Monday, 23 December 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਊਰਜਾ ਦੀ ਸੰਭਾਲ ਬਾਰੇ ਕਰਵਾਏ ਭਾਸ਼ਣ ਮੁਕਾਬਲੇ

 

ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ  ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਈਕੋ ਕਲੱਬ ਅਤੇ ਰੈੱਡ ਰਿਬਨ ਕਲੱਬ ਨੇ ਰਾਸ਼ਟਰੀ ਊਰਜਾ ਬੱਚਤ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ, ਜਿਸ ਵਿੱਚ ਕਾਲਜ ਦੇ 35  ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਦੌਰਾਨ ਪਹਿਲਾ ਸਥਾਨ ਵਿਦਿਆਰਥਣ ਪਲਕ ਨੇ, ਦੂਸਰਾ ਸਥਾਨ ਪ੍ਰੇਰਨਾ ਅਤੇ ਤੀਸਰਾ ਸਥਾਨ ਵੰਸ਼ਕਾਂ ਨੇ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ ਨੇ ਵਧਾਈ ਦਿੰਦਿਆਂ ਕਿਹਾ ਕਿ  ਨਵਿਆਉਣਯੋਗ ਊਰਜਾ ਦੀ ਵਰਤੋਂ ਨਾਲ ਕੁਦਰਤੀ ਸਰੋਤਾਂ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਵਾਤਾਵਰਨ ਨੂੰ ਬਚਾਉਣ ਲਈ ਨਵੀਂ ਤਕਨੀਕ ਦੀ ਵਰਤੋਂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ, ਗਲੀਆਂ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ 'ਤੇ ਸੋਲਰ ਲਾਈਟਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਅਤੇ ਜੇਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਧਰਤੀ ਪਾਣੀ ਦੀ ਲਪੇਟ ਵਿੱਚ ਆ ਜਾਵੇਗੀ। ਉਨ੍ਹਾਂ ਅੱਜ ਰਾਸ਼ਟਰੀ ਊਰਜਾ ਬੱਚਤ ਦਿਵਸ ਦੇ ਮੌਕੇ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਤੇ ਅਗਾਂਹਵਧੂ ਭਵਿੱਖ ਲਈ ਬਿਜਲੀ ਦੇ ਰੂਪ ’ਚ ਊਰਜਾ ਬਚਾਉਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਬਿਜਲੀ ਕੌਮੀ ਸਰਮਾਇਆ ਹੈ ਅਤੇ ਇਸ ਦੀ ਬੱਚਤ ਕਰਨਾ ਦੇਸ਼ ਦੇ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਦੇ ਰੂਪ ’ਚ ਬੁਨਿਆਦੀ ਫ਼ਰਜ਼ ਨਿਭਾਉਣ ਦੇ ਬਰਾਬਰ ਹੈ। ਇਸ ਲਈ ਇਹ ਦੇਸ਼ ਦੇ ਸਾਰੇ ਨਾਗਰਿਕਾਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਬਿਜਲੀ ਦੀ ਬੱਚਤ ਕਰਨ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ। ਊਰਜਾ ਦੀ ਖ਼ਪਤ ਘੱਟ ਕਰਨ ਨਾਲ ਨਾ ਸਿਰਫ਼ ਵਿਅਕਤੀਗਤ ਵਿੱਤੀ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਸਗੋਂ ਦੇਸ਼ ਦੇ ਨਿਰਮਾਣ 'ਚ ਵੀ ਮਦਦ ਮਿਲੇਗੀ। ਈਕੋ ਕਲੱਬ ਅਤੇ ਰੈੱਡ ਰਿਬਨ ਕਲੱਬ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬਿਜਲੀ ਦੀ ਬੱਚਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ’ਚ ਇੱਕ ਕਰੋੜ ਤੋਂ ਵੱਧ ਵੱਖ-ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰ ਹਨ।  ਜੇਕਰ ਹਰ ਬਿਜਲੀ ਖਪਤਕਾਰ ਰੋਜ਼ਾਨਾ ਇੱਕ ਯੂਨਿਟ ਬਿਜਲੀ ਦੀ ਬੱਚਤ ਕਰੇ ਤਾਂ ਇਹ ਬਿਜਲੀ ਦੇ ਰੂਪ ਵਿੱਚ ਅਤੇ ਆਰਥਿਕ ਤੌਰ ਤੇ  ਵੱਡੀ ਬੱਚਤ ਦਾ ਰੂਪ ਧਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜ ਸਰਕਾਰਾਂ ਪਹਿਲਾਂ ਹੀ ਭਾਰੀ ਬਿਜਲੀ ਸਬਸਿਡੀਆਂ ਦਾ ਭੁਗਤਾਨ ਕਰ ਰਹੀਆਂ ਹਨ ਜੋ ਕਿ ਸਰਕਾਰੀ ਖਜ਼ਾਨੇ ਤੇ ਸੈਂਕੜੇ ਕਰੋੜ ਰੁਪਏ ਦਾ ਭਾਰ ਪੈਂਦਾ ਹੈ, ਤਾਂ ਬਿਜਲੀ ਖਪਤਕਾਰਾਂ ਲਈ ਸਮਝਦਾਰੀ ਨਾਲ ਬਿਜਲੀ ਦੀ ਵਰਤੋਂ ਕਰਨਾ ਵਧੇਰੇ ਸਮਝਦਾਰੀ ਵਾਲੀ ਗੱਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੱਚਤ ਦਾ ਸਿੱਧਾ ਲਾਭ ਸਰਕਾਰਾਂ ਨੂੰ ਹੋਵੇਗਾ ਤੇ ਇਸ ਲਈ ਬੱਚਤ ਫੰਡਾਂ ਨੂੰ ਲੋਕਾਂ ਦੇ ਵੱਡੇ ਭਲੇ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਊਰਜਾ ਪੈਦਾ ਕਰਨ ਦੇ ਨਵਿਆਉਣਯੋਗ ਤਰੀਕਿਆਂ ਜਿਵੇਂ ਕਿ ਸੋਲਰ ਪੈਨਲ ਲਗਾਉਣਾ ਅਤੇ ਸੋਲਰ ਕੁੱਕਰਾਂ ਆਦਿ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉੱਤਰੀ ਭਾਰਤ ਵਿੱਚ ਸਾਡੇ ਕੋਲ ਇੱਕ ਸਾਲ ਵਿੱਚ ਲਗਭਗ 280 ਦਿਨ ਸੂਰਜ ਤੋਂ ਭਰਪੂਰ ਸੂਰਜੀ ਊਰਜਾ ਉਪਲੱਬਧ ਹੈ, ਇਸ ਲਈ ਥੋੜ੍ਹੇ ਜਿਹੇ ਯਤਨਾਂ ਅਤੇ ਬਹੁਤ ਘੱਟ ਖਰਚੇ ਨਾਲ ਅਸੀਂ ਇਸ ਊਰਜਾ ਨੂੰ ਵਰਤੋਂ ਵਿੱਚ ਲਿਆ ਸਕਦੇ ਹਾਂ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਦਮਨਜੀਤ ਕੌਰ ਨੇ ਸਨਮਾਨਿਤ ਵੀ ਕੀਤਾ।

Wednesday, 4 December 2024

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ|


ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੁਆਰਾ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਪੱਕਾ ਕਰਨ ਲਈ  ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ। ਇਸੇ ਲੜੀ ਤਹਿਤ  ਕਾਲਜ ਦੇ ਵਿਦਿਆਰਥੀਆਂ ਲਈ ਪੇਰੈਂਟਸ-ਟੀਚਰ ਮੀਟਿੰਗ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਸਬੰਧਤ ਅਧਿਆਪਕਾਂ ਨਾਲ ਆਪਣਿਆਂ ਬੱਚਿਆਂ ਦੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ।

ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਮੌਕੇ ਹਰੇਕ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਉੱਤੇ ਪੜ੍ਹਾਈ ਅਤੇ ਨਿੱਜੀ ਪੱਖ ਤੋਂ ਨਿਗਰਾਨੀ ਰੱਖਣਾ ਅਤੇ ਉਨ੍ਹਾਂ ਦੀਆਂ ਖ਼ੂਬੀਆਂ ਖਾਮੀਆਂ ਨੂੰ ਸਮਝਣ ਦਾ ਮੌਕਾ ਦੇਣਾ, ਕਾਲਜ ਦਾ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਪੀ ਟੀਮ ਐਮ  ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਕਾਲਜ ਵਿੱਚ ਕਿਸ ਤਰ੍ਹਾਂ ਪੜ੍ਹ ਰਹੇ ਹਨ ਤੇ ਕਿੰਨੇ ਨੰਬਰ ਲੈ ਕੇ ਆ ਰਹੇ ਹਨ ਤੇ ਕਿਹੜੇ ਸਬਜੈਕਟ ਵਿੱਚ ਉਹ ਕਮਜ਼ੋਰ ਹਨ।  ਹਰੇਕ ਮਾਪੇ ਦੁਆਰਾ ਪ੍ਰਿੰਸੀਪਲ ਡਾ. ਢਿੱਲੋਂ ਵੱਲੋਂ ਲਿਆਂਦੇ ਗਏ ਸਟੂਡੈਂਟ ਫਰੈਂਡਲੀ ਸੁਧਾਰਾਂ ਦੀ ਵੀ ਪ੍ਰਸ਼ੰਸਾ ਕੀਤੀ ਗਈ।  ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸੰਵਾਦ ਰਚਾਉਣ ਦਾ ਇੱਕ ਕਾਰਗਰ ਮਾਧਿਅਮ ਹੈ। ਜਿੱਥੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਸਿੱਖਿਆ ਸੰਬੰਧੀ ਪ੍ਰਤੀਕਿਰਿਆ ਅਤੇ ਉੱਚਿਤ ਸਲਾਹ ਦੀ ਪ੍ਰਾਪਤੀ ਹੁੰਦੀ ਹੈ। ਉੱਥੇ ਮਾਪਿਆਂ ਨੂੰ  ਕਾਲਜ ਦੀਆਂ ਗਤੀਵਿਧਿਆਂ ਅਤੇ ਪ੍ਰਾਪਤੀਆਂ ਨੂੰ ਜਾਣਨ ਦਾ ਮੌਕਾ ਵੀ ਮਿਲਦਾ ਹੈ। ਇਸ ਦੇ ਨਾਲ ਹੀ ਇਸ ਸਫ਼ਲ ਆਯੋਜਨ ਲਈ ਸਮੂਹ ਆਯੋਜਕ ਮੰਡਲ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਮਿਹਨਤ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੰਦਿਆਂ,  ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਅੰਤ ਵਿੱਚ ਡੀਨ, ਸਟੂਡੈਂਟਸ ਵੈਲਫੇਅਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਆਏ ਹੋਏ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਹਾਜ਼ਰ ਸਨ।

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਊਰਜਾ ਦੀ ਸੰਭਾਲ ਬਾਰੇ ਕਰਵਾਏ ਭਾਸ਼ਣ ਮੁਕਾਬਲੇ

  ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ  ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਾਲਜ ਦੇ ਈਕੋ ਕਲੱਬ ਅਤੇ ਰੈੱਡ ਰਿਬਨ ਕਲੱਬ ਨੇ ਰਾਸ਼ਟਰੀ ਊਰਜਾ ਬੱਚਤ ਦਿਵਸ ਨ...