ਵਿਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿੱਚ ਨਵੇਂ ਵਿਦਿਅਕ ਸੈਸ਼ਨ ਦੇ ਆਗਾਜ਼ ਮੌਕੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਿੱਖਣ, ਅਨੁਸ਼ਾਸਨ ਅਤੇ ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਾਲਜ ਦੀ ਵਿਰਾਸਤ ਅਤੇ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਇਸ ਪ੍ਰੰਪਰਾ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਅਕਾਦਮਿਕ ਕਲੰਡਰ, ਸੱਭਿਆਚਾਰਕ ਸਰਗਰਮੀਆਂ, ਸਮੈਸਟਰ ਪ੍ਰਣਾਲੀ ਅਧੀਨ ਘਰੇਲੂ ਪਰੀਖਿਆਵਾਂ, ਇੰਟਰਨਲ ਅਸੈਂਸਮੈਂਟ, ਕੌਮੀ ਸੇਵਾ ਯੋਜਨਾ, ਰੈੱਡ ਰਿਬਨ ਕਲੱਬ, ਪੰਜਾਬੀ ਸਾਹਿਤ ਸਭਾ ਆਦਿ ਦੀਆਂ ਸਰਗਰਮੀਆਂ, ਕਾਲਜ ਵਿਚ ਚੱਲ ਰਹੇ ਹੋਰ ਕਲੱਬ ਤੇ ਸੁਸਾਇਟੀਆਂ, ਵੱਖ ਵੱਖ ਵਜ਼ੀਫਾ ਸਕੀਮਾਂ, ਕਾਲਜ ਮੈਗ਼ਜ਼ੀਨ, ਐਂਟੀ ਰੈਗਿੰਗ ਸੈਂਲ ਤੇ ਵੁਮੈਂਨ ਸੈਂਲ ਆਦਿ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਲਜ ਦੀ ਵੈਂਬਸਾਈਟ ਤੇ ਵਿਦਿਆਰਥੀਆਂ ਨਾਲ ਸੰਬੰਧਿਤ ਜਾਣਕਾਰੀ ਉਪਲੱਬਧ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਲਜ ਦੀ ਐਂਡਰਾਇਡ ਐਪ ਉਪਰ ਵੀ ਵਿਦਿਆਰਥੀਆਂ ਦੇ ਰੋਲ ਨੰਬਰ, ਟਾਈਮ ਟੇਬਲ ਤੇ ਹੋਰ ਸਰਗਰਮੀਆਂ ਦਾ ਵੇਰਵਾ, ਵਿਦਿਆਰਥੀ ਆਪਣੇ ਮੋਬਾਈਲ ਫੋਨ ਤੇ ਵੀ ਵੇਖ ਸਕਦੇ ਹਨ। ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਨਿਯਮਾਂ, ਕੌਂਸਲਿੰਗ ਸਹਾਇਤਾ, ਸ਼ਿਕਾਇਤ ਨਿਵਾਰਣ ਪ੍ਰਣਾਲੀ, ਅਤੇ ਕਾਲਜ ਵਿੱਚ ਉਪਲੱਬਧ ਸੱਭਿਆਚਾਰਕ ਤੇ ਖੇਡ ਗਤੀਵਿਧੀਆਂ ਬਾਰੇ ਵੀ ਵਿਸ਼ੇਸ਼ ਸੈਸ਼ਨ ਰਾਹੀਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਵਿਦਿਆਰਥੀਆਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਨਵੇਂ ਵਿਦਿਆਰਥੀਆਂ ਲਈ ਕਾਲਜ ਜੀਵਨ ਦੌਰਾਨ ਸੁਚੱਜੀ ਤਰੀਕੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ, ਪ੍ਰੋ. ਅਮਨਦੀਪ ਕੌਰ ਚੀਮਾ, ਪ੍ਰੋ. ਦਮਨਜੀਤ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਇੰਦਰਪ੍ਰੀਤ ਸਿੰਘ, ਪ੍ਰੋ. ਮਨਜੋਤ ਕੌਰ ਅਤੇ ਪ੍ਰੋ. ਜਸਪ੍ਰੀਤ ਕੌਰ ਆਦਿ ਇੰਚਾਰਜ-ਅਧਿਆਪਕਾਂ ਨੇ ਸੰਬੋਧਨ ਕੀਤਾ।
ਇਸ ਓਰੀਐਂਟੇਸ਼ਨ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਢਾਂਚੇ, ਸੁਵਿਧਾਵਾਂ, ਨਿਯਮ ਕਾਨੂੰਨਾਂ ਅਤੇ ਕੈਂਪਸ ਦੇ ਸਮੁੱਚੇ ਵਾਤਾਵਰਨ ਨਾਲ ਜਾਣੂ ਕਰਵਾਉਣਾ ਸੀ।
ਪ੍ਰੋਗਰਾਮ ਦੇ ਅੰਤ 'ਚ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਪ੍ਰੋ. ਮਨਜੋਤ ਕੌਰ ਨੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ,
ਇਸ ਤਰ੍ਹਾਂ ਇਹ ਓਰੀਐਂਟੇਸ਼ਨ ਪ੍ਰੋਗਰਾਮ ਵਿਦਿਆਰਥੀਆਂ ਲਈ ਉਨ੍ਹਾਂ ਦੀ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ, ਜਿਸ ਨੇ ਉਨ੍ਹਾਂ ਵਿਚ ਕਾਲਜ ਪ੍ਰਤੀ ਇਕ ਲਗਾਅ ਅਤੇ ਉਤਸ਼ਾਹ ਪੈਦਾ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਵਰਿੰਦਰ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ।