸਟਰ ਫੇਅਰਵੈੱਲ ਦਾ ਖਿਤਾਬ ਨਿਤਿਨ ਨੂੰ ਅਤੇ ਮਿਸ ਫੇਅਰਵੈੱਲ ਦਾ ਖ਼ਿਤਾਬ ਪ੍ਰੇਰਨਾ ਸ਼ਰਮਾ ਨੂੰ ਮਿਲਿਆ। ਇਸ ਮੁਕਾਬਲੇ ’ਚ ਬਤੌਰ ਜੱਜ ਪ੍ਰੋ. ਅਮਨਦੀਪ ਕੌਰ ਚੀਮਾ , ਪ੍ਰੋ. ਰੇਨੂ ਬਾਲਾ ਅਤੇ ਪ੍ਰੋ. ਵਿਸ਼ਾਲ ਸ਼ੁਕਲਾ ਨੇ ਭੂਮਿਕਾ ਨਿਭਾਈ। ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ  ਉੱਚ ਸਿਖਿਆ ਲਈ ਸਦਾ ਸਮਰਪਿਤ ਰਿਹਾ ਹੈ ਤੇ ਗੁਣਵਤਾ ਭਰੀ ਸਿੱਖਿਆ ਪ੍ਰਦਾਨ ਕਰਨਾ ਹੀ ਕਾਲਜ ਦਾ ਮੁੱਖ ਮੰਤਵ ਹੈ ਤਾਂ ਜੋ ਵਿਦਿਆਰਥੀ ਆਪਣੇ ਆਉਣ ਵਾਲੇ ਸਮੇਂ ’ਚ ਕਾਮਯਾਬ ਹੋ ਸਕਣ। ਅੰਤ ਵਿੱਚ ਉਨ੍ਹਾਂ  ਵਿਦਿਆਰਥੀਆਂ ਨੂੰ  ਯੂਨੀਵਰਸਿਟੀ ਪ੍ਰੀਖਿਆ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਨਾਲ ਹੀ  ਇਸ ਸਫ਼ਲ ਵਿਦਾਇਗੀ ਪਾਰਟੀ ਦੀ ਸ਼ਲਾਘਾ ਕੀਤੀ। ਇਸ ਪਾਰਟੀ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ.  ਲਵੀ ਮਹਿਤਾ ਨੇ ਨਿਭਾਈ।  ਇਸ ਮੌਕੇ  ਕਾਲਜ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ 'ਐਜੂਕੇਸ਼ਨ, ਮੇਨੈਜਮੈਂਟ ਅਤੇ ਇਨਫਰਮੇਸ਼ਨ ਟੈਕਨੋਲਜੀ' ਵਿਸ਼ੇ ਉੱਪਰ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ 'ਐਜੂਕੇਸ਼ਨ, ਮੇਨੈਜਮੈਂਟ ਅਤੇ ਇਨਫਰਮੇਸ਼ਨ ਟੈਕਨੋਲਜੀ' ਵਿਸ਼ੇ ਤੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਭਾਰਤ ਦੀਆਂ ਲਗਭਗ 25 ਵਿੱਦਿਅਕ ਸੰਸਥਾਵਾਂ (ਯੂਨੀਵਰਸਿਟੀ ਅਤੇ ਕਾਲਜਾਂ) ਦੇ ਪ੍ਰੋਫ਼ੈਸਰ ਅਤੇ ਰਿਸਰਚ ਸਕਾਲਰ ਨੇ ਭਾਗ  ਲਿਆ। ਇਸ ਦੇ ਨਾਲ-ਨਾਲ ਵਿਦੇਸ਼ਾ ਤੋਂ ਵੀ ਵੱਖ-ਵੱਖ ਪ੍ਰੋਫ਼ੈਸਰ ਅਤੇ ਡੈਲੀਗੇਟਸ ਨੇ ਆਨਲਾਈਨ ਮੋਡ ਵਿੱਚ ਰਿਸਰਚ ਪੇਪਰ ਪੇਸ਼ ਕੀਤੇ। 

ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ  ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਵਾਈਸ-ਚਾਂਸਲਰ ਡਾ.  ਧਰਮਜੀਤ ਸਿੰਘ ਪਰਮਾਰ ਮੁੱਖ ਮਹਿਮਾਨ ਵਜੋਂ ਅਤੇ ਡਾ. ਹਰਦੀਪ ਸਿੰਘ (ਸਾਬਕਾ ਮੁਖੀ ਕੰਪਿਊਟਰ ਵਿਭਾਗ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਸ਼ੇਸ਼ ਮਹਿਮਾਨ ਅਤੇ ਮੁੱਖ ਬੁਲਾਰੇ (ਕੀਨੋਟ ਸਪੀਕਰ) ਵਜੋਂ ਸ਼ਾਮਲ ਹੋਏ । ਇਸ ਦੇ ਨਾਲ ਹੀ ਡਾ. ਸਿੰਮੀ ਬਜਾਜ ਡਾਇਰੈਕਟਰ ਆਫ਼ ਅਕੈਡਮਿਕ ਪ੍ਰੋਗਰਾਮ ਵੈਸਟਰਨ ਸਿਡਨੀ ਯੂਨੀਵਰਸਿਟੀ, ਆਸਟਰੇਲੀਆ , ਸ਼੍ਰੀ ਮਧੂ ਸੂਦਨ, ਪਾਰਟਨਰ ਡਾਇਰੈਕਟਰ ਆਫ਼ ਇੰਜੀਨੀਅਰਿੰਗ ਮਾਈਕਰੋਸੋਫਟ USA ਅਤੇ ਡਾ. ਦਿਨੇਸ਼ ਕੁਮਾਰ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਸੈਂਟਰਲ ਯੂਨੀਵਰਸਿਟੀ ਆਫ਼ ਜੰਮੂ Expert Talk ਲਈ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ.  ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ, ਕਾਲਜ ਦੀਆਂ ਪ੍ਰਾਪਤੀਆਂ ਅਤੇ  ਅੰਤਰਰਾਸ਼ਟਰੀ ਕਾਨਫਰੰਸ ਦੀ ਰੂਪ ਰੇਖਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਮੁੱਖ ਮਹਿਮਾਨ  ਡਾ.  ਧਰਮਜੀਤ ਸਿੰਘ ਪਰਮਾਰ ਨੇ ਬੋਲਦਿਆਂ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਪਾਲਸੀ (NEP) 2020, ਭਾਰਤ ਦੀ 30 ਸਾਲਾਂ ਵਿੱਚ ਪਹਿਲੀ ਐਜੂਕੇਸ਼ਨ ਪਾਲਸੀ ਹੈ, ਜਿਹੜੀ ਸਿੱਖਿਆ ਪ੍ਰਣਾਲੀ ਨੂੰ ਸੰਪੂਰਨ, ਲਚਕੀਲਾ ਅਤੇ ਬਹੁ-ਅਨੁਸ਼ਾਸਨੀ ਬਣਾਉਣ ਦਾ ਉਦੇਸ਼ ਰੱਖਦੀ ਹੈ, ਜਿਸ ਵਿੱਚ ਪ੍ਰਾਰੰਭਿਕ ਬੱਚਿਆਂ ਦੀ ਦੇਖਭਾਲ, ਸਮਾਵੇਸ਼ਤਾ ਅਤੇ ਹਿੱਸੇਦਾਰੀ ਤੇ ਧਿਆਨ ਦਿੱਤਾ ਗਿਆ ਹੈ। ਇਸ ਨੀਤੀ  ਵਿੱਚ ਵਿਸ਼ਿਆਂ ਦੇ ਰਚਨਾਤਮਕ ਮਿਲਾਪੜੇ ਅਤੇ ਪੇਸ਼ੇਵਰ ਸਿੱਖਿਆ ਦੀ ਏਕੀਕਰਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸ ਨੀਤੀ ਦਾ ਮੁੱਖ ਉਦੇਸ਼ ਸਮਾਵੇਸ਼ਤਾ ਅਤੇ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਵਿਕਲਾਂਗ ਬੱਚੇ  ਲਈ ਵੀ ਖ਼ਾਸ ਧਿਆਨ ਦਿੱਤਾ ਗਿਆ ਹੈ। ਇਹ ਨੀਤੀ ਉੱਚੇਰੀ ਸਿੱਖਿਆ ਵਿੱਚ ਅਨੁਸ਼ਾਸਤ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਅਤੇ ਪੇਸ਼ੇਵਰ ਸਿੱਖਿਆ ਨੂੰ ਹਰ ਪੱਧਰ 'ਤੇ ਏਕੀਕਰਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸਦੇ ਨਾਲ ਹੀ, ਇਹ ਨੀਤੀ  ਪੇਸ਼ੇਵਰ ਵਿਕਾਸ 'ਤੇ ਜ਼ੋਰ ਦਿੰਦੀ ਹੈ ਤਾਂ ਜੋ ਉਹ ਵੱਖ-ਵੱਖ ਸਿੱਖਣ ਵਾਲਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਤਕਨੀਕੀ ਏਕੀਕਰਨ ਵੀ ਇੱਕ ਮੁੱਖ ਭਾਗ ਹੈ, ਜਿਸ ਨਾਲ ਸਿੱਖਣ ਦੇ ਤਜ਼ੁਰਬੇ ਨੂੰ ਵਧਾਇਆ ਜਾ ਸਕਦਾ ਹੈ ਅਤੇ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਨੂੰ ਬੇਹਤਰ ਕੀਤਾ ਜਾ ਸਕਦਾ ਹੈ। ਇਹ ਨੀਤੀ ਵਿਸ਼ਵ ਵਿਦਿਆਲੇ ਵਿੱਚ ਵੱਖ-ਵੱਖ ਰਾਹਾਂ ਨੂੰ ਚੁਣਨ  ਲਈ ਬਹੁਤ ਸਾਰੇ ਮੌਕੇ ਪ੍ਰਧਾਨ ਕਰਦੀ ਹੈ। NEP 2020 ਭਾਰਤੀ ਬਹੁ-ਭਾਸ਼ਾਈ, ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦੀ ਹੈ ਅਤੇ ਬੋਰਡ ਪ੍ਰੀਖਿਆ ਸਿਸਟਮ ਵਿੱਚ ਸੁਧਾਰ ਨੂੰ ਯਕੀਨੀ ਬਣਾਉਂਦੀ ਹੈ ।

  ਡਾ. ਹਰਦੀਪ ਸਿੰਘ (ਸਾਬਕਾ ਮੁਖੀ ਕੰਪਿਊਟਰ ਵਿਭਾਗ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕੀਨੋਟ ਅਡਰੈਸ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ  ਕਾਨਫਰੰਸਾਂ ਉੱਚ-ਸਿੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ਕਿਉਂਕਿ ਕਾਨਫਰੰਸ ਵਿੱਚ ਭਾਗ ਲੈਣ ਨਾਲ ਪੇਸ਼ਕਾਰੀ ਅਤੇ ਸੰਚਾਰਕ ਹੁਨਰ ਵਿਕਸਤ ਹੁੰਦੇ ਹਨ ਅਤੇ ਨਵੀਆਂ ਵਿਚਾਰਧਾਰਾਵਾਂ ਅਤੇ ਤਰੀਕਿਆਂ ਨਾਲ ਜਾਣੂ ਹੋਣ ਦਾ ਮੌਕਾ ਮਿਲਦਾ ਹੈ ਅਤੇ ਅਕਾਦਮਿਕ ਸੰਪਰਕ ਬਣਾਉਣ ਲਈ ਵੀ ਬਹੁਤ ਮਹੱਤਵਪੂਰਨ ਹਨ। ਵਿਦਵਾਨ ਇਨ੍ਹਾਂ ਰਾਹੀਂ ਹੋਰ ਅਧਿਆਪਕਾਂ, ਖੋਜਕਰਤਾਵਾਂ ਅਤੇ ਉਦਯੋਗਕ ਵਿਅਕਤੀਆਂ ਨਾਲ ਸੰਪਰਕ ਬਣਾਉਂਦੇ ਹਨ, ਜੋ ਭਵਿੱਖ ਵਿੱਚ ਰਿਸਰਚ ਪ੍ਰੋਜੈਕਟਾਂ, ਅਕਾਦਮਿਕ ਐਕਸਚੇਂਜ ਜਾਂ ਕਰੀਅਰ ਦੇ ਮੌਕਿਆਂ ਵੱਲ ਵੱਧ ਸਕਦੇ ਹਨ। ਆਪਣੀ ਅਕਾਦਮਿਕ ਪਹਿਚਾਣ ਬਣਾਉਣ ਲਈ,  ਸੰਸਥਾਵਾਂ ਲਈ ਵੀ ਮੌਕਾ ਹੁੰਦਾ ਹੈ। ਵਿਦਿਆਰਥੀਆਂ ਲਈ, ਕਾਨਫਰੰਸ ਇੱਕ ਪ੍ਰੇਰਣਾਦਾਇਕ ਤਜ਼ਰਬਾ ਹੁੰਦੀ ਹਨ। ਉਨ੍ਹਾਂ ਨੂੰ  ਅਕਾਦਮਿਕ ਚਰਚਾ ਨਾਲ ਰੁਬਰੂ ਹੋਣ ਅਤੇ ਪ੍ਰਸਿੱਧ ਵਿਦਵਾਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਦਾ ਹੈ । ਇਨ੍ਹਾਂ ਦੇ ਨਾਲ ਨਾਲ, ਸਿੱਖਿਆ ਸੰਬੰਧੀ ਕਾਨਫਰੰਸ ਅਕਸਰ ਨਵੀਆਂ ਪੜ੍ਹਾਈ ਤਕਨੀਕਾਂ ਅਤੇ ਨੀਤੀਆਂ  'ਤੇ ਵੀ ਚਰਚਾ ਲਈ ਮੰਚ ਮੁਹੱਈਆ ਕਰਵਾਉਂਦੀਆਂ ਹਨ।

ਇਸ ਦੇ ਨਾਲ ਹੀ ਡਾ. ਦਿਨੇਸ਼ ਕੁਮਾਰ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਸੈਂਟਰਲ ਯੂਨੀਵਰਸਿਟੀ ਆਫ਼ ਜੰਮੂ ਨੇ ਇਨਫਰਮੇਸ਼ਨ ਟੈਕਨੋਲੌਜੀ ਦੇ ਖੇਤਰ ਵਿੱਚ ਈਮਰਜਿੰਗ ਟਰੈਂਡਜ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸਿੰਮੀ ਬਜਾਜ ਡਾਇਰੈਕਟਰ ਆਫ਼ ਅਕੈਡਮਿਕ ਪ੍ਰੋਗਰਾਮ ਵੈਸਟਰਨ ਸਿਡਨੀ ਯੂਨੀਵਰਸਿਟੀ, ਆਸਟਰੇਲੀਆ ਜਿਨ੍ਹਾਂ ਨੂੰ ਐਜੂਕੇਸ਼ਨ ਦੇ ਖ਼ੇਤਰ ਵਿੱਚ 25 ਸਾਲ ਦਾ ਅਧਿਆਪਨ ਅਤੇ  ਰਿਸਰਚ ਦਾ ਤਜ਼ਰਬਾ ਹੈ, ਉਹ ਆਨਲਾਈਨ ਲਰਨਿੰਗ ਮੈਨੇਜਮੈਂਟ  ਸਿਸਟਮ ਅਤੇ ਵਿਸ਼ਵ ਪੱਧਰ ਤੇ ਐਜੂਕੇਸ਼ਨ ਪੱਧਰ ਦੇ ਅਦਾਨ-ਪ੍ਰਦਾਨ ਸੰਬੰਧੀ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਇਸੇ ਤਰ੍ਹਾਂ ਸ਼੍ਰੀ ਮਧੂ ਸੂਦਨ, ਪਾਰਟਨਰ ਡਾਇਰੈਕਟਰ ਆਫ਼ ਇੰਜੀਨੀਅਰਿੰਗ ਮਾਈਕਰੋਸੋਫਟ USA  , ਜੋ ਕਿ ਆਈ ਟੀ ਦੇ ਖ਼ੇਤਰ ਵਿੱਚ ਪਿਛਲੇ ਲੰਬੇ ਸਮੇਂ  ਤੋਂ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੇ ਡਾਟਾ ਸਾਇੰਸ, ਆਈ.ਟੀ., ਬਿਜ਼ਨਸ ਵਿਸ਼ਲੇਸ਼ਣ ਅਤੇ ਏ ਆਈ ਨਾਲ  ਸੰਬੰਧਿਤ ਜਾਣਕਾਰੀ  ਡੈਲੀਗੇਟਸ ਅਤੇ ਰਿਸਰਚ ਸਕਾਲਰ ਨਾਲ ਸਾਂਝੀ ਕੀਤੀ। ਉਨ੍ਹਾਂ ਬੋਲਦਿਆਂ ਕਿਹਾ ਕਿ  ਏ ਆਈ  ਤੇਜ਼ੀ ਨਾਲ ਸਾਡੇ ਦੁਨੀਆ ਨੂੰ ਬਦਲ ਰਹੀ ਹੈ, ਜੋ ਉਦਯੋਗਾਂ, ਅਰਥਵਿਵਸਥਾਵਾਂ ਅਤੇ ਹਰ ਰੋਜ਼ ਦੀ ਜ਼ਿੰਦਗੀ ਨੂੰ ਨਵੀਂ ਸ਼ਕਲ ਦੇ ਰਹੀ ਹੈ। ਇਸਦੇ ਮੂਲ ਵਿੱਚ, ਕ੍ਰਿਤਮ ਬੁੱਧੀ ਉਹ ਮਸ਼ੀਨਾਂ ਅਤੇ ਪ੍ਰਣਾਲੀਆਂ ਹਨ ਜੋ ਮਨੁੱਖੀ ਬੁੱਧੀ ਦੀ ਨਕਲ ਕਰਨ ਲਈ ਡਿਜ਼ਾਇਨ ਕੀਤੀਆਂ ਜਾਂਦੀਆਂ ਹਨ, ਜੋ ਡਾਟਾ ਤੋਂ ਸਿੱਖਦੀਆਂ ਹਨ ਅਤੇ ਫੈਸਲੇ ਲੈਂਦੀਆਂ ਹਨ। ਸਿਰੀ ਅਤੇ ਐਲੈਕਸਾ ਵਰਗੇ ਵਰਚੁਅਲ ਸਹਾਇਕਾਂ ਤੋਂ ਲੈ ਕੇ ਆਟੋਨੋਮਸ ਵਾਹਨਾਂ ਅਤੇ ਸਿਹਤ ਸੇਵਾਵਾਂ ਦੀਆਂ ਪਛਾਣਾਂ ਤੱਕ, ਕ੍ਰਿਤਮ ਬੁੱਧੀ ਪਹਿਲਾਂ ਹੀ ਸਾਡੇ ਰੋਜ਼ਾਨਾ ਅਨੁਭਵਾਂ ਦਾ ਹਿੱਸਾ ਬਣ ਚੁੱਕੀ ਹੈ। ਕਾਨਫਰੰਸ ਦੇ ਕਨਵੀਨਰ ਪ੍ਰੋ. ਦਮਨਜੀਤ ਕੌਰ ਨੇ ਦੱਸਿਆ ਕਿ ਕਾਨਫਰੰਸ ਦੇ ਪੰਜ ਟੈਕਨੀਕਲ ਸੈਸ਼ਨ ਹੋਏ। ਪਹਿਲਾ ਟੈਕਨੀਕਲ ਸੈਸ਼ਨ ਬਿਜ਼ਨਸ ਅਤੇ ਕਾਮਰਸ ਮੈਨੇਜਮੈਂਟ ਨਾਲ ਸੰਬੰਧਿਤ ਸੀ। ਇਸ ਟਰੈਕ ਵਿੱਚ ਬਿਜ਼ਨਸ ਨਾਲ ਸੰਬੰਧਿਤ ਰਿਸਰਚ ਪੇਪਰ ਪੜ੍ਹੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਗੁਰਨਾਮ ਸਿੰਘ ਰਸੂਲਪੁਰ ( Principal Sant Baba Dalip Singh memorial college, Domeli) ਨੇ ਕੀਤੀ । ਦੂਜੇ ਟੈਕਨੀਕਲ ਸੈਸ਼ਨ ਵਿੱਚ ਫਾਇਨੈਂਸ਼ੀਅਲ ਮਨੈਜਮੈਂਟ ਅਤੇ ਈ-ਬਿਜ਼ਨਸ ਨਾਲ ਸੰਬੰਧਿਤ ਰਿਸਰਚ  ਪੜ੍ਹੇ । ਇਸ ਸੈਸ਼ਨ ਦੀ ਪ੍ਰਧਾਨਗੀ  ਡਾ. ਆਨੰਦ ਠਾਕੁਰ (Associate Professor and Head, Dept. of Financial Administration Central University of Punjab Bathinda) ਨੇ ਕੀਤੀ। ਤੀਜੇ ਟੈਕਨੀਕਲ ਸੈਸ਼ਨ ਵਿੱਚ ਡਾ ਸਿਮਰਪ੍ਰੀਤ ਸਿੰਘ ਵਨਿਟ ਯੂਨੀਵਰਸਿਟੀ ਨੇ ਲੈਂਗੁਏਜ਼ ਅਤੇ ਆਈ ਟੀ ਨਾਲ ਸੰਬੰਧਿਤ, ਚੌਥੇ ਟੈਕਨੀਕਲ ਸੈਸ਼ਨ  ਵਿੱਚ ਡਾ. ਰਜੀਵ ਮਹਾਜਨ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨਾਲ ਸੰਬੰਧਿਤ ਅਤੇ  ਪੰਜਵੇਂ ਟੈਕਨੀਕਲ ਸੈਸ਼ਨ  ਵਿੱਚ ਡਾ.  ਪੰਕਜਦੀਪ ਕੌਰ ਦੀ ਦੇਖਰੇਖ ਵਿੱਚ ਕੰਪਿਊਟਰ ਸਾਇੰਸ ਅਤੇ ਸੋਸ਼ਲ ਸਾਇੰਸਜ਼ ਅਧਾਰਿਤ ਖੋਜਕਾਰਾਂ ਨੇ ਪੇਪਰ ਪ੍ਰਸਤੁਤ ਕੀਤੇ। ਇਸ ਕਾਨਫਰੰਸ ਵਿੱਚ ਕੁੱਲ 45 ਰਿਸਰਚ ਪੇਪਰ ਪੜ੍ਹੇ ਗਏ। ਸੈਮੀਨਾਰ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਦੁਆਰਾ ਬਾਖ਼ੂਬੀ ਨਿਭਾਈ ਗਈ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੁਆਰਾ ਸਾਰੇ ਰਿਸਰਚ ਸਕਾਲਰ ਅਤੇ ਡੈਲੀਗੇਟਸ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਸਿੰਘ ਡਾਇਰੈਕਟਰ ਸਪੋਰਟਸ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਡਾ. ਮਨਪ੍ਰੀਤ ਸਿੰਘ ਲਹਿਲ, ਪੰਜਾਬੀ ਦੇ ਉੱਘੇ ਕਵੀ ਪ੍ਰੋ. ਕੁਲਵੰਤ ਸਿੰਘ ਔਜਲਾ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਗੁਰਭਜਨ ਸਿੰਘ ਲਾਸਾਨੀ, ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਸਨ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਇੰਗਲਿਸ਼ ਸਪੀਕਿੰਗ ਕੋਰਸ ਤੇ ਸੋਸ਼ਲ ਮੀਡੀਆ ਐਂਡ ਇੰਟਰਨੈਟ ਸੇਫਟੀ ਦੀਆਂ ਮੁਫ਼ਤ ਕਲਾਸਾਂ ਦੀ ਸ਼ੁਰੂਆਤ 15 ਅਪ੍ਰੈਲ ਤੋਂ |


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ 10ਵੀਂ ਅਤੇ 12ਵੀਂ ਕਲਾਸ ਦੇ ਪੇਪਰ ਦੇ ਚੁੱਕੇ  ਵਿਦਿਆਰਥੀਆਂ ਲਈ ਇੰਗਲਿਸ਼ ਸਪੀਕਿੰਗ ਕੋਰਸ ਤੇ ਸੋਸ਼ਲ ਮੀਡੀਆ ਐਂਡ ਇੰਟਰਨੈਟ ਸੇਫਟੀ  ਦੀਆਂ ਮੁਫ਼ਤ ਕਲਾਸਾਂ ਦੀ ਸ਼ੁਰੂਆਤ 15 ਅਪ੍ਰੈਲ ਤੋਂ ਹੋ ਰਹੀ ਹੈ ।ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ 

ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਦੌਰਾਨ ਸਪੋਕਿਨ ਇੰਗਲਿਸ਼ ਦੇ ਮਹੱਤਵਪੂਰਨ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।