Sunday, 27 October 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਨੂੰ ਸਮਰਪਿਤ ਕਰਵਾਇਆ ਸੈਮੀਨਾਰ

 


ਵਿੱਦਿਆ ਦੇ ਖ਼ੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ  ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਸੰਜੀਵ ਗਾਬਾ, ਸੀਨੀਅਰ ਡਾਇਰੈਕਟਰ (  ਆਈ. ਟੀ. ਨੈਸ਼ਨਲ ਇਨਫਰਮੈਟਿਕ ਸੈਂਟਰ, ਚੰਡੀਗੜ੍ਹ, ਭਾਰਤ ਸਰਕਾਰ) ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਸ਼੍ਰੀ ਸੰਜੀਵ ਗਾਬਾ ਨੂੰ ਜੀ ਆਇਆਂ ਆਖਦਿਆਂ, ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਾਇਆ।  ਮੁੱਖ ਰਿਸੋਰਸ ਪਰਸਨ ਸ਼੍ਰੀ ਸੰਜੀਵ ਗਾਬਾ  ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਦੋ ਵੱਖ ਵੱਖ ਸੰਸਾਰਾਂ ਵਿੱਚ ਰਹਿੰਦੇ ਹਾਂ ਇੱਥੇ ਭੌਤਿਕ ਸੰਸਾਰ ਹੈ,  ਜਿਸ ਵਿੱਚ ਅਸੀਂ ਸਰੀਰਿਕ ਤੌਰ ਤੇ ਮੌਜ਼ੂਦ ਹਾਂ ਅਤੇ ਡਿਜ਼ੀਟਲ ਸੰਸਾਰ ਜਿੱਥੇ ਅਸੀਂ ਮਾਨਸਿਕ ਤੌਰ ਤੇ ਮੌਜ਼ੂਦ ਹਾਂ।  ਸਾਡੇ ਰੋਜ਼ਾਨਾ ਜੀਵਨ ਵਿੱਚ ਤਕਨਾਲੋਜੀ ਇੱਕ ਬੁਨਿਆਦੀ ਭੂਮਿਕਾ ਨਿਭਾਉਂਦੀ ਹੈ ਅਤੇ ਨਿੱਜੀ ਜਾਣਕਾਰੀ ਅਤੇ ਸੰਵੇਦਨਸ਼ੀਲ ਡੈਟਾ ਦੀ ਸੁਰੱਖਿਆ ਬਾਰੇ ਸੂਚਿਤ ਅਤੇ ਕਿਰਿਆਸ਼ੀਲ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਅਪਰਾਧਿਕ ਗਤੀਵਿਧੀ ਹੈ ਜੋ ਕੰਪਿਊਟਰ ਨੈਟਵਰਕ ਜਾਂ ਨੈਟਵਰਕ ਵਾਲੇ ਜੰਤਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਜ਼ਿਆਦਾਤਰ ਸਾਈਬਰ ਅਪਰਾਧ ਸਾਈਬਰ ਅਪਰਾਧੀਆਂ ਜਾਂ ਹੈਕਰਾਂ ਦੁਆਰਾ ਕੀਤੇ ਜਾਂਦੇ ਹਨ ਜੋ ਪੈਸਾ ਕਮਾਉਣਾ ਚਾਹੁੰਦੇ ਹਨ ਹਾਲਾਂਕਿ ਕਦੇ ਕਦਾਈਂ ਸਾਈਬਰ ਕ੍ਰਾਈਮ ਦਾ ਉਦੇਸ਼ ਲਾਭ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਕੰਪਿਊਟਰ ਜਾਂ ਨੈਟਵਰਕਾਂ ਨੂੰ ਨੁਕਸਾਨ ਪਹੁੰਚਾਉਣਾ ਵੀ ਹੋ ਸਕਦਾ ਹੈ। ਉਹਨਾਂ  ਦੱਸਿਆ ਕਿ ਸਾਈਬਰ ਕਰਾਈਮ ਤੋਂ ਬਚਣ   ਲਈ ਤੁਸੀਂ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ। ਸੋਸ਼ਲ ਮੀਡੀਆ ਸੈਟਿੰਗਾਂ ਦਾ ਪ੍ਰਬੰਧਨ ਕਰੋ, ਆਪਣੇ ਨੈਟਵਰਕ ਨੂੰ ਮਜ਼ਬੂਤ ਕਰੋ ਅਤੇ ਬੱਚਿਆਂ ਨੂੰ ਇੰਟਰਨੈਟ ਦੀ ਵਰਤੋਂ ਕਰਨ ਬਾਰੇ ਜਾਗਰੂਕ ਕਰੋ।

ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਸਾਈਬਰ ਅਪਰਾਧ ਵਿਅਕਤੀਆਂ ਜਾਂ ਸੰਸਥਾਵਾਂ ਦੁਆਰਾ ਕੀਤੇ ਜਾ ਸਕਦੇ ਹਨ। ਕੁਝ ਸਾਈਬਰ ਅਪਰਾਧੀ ਸੰਗਠਿਤ ਹਨ ਅਤੇ ਉੱਨਤ ਤਕਨੀਕਾਂ ਦੀ ਵਰਤੋਂ ਕਰਦੇ ਹਨ। ਇਸਦਾ ਫੋਕਸ ਚਾਰ ਮੁੱਖ ਵਿਵਹਾਰਾਂ 'ਤੇ ਹੈ: ਮਲਟੀ-ਫੈਕਟਰ ਪ੍ਰਮਾਣਿਕਤਾ ਨੂੰ ਸਮਰੱਥ ਬਣਾਉਣਾ, ਮਜ਼ਬੂਤ ਪਾਸਵਰਡ ਦੀ ਵਰਤੋਂ ਕਰਨਾ, ਸੌਫਟਵੇਅਰ ਅੱਪਡੇਟ ਕਰਨਾ  ਅਤੇ ਫਿਸ਼ਿੰਗ ਨੂੰ ਪਛਾਣਨਾ ਤੇ ਰਿਪੋਰਟ ਕਰਨਾ। ਉਹਨਾਂ ਕਿਹਾ ਕਿ ਸਾਈਬਰ ਸੁਰੱਖਿਆ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਡੇ ਵਿੱਚੋਂ ਹਰ ਇੱਕ ਸੁਰੱਖਿਅਤ ਡਿਜ਼ੀਟਲ ਵਾਤਾਵਰਣ ਵਿੱਚ ਯੋਗਦਾਨ ਪਾ ਸਕਦਾ ਹੈ। ਅਸੀਂ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਹੋ ਕੇ, ਜਾਗਰੂਕਤਾ ਪੈਦਾ ਕਰ ਸਕਦੇ ਹਾਂ, ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰ ਸਕਦੇ ਹਾਂ ਅਤੇ ਸਾਈਬਰ ਲਚਕੀਲੇਪਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਇਸ ਮੌਕੇ  ਸਾਈਬਰ ਸੁਰੱਖਿਆ ਜਾਗਰੂਕਤਾ ਮਹੀਨੇ ਨੂੰ ਸਮਰਪਿਤ ਲੇਖ ਮੁਕਾਬਲੇ ਕਰਵਾਏ ਗਏ, ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਮੁੱਖ ਰਿਸੋਰਸ ਪਰਸਨ ਨੂੰ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਨਮਾਨ ਚਿੰਨ੍ਹ ਭੇਟ ਕੀਤਾ। ਅੰਤ ਵਿੱਚ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਨੇ  ਮੁੱਖ ਰਿਸੋਰਸ  ਪਰਸਨ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਸੈਮੀਨਾਰ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿ...