Tuesday, 12 July 2022

ਆਪੇ ਦੀ ਪਛਾਣ - A Beautiful Piece of Publication Shared By Prof Manjinder Singh Johal, Lyallpur Khalsa College, Kapurthala.


ਆਪੇ ਦੀ ਪਛਾਣ 

 ਪ੍ਰੋ: ਮਨਜਿੰਦਰ ਸਿੰਘ ਜੌਹਲ

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ

98159 78098

ਆਪੇ ਦੀ ਪਛਾਣ ਕਰਨਾ ਇਕ ਦਰਵੇਸ਼ ਮਨੁੱਖ ਦੇ ਲੱਛਣ ਹੁੰਦੇ ਹਨ। ਇਸ ਨਾਲ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਤੇ ਉੱਚੀਆਂ ਉਡਾਰੀਆਂ ਦੀ ਆਸ ਰੱਖੀ ਜਾ ਸਕਦੀ ਹੈ। ਗਿਆਨ ਦੀ ਰੌਸ਼ਨੀ ਵਿਚ ਮਨੁੱਖ ਨੂੰ ਸਮਾਜ ਵਿਚ ਵਿਚਰਨ ਦੀ ਸੋਝੀ ਪੈਦਾ ਹੁੰਦੀ ਹੈ ਅਤੇ ਆਪੇ ਦੀ ਪਛਾਣ ਦਾ ਅਮਲ ਸ਼ੁਰੂ ਹੁੰਦਾ ਹੈ। ਉਸ ਵਿਚ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਲੜਨ ਦੀ ਦਲੇਰੀ ਪੈਦਾ ਹੁੰਦੀ ਹੈ। ਆਪੇ ਦੀ ਪਛਾਣ, ਜੀਵਨ ਜਾਚ ਦਾ ਇਕ ਮਹੱਤਵਪੂਰਨ ਅੰਗ ਵੀ ਹੈ। ਜ਼ਿੰਦਗੀ ਦੀ ਕਿਤਾਬ ਦਾ ਅਧਿਐਨ ਆਪ ਹੀ ਕਰਨਾ ਚਾਹੀਦਾ ਹੈ ਤੇ ਆਪਣੇ ਅੰਦਰਲੇ ਸਦਗੁਣਾਂ ਨੂੰ ਵਿਕਸਤ ਕਰਨ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਮਨੁੱਖ ਦੀ ਸ਼ਖ਼ਸੀਅਤ ਉਸਦੇ ਅੰਦਰੂਨੀ ਵਰਤਾਰੇ ਅਤੇ ਵਿਸ਼ਵਾਸਾਂ ਦਾ ਬਾਹਰੀ ਪ੍ਰਗਟਾਵਾ ਹੁੰਦਾ ਹੈ ਅਤੇ ਉਸਦਾ ਵਰਤਾਓ ਸਿੱਧੇ ਰੂਪ ਵਿਚ ਉਸਦੇ ਦ੍ਰਿਸ਼ਟੀਕੋਣ ਦਾ ਹੀ ਕ੍ਰਿਆਸ਼ੀਲ ਰੂਪ ਹੁੰਦਾ ਹੈ। ਜੀਵਨ ਦਾ ਅਸਲੀ ਮਨੋਰਥ ਆਪਣੇ ਅਸਲ ਆਪੇ ਭਾਵ ਪਰਮਾਤਮਾ ਨੂੰ ਪਾਉਣਾ ਹੈ। ਪਰ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਮਨ ਵਿਚ ਸੱਚਾ ਵਿਸ਼ਵਾਸ ਹੋਵੇ। ਜੇਕਰ ਮਨ ਵਿਚ ਸੱਚਾ ਵਿਸ਼ਵਾਸ ਹੋਵੇਗਾ ਤਾਂ ਹੀ ਬੁੱਧੀ ਆਤਮ-ਗਿਆਨ, ਆਤਮ-ਰਸ ਅਤੇ ਦੈਵੀ ਸੰਜਮ ਨਾਲ ਭਰਪੂਰ ਹੋਵੇਗੀ। ਗੁਰਬਾਣੀ ਵਿਚ ਵੀ ਮਨੁੱਖ ਨੂੰ ਉਸ ‘ਅਸਲੇ’ ਨਾਲ ਸਾਂਝ ਪਾਉਣ ਤੇ ਆਪਣੇ ਮੂਲ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਗੁਰਬਾਣੀ ਦਾ ਫੁਰਮਾਨ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ (ਅੰਗ 441)
ਹਰ ਬੰਦਾ ਜੋਤ ਸਰੂਪ ਹੈ ਤੇ ਉਸ ਲਈ ਆਪਣਾ ਸਤ ਸਰੂਪ ਪਛਾਣਨਾਜ਼ਰੂਰੀ ਹੈ।

ਜੋਤ ਦੀ ਪਛਾਣ ਕਰਨ ਲਈ ਬੰਦੇ ਨੂੰ ਆਪਣੀ ਅਸਲੀਅਤ ਤੱਕ ਪਹੁੰਚਣਾ ਜ਼ਰੂਰੀ ਹੈ। ਸੂਫ਼ੀ ਕਵੀਆਂ ਦਾ ਮਾਰਗ ਵੀ ‘ਆਪਣੀ ਪਛਾਣ’ ਕਰਨ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਅਨੁਸਾਰ ਤੌਬਾ, ਸੰਜਮ ਤੇ ਤਿਆਗ ਪ੍ਰਮੁੱਖ ਤੌਰ ਤੇ ਆਤਮ-ਪਛਾਣ ਵਿਚ ਸਹਾਈ ਹੁੰਦੇ ਹਨ ਅਤੇ ਆਤਮ-ਪਛਾਣ ਰੱਬੀ ਪਛਾਣ ਦੇ ਸੰਦਰਭ ਵਿਚ ਵੀ ਲਾਭਦਾਇਕ ਹੈ।ਪੰਜਾਬੀ ਦੇ ਪ੍ਰਸਿੱਧ ਸੂਫ਼ੀ ਕਵੀ ਸ਼ਾਹ ਹੁਸੈਨ ਨੇ ਆਪਣੀ ਕਾਫ਼ੀ ਵਿਚ ਕਿਹਾ ਹੈ:
ਆਪ ਨੂੰ ਪਛਾਣ ਬੰਦੇ
ਜੇ ਤੁਧ ਆਪਣਾ ਆਪ ਪਛਾਤਾ
ਸਾਹਿਬ ਨੂੰ ਮਿਲਣ ਆਸਾਨ ਬੰਦੇ।

ਇਸ ਅਵਸਥਾ 'ਤੇ ਪਹੁੰਚ ਕੇ ਮਨੁੱਖ ਹਮੇਸ਼ਾ ਵਿਕਾਸ ਵਿਚ ਉੱਨਤ ਤੇ ਅਨੰਦਤ ਰਹਿੰਦਾ ਹੈ ਕਿਉਂਕਿ ਉਸਦੇ ਜੀਵਨ ਵਿਚ ਗਿਆਨ, ਪ੍ਰੇਮ, ਸੁੰਦਰਤਾ, ਪਵਿੱਤਰਤਾ, ਆਜ਼ਾਦੀ, ਸਚਾਈ ਅਤੇ ਸ਼ਕਤੀ ਆਦਿ ਵਰਗੇ ਦੈਵੀ ਗੁਣ ਪ੍ਰਫੁੱਲਤ ਹੁੰਦੇ ਹਨ ਤੇ ਉਹ ਇਹ ਗੁਣ ਪ੍ਰਾਪਤ ਕਰਕੇ ਆਪਣੇ ਜੀਵਨ ਸੋਮੇ ਤੋਂ ਸਦੀਵੀ ਪ੍ਰਸੰਨਤਾ ਦਾ ਅੰਮ੍ਰਿਤ ਵਰਸਾਉਂਦੇ ਹਨ। ਇਸ ਲਈ ਬਾਬਾ ਫ਼ਰੀਦ ਵੀ ਮਨੁੱਖ ਨੂੰ ਸਭ ਚਤੁਰਾਈਆਂ ਛੱਡ ਕੇ ਆਪਣੇ ਅੰਦਰ ਝਾਤੀ ਮਾਰਨ ਤੇ ਆਪਣਾ ਆਪ ਸਵਾਰਨ ਲਈ ਉਪਦੇਸ਼ ਦਿੰਦੇ ਹਨ ਕਿ:
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖੁ॥ (ਅੰਗ 1378 )

ਮਨ ਦੇ ਅੰਦਰ ਖ਼ਿਆਲ, ਜਜ਼ਬੇ ਤੇ ਇਰਾਦੇ ਦੀਆਂ ਅਨੇਕਾਂ ਸ਼ਕਤੀਆਂ ਭਰਪੂਰ ਹਨ। ਇਨ੍ਹਾਂ ਸ਼ਕਤੀਆਂ ਨੂੰ ਮਨੁੱਖ ਤਦ ਹੀ ਪ੍ਰਫੁੱਲਤ ਤੇ ਵਿਕਸਤ ਕਰ ਸਕਦਾ ਹੈ, ਜਦੋਂ ਉਹ ਆਪੇ ਦੀ ਪਛਾਣ ਕਰਨ ਦੇ ਸਮਰੱਥ ਹੋ ਸਕੇ।

