Monday 4 December 2023

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਵਾਏ ਇੰਟਰ-ਸਕੂਲ ਕਵਿਜ਼ ਮੁਕਾਬਲੇ

   

ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਸਟੇਟ, ਕਪੂਰਥਲਾ ਦੀ  ਪੰਜਾਬੀ ਸਾਹਿਤ ਸਭਾ ਵੱਲੋਂ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇੰਟਰ-ਸਕੂਲ ਕਵਿਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ 50 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਐਮ ਡੀ ਐਸ ਡੀ ਪਬਲਿਕ ਸਕੂਲ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ, ਦੂਜਾ ਸਥਾਨ ਮੰਡੀ ਹਾਰਡਿੰਗ ਗੰਜ ਗਰਲਜ਼ ਹਾਈ ਸਕੂਲ ਦੀ ਵਿਦਿਆਰਥਣ ਮਹਿਕ ਨੇ ਅਤੇ ਤੀਜਾ ਸਥਾਨ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪ੍ਰਾਪਤ ਕੀਤਾ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹੋਣ ਤੋਂ ਇਲਾਵਾ, ਉਨ੍ਹਾਂ ਨੂੰ ਅੱਜ ਵੀ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਧਾਰਮਿਕ ਸੁਧਾਰਕ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਆਰਥਿਕ ਅਤੇ ਸਮਾਜਿਕ ਨਾ-ਬਰਾਬਰੀ ਦੀ ਨਾ ਕੇਵਲ ਆਵਾਜ਼ ਹੀ ਬੁਲੰਦ ਕੀਤੀ, ਸਗੋਂ ਅਮਲੀ ਤੌਰ ‘ਤੇ ਮਲਿਕ ਭਾਗੋ ਵਰਗਿਆਂ ਦਾ ਸਾਥ ਨਾ ਦੇ ਕੇ ਭਾਈ ਲਾਲੋ ਵਰਗੇ ਕਿਰਤੀਆਂ ਨੂੰ ਪਹਿਲ ਦਿੱਤੀ।  ਅੱਜਕੱਲ੍ਹ ਵਿਸ਼ਵੀਕਰਣ ਦੇ ਯੁੱਗ ਵਿਚ ਮਨੁੱਖੀ ਕਦਰਾਂ-ਕੀਮਤਾਂ ਵਿਚ ਕਾਫ਼ੀ ਨਿਘਾਰ ਆ ਗਿਆ ਹੈ ਅਤੇ ਇਸ ਦੇ ਸੁਧਾਰ ਲਈ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ  ਗੁਰੂ ਸਾਹਿਬ ਵੱਲੋਂ ਉਚਾਰੀਆਂ ਗਈਆਂ ਵੱਖ-ਵੱਖ ਪੰਕਤੀਆਂ ਰਾਹੀਂ ਧਾਰਮਿਕ ਸਹਿਣਸ਼ੀਲਤਾ, ਚੰਗੇ ਇਨਸਾਨ ਬਣਨ, ਚੰਗੀ ਜੀਵਨ-ਜਾਚ ਅਪਨਾਉਣ, ਲੰਗਰ, ਪੰਗਤ ਤੇ ਸੰਗਤ ਆਦਿ ਦੀ ਵਿਸਥਾਰ ਪੂਰਵਕ ਚਰਚਾ ਕੀਤੀ। ਉਨਾਂ  ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਗਗਨਦੀਪ ਕੌਰ ਸਾਹੀ ਵੀ ਮੌਜ਼ੂਦ ਸਨ।

No comments:

Post a Comment

ਯੂਥ ਫੈਸਟੀਵਲ ਦੇ ਡੀ ਜ਼ੋਨ 'ਚੋ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਦੇ ਵਿਦਿਆਰਥੀਆਂ ਨੇ ਜਿੱਤੀ ਸੈਕਿੰਡ ਰੱਨਰਅਪ ਟਰਾਫ਼ੀ

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ,ਕਪੂਰਥਲਾ ਦੇ ਵਿਦਿਆਰਥੀ  ਅਕਾਦਮਿਕ ਖੇਤਰ ਦੇ ਨਾਲ ਨਾਲ, ਸੱਭਿਆਚਾਰਕ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਸੱਭਿਆਚਾਰਕ ਖੇਤਰ ਵਿੱਚ ਪ...