Sunday, 26 January 2025

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ



ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ 


 ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਰੈੱਡ ਰਿਬਨ ਕਲੱਬ ਵੱਲੋਂ  ਜ਼ਿਲ੍ਹਾ ਚੋਣ  ਦਫ਼ਤਰ ਕਪੂਰਥਲਾ ਦੇ ਸਹਿਯੋਗ ਨਾਲ  ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਪ੍ਰਭਾਵਸ਼ਾਲੀ  ਢੰਗ ਨਾਲ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ  ਜ਼ਿਲ੍ਹਾ ਚੋਣ ਅਫ਼ਸਰ  ਅਮਿਤ ਕੁਮਾਰ ਪੰਚਾਲ ਜੀ (ਆਈ ਏ ਐਸ ) ਮੁੱਖ ਮਹਿਮਾਨ ਵਜੋਂ,  ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ (ਪੀ ਸੀ ਐਸ) ਤੇ ਅਸਿਸਟੈਂਟ ਕਮਿਸ਼ਨਰ ਕਪਿਲ ਜਿੰਦਲ ਪੀ ਸੀ ਐਸ (ਜਨਰਲ)  ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ  ਸਵਾਗਤ ਕਰਦਿਆਂ ਰਾਸ਼ਟਰੀ ਵੋਟਰ ਦਿਵਸ ਦੇ ਪਿਛੋਕੜ ਤੇ ਰੋਸ਼ਨੀ ਪਾਈ।  ਰਾਸ਼ਟਰੀ ਵੋਟਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ  ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਦੇ ਅਧਿਕਾਰ ਦੀ  ਸਾਰਥਕ ਵਰਤੋਂ ਕਰਦਿਆਂ ਲੋਕਤੰਤਰੀ ਕਦਰਾਂ -ਕੀਮਤਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ । ਉਨ੍ਹਾਂ ਕਿਹਾ  ਕਿ ਦੇਸ਼ ਦੇ ਸੰਵਿਧਾਨ ਨੇ ਨਾਗਰਿਕਾਂ ਨੂੰ ਸਰਕਾਰਾਂ ਬਣਾਉਣ ਲਈ ਵੋਟ ਦਾ ਅਧਿਕਾਰ ਦਿੱਤਾ ਹੈ, ਜਿਸ ਦੀ ਵਰਤੋਂ ਉਤਸ਼ਾਹ ਦੇ ਨਾਲ- ਨਾਲ ਪੂਰੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।  25 ਜਨਵਰੀ 1950 ਨੂੰ ਭਾਰਤ ਦੇ ਚੋਣ ਕਮਿਸ਼ਨਰ ਦੀ ਸਥਾਪਨਾ ਕੀਤੀ ਗਈ ਸੀ ਅਤੇ ਸਾਲ 2011 ਵਿਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ 15ਵਾਂ ਕੌਮੀ ਵੋਟਰ ਦਿਵਸ ਮਨਾਉਂਦਿਆਂ ਸਾਰਿਆਂ ਨੂੰ ਇਹ  ਅਹਿਦ ਲੈਣਾ ਚਾਹੀਦਾ ਹੈ ਕਿ ਆਪਣੀ ਵੋਟ ਦੀ ਨਿਰਪੱਖ ਅਤੇ ਸਹੀ ਵਰਤੋਂ ਕਰਦਿਆਂ ਦੇਸ਼ ਦੇ ਹੋਰ ਵੀ ਬਿਹਤਰ ਜ਼ਮਹੂਰੀ ਭਵਿੱਖ ਨੂੰ ਯਕੀਨੀ ਬਣਾਵਾਂਗੇ । ਨਵੇਂ ਵੋਟਰਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ  ਨੌਜ਼ਵਾਨਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰਾਂ , ਰਿਸ਼ਤੇਦਾਰਾਂ ਅਤੇ ਆਲੇ -ਦੁਆਲੇ ਦੇ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਪ੍ਰਤੀ ਜਾਗਰੂਕ ਕਰਨ। ਉਨ੍ਹਾਂ ਨੇ ਵੋਟ ਬਣਾਉਣ ਦੇ ਯੋਗ ਹੋ ਚੁੱਕੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ  ਜ਼ਿਲ੍ਹਾ ਚੋਣ ਦਫ਼ਤਰ ਨਾਲ ਸੰਪਰਕ ਕਰਕੇ ਜਾਂ ਚੋਣ ਕਮਿਸ਼ਨ ਦੀ ਵੈੱਬਸਾਈਟ/ ਐਪ ਰਾਹੀਂ ਵੋਟ ਜ਼ਰੂਰ ਬਣਾਉਣ । ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ ਨੇ ਵੋਟਰ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਨੌਜ਼ਵਾਨਾਂ ਨੂੰ ਤਕੀਦ ਕੀਤੀ ਕਿ ਪੂਰੀ ਸੂਝ- ਬੂਝ ਨਾਲ ਵੋਟ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਸਮੂਹ ਹਾਜ਼ਰੀਨ ਵਲੋਂ ਵੋਟ ਦੀ ਨਿਰਪੱਖ ਵਰਤੋਂ ਆਦਿ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ  ਲਾਇਲਪੁਰ  ਖ਼ਾਲਸਾ ਕਾਲਜ ਦੇ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ  ਵੋਟਾਂ ਨਾਲ ਸੰਬੰਧਿਤ ਗੀਤ, ਵਿਦਿਆਰਥੀ ਦਲਜੀਤ ਸਿੰਘ ਨੇ ਕਵਿਤਾ, ਹਿੰਦੂ ਕੰਨਿਆ ਕਾਲਜ ਦੀ ਵਿਦਿਆਰਥਣ ਨੇ ਗੀਤ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਦੇ  ਵਿਦਿਆਰਥੀਆਂ ਵੱਲੋਂ ਸ਼ਬਦ, ਡਾਇਟ ਸ਼ੇਖੂਪੁਰ ਦੇ ਵਿਦਿਆਰਥੀਆਂ ਵੱਲੋਂ ਭੰਡ ਆਈਟਮ, ਕਵਿਤਾ ਤੇ ਡਰਾਮਾ, ਪ੍ਰੀਤਾ ਲੀ ਸਕੂਲ ਦੀ ਵਿਦਿਆਰਥਣ ਨੇ ਸਪੀਚ, ਸਰਕਾਰੀ ਹਾਈ ਸਕੂਲ ਮਨਸੂਰਵਾਲ ਦੇ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਨੁਕੜ ਨਾਟਕ ਅਤੇ ਲਿਟਲ ਏਂਜਲਜ਼ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ  ਭੰਗੜੇ ਨਾਲ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਇਲੈਕਸ਼ਨ ਤਹਿਸੀਲਦਾਰ ਮੈਡਮ ਮਨਜੀਤ ਕੌਰ  ਨੇ  ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਦਫ਼ਤਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਦਿਵਿਆਂਗ ਵੋਟਰਾਂ ਦੇ ਆਈਕਨ ਨੈਸ਼ਨਲ ਅਵਾਰਡੀ ਮੰਗਲ ਸਿੰਘ ਭੰਡਾਲ ਨੇ ਵੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਵੋਟ ਪਾਉਣ ਸਬੰਧੀ ਉਤਸ਼ਾਹਿਤ ਕੀਤਾ । ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਏ ਡੀ ਸੀ ਜਨਰਲ ਮੈਡਮ ਨਵਨੀਤ ਕੌਰ ਬੱਲ, ਪ੍ਰਿੰਸੀਪਲ ਡਾ. ਢਿੱਲੋਂ, ਅਸਿਸਟੈਂਟ ਕਮਿਸ਼ਨਰ ਕਪਿਲ ਜਿੰਦਲ ਤੇ ਚੋਣ ਤਹਿਸੀਲਦਾਰ ਮਨਜੀਤ ਕੌਰ ਨੇ ਚੋਣ ਸਰਗਰਮੀਆਂ 'ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਹੌਸਲਾ -ਅਫਜ਼ਾਈ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਸ.  ਪਰਮਜੀਤ ਸਿੰਘ ਅਸਿਸਟੈਂਟ ਨੋਡਲ ਅਫ਼ਸਰ ਸਵੀਪ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਚੋਣ ਕਾਨੂੰਨਗੋ ਪੂਜਾ ਕੱਕੜ, ਸੁਨੀਤਾ ਸਿੰਘ, ਕਮਲ ਕਿਸ਼ੋਰ ਪ੍ਰੋਗਰਾਮਰ, ਸਤਪਾਲ ਸਿੰਘ, ਦਿਲਬਾਗ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

No comments:

Post a Comment

BCA Sixth Semester Students of Lyallpur Khalsa College, Kapurthala secured Positions in the University Merit List

It is a matter of immense pride and joy for Lyallpur Khalsa College, Kapurthala that its meritorious students have brought laurels to the in...