ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਵੱਲੋਂ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੀ ਐੱਮ ਇੰਟਰਨਸ਼ਿਪ ਸਕੀਮ ਨੂੰ ਸਮਰਪਿਤ ਇਕ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਵਿੱਚ ਕਾਮਰਸ ਵਿਭਾਗ ਦੇ ਪ੍ਰੋ. ਡਿੰਪਲ ਭੰਡਾਰੀ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਪ੍ਰੋ. ਡਿੰਪਲ ਭੰਡਾਰੀ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਪੀ ਐੱਮ ਇੰਟਰਨਸ਼ਿਪ ਸਕੀਮ 2024-25 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਸ ਸਕੀਮ ਅਧੀਨ 1.25 ਲੱਖ ਇੰਟਰਨਸ਼ਿਪ ਦੇਣ ਦਾ ਟੀਚਾ ਮਿਥਿਆ ਗਿਆ ਹੈ। ਇਹ ਇੰਟਰਨਸ਼ਿਪ ਦੇ ਮੌਕੇ ਤੇਲ, ਗੈਸ, ਊਰਜਾ, ਯਾਤਰਾ, ਪ੍ਰਾਹੁਣਚਾਰੀ, ਆਟੋਮੋਟਿਵ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਸਮੇਤ 24 ਖੇਤਰਾਂ ਵਿੱਚ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ 1ਕਰੋੜ ਨੌਜ਼ਵਾਨਾਂ ਨੂੰ 5 ਸਾਲਾਂ ਵਿੱਚ 500 ਦੇ ਕਰੀਬ ਨਾਮੀ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਵਾਈ ਜਾਣੀ ਹੈ। ਇਸ ਸਬੰਧੀ 21 ਤੋਂ 24 ਸਾਲ ਦੀ ਉਮਰ ਦੇ ਨੌਜ਼ਵਾਨ ਅਪਲਾਈ ਕਰ ਸਕਦੇ ਹਨ। ਇਸ ਸਕੀਮ ਲਈ ਅਪਲਾਈ ਕਰਨ ਲਈ ਵਿਦਿਆਕ ਯੋਗਤਾ ਦਸਵੀਂ, ਬਾਰ੍ਹਵੀਂ, ਆਈ ਟੀ ਆਈ ਡਿਪਲੋਮਾ, ਬੀ ਏ, ਬੀ ਐੱਸ. ਸੀ, ਬੀ ਕਾਮ, ਬੀ ਸੀ ਏ ਤੇ ਬੀ-ਫਾਰਮਾ ਆਦਿ ਪਾਸ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਕੀਮ ਲਈ ਅਪਲਾਈ ਕਰਨ ਦੇ ਤਰੀਕੇ, ਸਾਈਟ ਅਤੇ ਇਸ ਸਬੰਧੀ ਯੋਗਤਾਵਾਂ ਬਾਰੇ ਵੀ ਦੱਸਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਅਜਿਹੀਆਂ ਕਈ ਸਕੀਮਾਂ ਸਮੇਂ-ਸਮੇਂ ਚਲਾਈਆਂ ਜਾਂਦੀਆਂ ਹਨ , ਜਿਨਾਂ ਤੋਂ ਨੌਜ਼ਵਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਇਹਨਾਂ ਸਕੀਮਾਂ ਬਾਰੇ ਅਗਾਂਹ ਸਮਾਜ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਅਜਿਹੇ ਲੈਕਚਰ ਕਰਾਉਣ ਲਈ ਪਲੇਸਮੈਂਟ ਅਤੇ ਟ੍ਰੇਨਿੰਗ ਸੈਲ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਪ੍ਰੋ. ਮਨਮੋਹਨ ਕੁਮਾਰ, ਪ੍ਰੋ. ਮਨਜੋਤ ਕੌਰ, ਪ੍ਰੋ. ਸੁਨੈਨਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।
No comments:
Post a Comment