ਇਸ ਦੌਰਾਨ ਵਿਦਿਆਰਥੀਆਂ ਨੂੰ ਇੰਗਲਿਸ਼ ਰਾਈਟਿੰਗ,ਸਪੀਕਿੰਗ ਅਤੇ ਲਿਸਨਿੰਗ ਦੇ ਸਰਲ ਢੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਗਰੇਜੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਹੈ। ਇਸ ਲਈ ਆਪਸੀ ਸੰਚਾਰ, ਵਪਾਰ ਅਤੇ ਨੌਕਰੀ ਲਈ ਇਹ ਭਾਸ਼ਾ ਲਿਖਣੀ, ਬੋਲਣੀ ਬਹੁਤ ਹੀ ਮਹੱਤਵਪੂਰਨ ਹੈ। ਪ੍ਰਿੰ. ਡਾ. ਢਿੱਲੋਂ ਨੇ ਦੱਸਿਆ ਕਿ ਇਸ ਕੋਰਸ ਦੇ  ਨਾਲ-ਨਾਲ ਵਿਦਿਆਰਥੀਆਂ ਨੂੰ   ਸੋਸ਼ਲ ਮੀਡੀਆ ਐਂਡ ਇੰਟਰਨੈਟ ਸੇਫਟੀ ਬਾਰੇ ਵੀ ਗਿਆਨ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ। ਇਸ ਕੋਰਸ ਵਿੱਚ ਇੰਟਰਨੈਟ ਦੀ ਵਰਤੋਂ ਨਾਲ ਜੁੜੇ ਵੱਖੋ-ਵੱਖਰੇ ਜੋਖਮਾਂ  ਜਿਵੇਂ ਕਿ ਸਾਈਬਰ ਧੱਕੇਸ਼ਾਹੀ, ਔਨਲਾਈਨ ਪਰੇਸ਼ਾਨੀ, ਪਛਾਣ ਦੀ ਚੋਰੀ, ਫਿਸ਼ਿੰਗ ਘੁਟਾਲੇ ਅਤੇ ਅਣਉਚਿਤ ਸਮੱਗਰੀ ਦਾ ਸਾਹਮਣਾ ਕਰਨਾ ਆਦਿ ਬਾਰੇ ਵੀ ਦੱਸਿਆ ਜਾਵੇਗਾ ਅਤੇ  ਮਜ਼ਬੂਤ ਪਾਸਵਰਡ ਬਣਾਉਣ, ਸੋਸ਼ਲ ਮੀਡੀਆ 'ਤੇ ਓਵਰਸ਼ੇਅਰਿੰਗ ਤੋਂ ਬਚਣ ਅਤੇ ਸੰਵੇਦਨਸ਼ੀਲ ਜਾਣਕਾਰੀ ਔਨਲਾਈਨ ਸਾਂਝੀ ਕਰਦੇ ਸਮੇਂ ਸਾਵਧਾਨ ਰਹਿਣ ਬਾਰੇ ਸੁਝਾਅ ਵੀ ਸਾਂਝੇ ਕੀਤੇ ਜਾਣਗੇ। ਸਾਈਬਰ ਅਪਰਾਧੀ ਆਨਲਾਈਨ ਅਪਰਾਧ ਕਰਨ ਲਈ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਦੇ ਹਨ। ਡਿਜ਼ੀਟਲ ਯੁੱਗ ਵਿੱਚ ਸਾਈਬਰ ਅਪਰਾਧ ਇੱਕ ਲਗਾਤਾਰ ਚੁਣੌਤੀ ਹੈ, ਜਾਗਰੂਕਤਾ, ਰੋਕਥਾਮ ਅਤੇ ਸਹਿਯੋਗ, ਇਸ ਦੇ ਪ੍ਰਭਾਵ ਨੂੰ ਘਟਾਉਣ ਅਤੇ ਭਵਿੱਖ ਦੇ ਖ਼ਤਰਿਆਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਵਿਦਿਆਰਥੀ ਇਨ੍ਹਾਂ ਫ੍ਰੀ ਕੋਰਸਾਂ ਲਈ ਪ੍ਰੋ. ਮਨਜਿੰਦਰ ਸਿੰਘ ਜੌਹਲ (98159-78098) ਨਾਲ  ਸੰਪਰਕ ਕਰ ਸਕਦੇ ਹਨ।

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ 'ਵਿਸ਼ਵ ਅਰਥ ਡੇਅ' ਨੂੰ ਸਮਰਪਿਤ ਕਰਾਏ ਪੋਸਟਰ ਮੇਕਿੰਗ ਮੁਕਾਬਲੇ|

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਕਾਲਜ ਦੇ ਈੱਕੋ ਕਲੱਬ ਵੱਲੋਂ 'ਵਿਸ਼ਵ ਅਰਥ ਡੇਅ'  ਨੂੰ ਸਮਰਪਿਤ ਪੋਸਟਰ...