ਇਨ੍ਹਾਂ ਸ਼ਕਤੀਆਂ ਨੂੰ ਸੰਜਮ ਵਿਚ ਰੱਖ ਕੇ ਮਨੁੱਖ ਮਾਨਸਿਕ, ਆਤਮਕ ਤੇ ਅਧਿਆਤਮਕ ਬਲ ਪ੍ਰਾਪਤ ਕਰਕੇ ਆਪਣੇ ਅਸਲੇ ਨੂੰ ਅਨੁਭਵ ਕਰ ਲੈਂਦਾ ਹੈ। ਮਨੁੱਖ ਆਪਣੀ ਸ਼ਖ਼ਸੀਅਤ ਤੇ ਆਚਰਨ ਦੀ ਪੂਰਨ ਉੱਨਤੀ ਤੇ ਵਿਕਾਸ ਕਰਕੇ ਜੀਵਨ ਦੇ ਸੰਪੂਰਨ ਅਰਥ ਵੀ ਸਮਝ ਲੈਂਦਾ ਹੈ। ਆਪੇ ਦੀ ਪਛਾਣ ਹੋ ਜਾਣ ਤੋਂ ਬਾਅਦ ਹੀ ਮਨੁੱਖ ਨੂੰ ਜਗਤ ਦੀ ਅਸਲੀਅਤ ਦਾ ਪੂਰਨ ਅਨੁਭਵ ਹੁੰਦਾ ਹੈ ਅਤੇ ਉਹ ਅਕਲ ਅੰਦਰ ਛੁਪੇ ਹੋਏ ਗਿਆਨ ਨੂੰ ਸੁਰਜੀਤ ਅਤੇ ਪ੍ਰਫੁੱਲਤ ਕਰ ਸਕਦਾ ਹੈ। ਪਰ ਇਹ ਕੰਮ ਮਨ ਨੂੰ ਜਿੱਤਣ ਤੋਂ ਬਿਨਾਂ ਸੰਭਵ ਨਹੀਂ, ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ “ਮਨਿ ਜੀਤੇ ਜਗੁ ਜੀਤੁ॥” ਭਾਵ ਆਪਣਾ ਮਨ ਜਿੱਤਣ ਲਈ ਕਿਹਾ ਕਿਉਂਕਿ ਇਸ ਤੋਂ ਬਾਅਦ ਹੀ ਸਭ ਜੱਗ ਨੂੰ ਜਿੱਤਿਆ ਜਾ ਸਕਦਾ ਹੈ। ਅਜਿਹਾ ਗੁਣ ਆਪ ਹੀ ਲੱਭਣਾ ਤੇ ਮਿਥਣਾ ਹੁੰਦਾ ਹੈ ਤੇ ਫਿਰ ਅਚੇਤ ਮਨ, ਸਮੱਸਿਆਵਾਂ ਦੇ ਹੱਲ ਲੱਭਣ ਲਈ ਆਪਣੇ-ਆਪ ਹੀ ਕਾਰਜਸ਼ੀਲ ਹੋ ਜਾਂਦਾ ਹੈ। ਮਨੁੱਖ ਨੂੰ ਸਦੀਵੀਂ ਆਨੰਦ ਦੀ ਪ੍ਰਾਪਤੀ ਵੀ ਆਪਣੇ ਅੰਦਰ ਝਾਤੀ ਮਾਰਨ 'ਤੇ ਹੀ ਹੋ ਸਕਦੀ ਹੈ ਪਰ ਦੁਖਦਾਈ ਗੱਲ ਇਹ ਹੈ ਕਿ ਅੱਜ ਦਾ ਮਨੁੱਖ ਇਸ ਸਦੀਵੀਂ ਆਨੰਦ ਨੂੰ ਸੰਸਾਰ ਦੀਆਂ ਨਾਸ਼ਵਾਨ ਵਸਤਾਂ, ਰਸਮਾਂ-ਰੀਤਾਂ ਤੇ ਝੂਠੀਆਂ ਮੁਹੱਬਤਾ ਵਿਚੋਂ ਲੱਭਦਾ ਫਿਰਦਾ ਹੈ।ਪੰਜਾਬੀ ਦੇ ਪ੍ਰਸਿੱਧ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ ਵੀ ਆਪਣੀ ਕਵਿਤਾ ‘ਆਨੰਦ’ ਵਿਚ ਮਨੁੱਖ ਨੂੰ ਇਸ ਰੂਹਾਨੀ ਆਨੰਦ ਦੀ ਪ੍ਰਾਪਤੀ ਲਈ ਹਰ ਪ੍ਰਕਾਰ ਦੀਆਂ ਤੰਗਦਿਲੀਆਂ ਦਾ ਤਿਆਗ ਕਰਨ ਅਤੇ ਇਨ੍ਹਾਂ ਤੋਂ ਆਜ਼ਾਦ ਹੋ ਕੇ ਆਪਣੇ ਅੰਦਰ ਟਿਕਣ ਲਈ ਕਹਿੰਦੇ ਹਨ:
ਅੰਦਰ ਠਹਿਰਾਉ ਪੈਦਾ ਕਰ
ਟਿਕਾਅ ਪੈਦਾ ਕਰ
ਜਦ ਤੂੰ ਅਜ਼ਾਦ ਹੋ ਕੇ ਟਿਕੇਗਾ
ਤੇਰੇ ਅੰਦਰ
ਆਨੰਦ ਇਉਂ ਲਿਸ਼ਕੇਗਾ
ਜਿਉਂ
ਟਿਕੇ ਹੋਏ ਨਿਰਮਲ ਤਲਾਅ ਵਿਚ
ਸੂਰਜ ਦਾ ਜਲਵਾ।

ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਵਾਲਾ ਮਨੁੱਖ ਹੀ ਸੰਪੂਰਨ ਮਨੁੱਖ ਹੈ। ਇਕ ਵਿਅਕਤੀ ਦਾ ਨੈਤਿਕ ਅਥਵਾ ਸਦਾਚਾਰਕ ਹੋਣਾ, ਉਸਦੇ ਚੰਗੇ ਕੰਮਾਂ ਦਾ ਨਿਚੋੜ ਹੈ।ਆਪੇ ਦੀ ਪਛਾਣ ਲਈ ਆਤਮ ਸ਼ੁੱਧੀ ਦਾ ਮਾਰਗ ਅਪਣਾਉਣਾ ਚਾਹੀਦਾ ਹੈ। ਇਹ ਆਪਣੇ ਸਦਾਚਾਰ ਨੂੰ ਉੱਨਤ ਕਰਨ ਅਤੇ ਆਂਤਰਿਕ ਤੇ ਬਾਹਰੀ ਜੀਵਨ ਦੀ ਉਸਾਰੀ ਹੈ ਕਿਉਂਕਿ ਬਾਹਰਮੁਖਤਾ ਵੱਲੋਂ ਅੰਤਰਮੁਖਤਾ ਵੱਲ ਦੀ ਯਾਤਰਾ ਆਤਮ-ਉੱਚਤਾ ਦੀ ਪ੍ਰਤੀਕ ਹੁੰਦੀ ਹੈ ਅਤੇ ਦੈਵੀ ਮਨੁੱਖ ਆਪਣੀ ਆਂਤਰਿਕ ਯਾਤਰਾ ਨਾਲ ਜੁੜਿਆ ਰਹਿੰਦਾ ਹੈ। ਆਪਣੇ-ਆਪ ਨੂੰ ਜਾਣਨ ਦੀ ਗਤੀ ਵੀ ਨਿਰੰਤਰ ਚੱਲਦੀ ਰਹਿੰਦੀ ਹੈ ਤੇ ਆਤਮ-ਵਿਕਾਸ ਦੀ ਪ੍ਰਕਿਰਿਆ ਕਿਸੇ ਪ੍ਰਕਾਰ ਦੀ ਖੜੋਤ ਨਾਲ ਸੰਬੰਧਿਤ ਨਹੀਂ। ਇਸ ਲਈ ਮਨੁੱਖ ਆਪਣੇ ਆਂਤਰਿਕ ਵਿਕਾਸ ਰਾਹੀਂ ਉਚੇਰੇ ਆਤਮਿਕ ਰੂਪ ਵਿਚ ਸਥਾਪਿਤ ਹੋਣ ਦੇ ਸਮਰੱਥ ਹੈ ਤੇ ਆਤਮ-ਸ਼ੁੱਧੀ ਦੀ ਸਥਿਤੀ ਵਿਚ ਹੀ ਆਪੇ ਦੀ ਪਛਾਣ ਹੋ ਸਕਦੀ ਹੈ।

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਅਤੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਮੀਟਿੰਗ ਸਫਲਤਾ ਪੂਰਵਕ ਸੰਪੰਨ

  ਡੀ ਈ ੳ ਸੈਕੰਡਰੀ ਦਲਜਿੰਦਰ ਕੌਰ  ਨੇ ਸਕੂਲਾਂ ‘ਚ ਕਿਸ਼ੌਰਾਂ ਦੇ ਮਨੋਭਾਵ ਨੂੰ ਸਮਝਣ ਲਈ ਪ੍ਰੇਰਿਆ| ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ...